IMG-LOGO
Home News index.html
ਫਿਲਮਾਂ

ਦਲੇਰ ਧੀਆਂ ਦੀ ਕਹਾਣੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’

by Admin - 2025-08-09 23:33:11 0 Views 0 Comment
IMG
ਤਕਰੀਬਨ ਦੋ ਕੁ ਸਾਲ ਪਹਿਲਾਂ ਫਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਆਈ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਨਿਰਦੇਸ਼ਕ ਅਵਤਾਰ ਸਿੰਘ ਪਹਿਲੀ ਫਿਲਮ ਦਾ ਦੂਜਾ ਭਾਗ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’ ਲੈ ਕੇ ਆਏ ਹਨ। ਇਹ ਸਮਾਜ ਦੀ ਤੰਗ-ਸੋਚ ਤੋਂ ਪਰੇਸ਼ਾਨ ਇੱਕ ਅਜਿਹੇ ਬਾਪ ਦੀ ਤਰਸਯੋਗ ਕਹਾਣੀ ਪੇਸ਼ ਕਰਦੀ ਹੈ ਜੋ ਪਤਨੀ ਦੀ ਮੌਤ ਤੋਂ ਬਾਅਦ ਆਪਣੀਆਂ ਚਾਰ ਧੀਆਂ ਨੂੰ ਪਾਲਦਾ ਹੈ, ਉਨ੍ਹਾਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਦਿੰਦਾ ਹੈ ਅਤੇ ਦੋ-ਮੂੰਹੇ ਸਮਾਜ ਨਾਲ ਲੜਨ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ। ਇਸ ਬਾਪ ਨੂੰ ਸਮਾਜ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਵੇਂ ਧੀਆਂ ਵੱਡੀਆਂ ਹੋ ਕੇ ਆਪਣੇ ਬਾਪ ਦਾ ਸਹਾਰਾ ਬਣਦੀਆਂ ਹਨ ਅਤੇ ਸਮਾਜ ਨਾਲ ਲੜਨ ਦੀ ਦਲੇਰੀ ਵਿਖਾਉਂਦੀਆਂ ਹਨ, ਇਰ ਸਭ ਫਿਲਮ ਵਿੱਚ ਬੜੀ ਭਾਵਕੁਤਾ ਨਾਲ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਜਿੱਥੇ ਦਾਜ ਦੇ ਲੋਭੀ ਸਮਾਜ ਦੇ ਮੂੰਹ ’ਤੇ ਕਰਾਰੀ ਚਪੇੜ ਮਾਰਦੀ ਹੈ, ਉੱਥੇ ਹੀ ਔਰਤ ਨੂੰ ਬੱਚੇ ਜੰਮਣ ਦੀ ਮਸ਼ੀਨ ਸਮਝਣ ਵਾਲਿਆਂ ਨੂੰ ਨਸੀਹਤ ਦਿੰਦੀ ਹੋਈ, ਉਨ੍ਹਾਂ ਲੋਕਾਂ ਨੂੰ ਵੀ ਲਾਹਨਤਾਂ ਪਾਉਂਦੀ ਹੈ ਜੋ ਮੁੰਡੇ ਦੇ ਲਾਲਚ-ਵੱਸ ਧੀਆਂ ਦਾ ਕੁੱਖਾਂ ’ਚ ਕਤਲ ਕਰਵਾਉਂਦੇ ਹਨ। ਇਸ ਫਿਲਮ ਦਾ ਨਿਰਮਾਤਾ ਰੰਜੀਵ ਸਿੰਗਲਾ ਹੈ ਜਿਸ ਨੇ ਹਮੇਸ਼ਾਂ ਪਰਿਵਾਰ ਤੇ ਸਮਾਜਿਕ ਵਿਸ਼ੇ ਦੀਆਂ ਫਿਲਮਾਂ ਦਿੱਤੀਆਂ ਹਨ। ਇਹ ਵੀ ਧੀਆਂ ਦੇ ਹੱਕ ਦੀ ਗੱਲ ਕਰਦੀ ਇੱਕ ਪਰਿਵਾਰਕ ਫਿਲਮ ਹੈ। ਇਸ ਵਿੱਚ ਕਰਮਜੀਤ ਅਨਮੋਲ, ਰਾਜ ਧਾਲੀਵਾਲ, ਸੁਖਵਿੰਦਰ ਰਾਜ, ਏਕਤਾ ਗੁਲਾਟੀ ਖੇੜ੍ਹਾ, ਗੁਨਵੀਨ ਮਨਚੰਦਾ, ਅਵਨੂਰ, ਮੰਨਤ ਸ਼ਰਮਾ, ਪੂਜਾ ਗਾਵੇ, ਐਰੀ ਗਿੱਲ, ਬਲਜਿੰਦਰ ਕੌਰ ਅਤੇ ਜਗਤਾਰ ਸਿੰਘ ਬੈਨੀਪਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਕਰਮਜੀਤ ਅਨਮੋਲ ਦੀ ਅਦਾਕਾਰੀ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ ਕਿ ਉਹ ਕਾਮੇਡੀ ਹੀ ਨਹੀਂ ਬਲਕਿ ਹਰ ਤਰ੍ਹਾਂ ਦਾ ਕਿਰਦਾਰ ਨਿਭਾਅ ਸਕਦਾ ਹੈ। ਏਕਤਾ, ਗੁਨਵੀਨ ਮਨਚੰਦਾ, ਅਵਨੂਰ, ਮੰਨਤ ਸ਼ਰਮਾ ਨੇ ਵੀ ਧੀਆਂ ਦੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਅਵਤਾਰ ਸਿੰਘ ਵੱਲੋਂ ਲਿਖੀ ਇਸ ਫਿਲਮ ਦੀ ਕਹਾਣੀ ਦਾ ਸਕਰੀਨ ਪਲੇਅ ਤੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਫਿਲਮ ਦੇ ਗੀਤ ਗੁਰਵਿੰਦਰ ਮਾਨ, ਜੱਗੀ ਜਗਸੀਰ, ਗੁਰੀ ਬਲਿੰਗ ਨੇ ਲਿਖੇ ਹਨ ਜਿਨ੍ਹਾਂ ਨੂੰ ਕਰਮਜੀਤ ਅਨਮੋਲ, ਨਛੱਤਰ ਗਿੱਲ, ਰਜਾ ਹੀਰ ਅਤੇ ਅਨਮੋਲ ਵਿਰਕ ਨੇ ਗਾਇਆ ਹੈ। ਫਿਲਮ ਦਾ ਸੰਗੀਤ ਆਰ.ਆਰ. ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ। ਫਿਲਮ ਦੱਸਦੀ ਹੈ ਕਿ ਕੁੜੀਆਂ, ਚਿੜੀਆਂ ਵਰਗੀਆਂ ਹੁੰਦੀਆਂ ਨੇ, ਬਾਜ਼ਾਂ ਦੇ ਡਰ ਤੋਂ ਇਨ੍ਹਾਂ ਨੂੰ ਕੈਦ ਨਾ ਕਰੋ, ਇਨ੍ਹਾਂ ਨੂੰ ਉੱਡਣ ਵਾਸਤੇ ਖੁੱਲ੍ਹਾ ਅਸਮਾਨ ਦਿਓ। ਫਿਲਮ ਵੇਖਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਮੁੰਡਿਆਂ ਵਾਲੇ ਫਰਜ਼ ਨਿਭਾਉਣ ਵਾਲੀਆਂ ਧੀਆਂ ਹੋਣ ਤਾਂ ਬਾਪੂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ।

Leave a Comment

Your email address will not be published. Required fields are marked *