ਰਾਏ-ਖ਼ਬਰਾਂ
ਔਰਤਾਂ ਨੂੰ ਵਿਸ਼ੇਸ਼ ਭੋਜਨ ਦੀ ਲੋੜ
Ashwani Chatrath
ਜ਼ਿੰਦਗੀ ਦੀਆਂ ਵੱਖ-ਵੱਖ ਅਵਸਥਾਵਾਂ ਵਿੱਚ ਸਾਡੀਆਂ ਭੋਜਨ ਜ਼ਰੂਰਤਾਂ ਬਦਲਦੀਆਂ ਰਹਿੰਦੀਆਂ ਹਨ। ਭੋਜਨ ਲੋੜਾਂ ਬਦਲਣ ਨਾਲ ਸਾਨੂੰ ਆਪਣੀ ਖ਼ੁਰਾਕ ਵਿੱਚ ਵੀ ਤਬਦੀਲੀ ਲਿਆਉਣੀ ਜ਼ਰੂਰੀ ਹੋ ਜਾਂਦੀ ਹੈ। ਇੱਕ ਔਰਤ ਆਪਣੇ ਪੂਰੇ ਪਰਿਵਾਰ ਦੀਆਂ ਖ਼ੁਰਾਕੀ ਲੋੜਾਂ ਨੂੰ ਪੂਰਾ ਕਰਨ ਲਈ ਹਰ ਵੇਲੇ ਯਤਨਸ਼ੀਲ ਰਹਿੰਦੀ ਹੈ, ਪਰ ਇਹ ਵੀ ਸਮਝਣ ਦੀ ਲੋੜ ਹੈ ਕਿ ਇੱਕ ਔਰਤ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਭਾਵ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਜਿਵੇਂ-ਜਿਵੇਂ ਉਸ ਦੀ ਸਰੀਰਕ ਬਣਤਰ ਬਦਲਦੀ ਹੈ ਜਾਂ ਉਸ ਨੂੰ ਵਿਸ਼ੇਸ਼ ਹਾਲਤਾਂ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਉਸ ਦੇ ਨਾਲ ਹੀ ਉਸ ਦੀਆਂ ਭੋਜਨ ਜ਼ਰੂਰਤਾਂ ਵੀ ਬਦਲ ਜਾਂਦੀਆਂ ਹਨ। ਅਜਿਹੇ ਬਦਲੇ ਹੋਏ ਹਾਲਾਤ ਵਿੱਚ ਉਸ ਨੂੰ ਅਤੇ ਪੂਰੇ ਪਰਿਵਾਰ ਨੂੰ ਉਸ ਦੇ ਭੋਜਨ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਸਮਝਣ ਦੀ ਲੋੜ ਹੈ ਕਿ ਇੱਕ ਔਰਤ ਦੇ ਸਰੀਰ ਵਿੱਚ ਆ ਰਹੀਆਂ ਹਾਰਮੋਨਲ, ਸਰੀਰਕ, ਭਾਵਨਾਤਮਕ ਅਤੇ ਢਾਹ-ਉਸਾਰੂ ਤਬਦੀਲੀਆਂ ਦੇ ਮੱਦੇਨਜ਼ਰ ਉਸ ਦੇ ਸਰੀਰ ਨੂੰ ਵੱਖ-ਵੱਖ ਅਤੇ ਵਿਸ਼ੇਸ਼ ਤੱਤਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਭੋਜਨ ਵਿੱਚ ਤਬਦੀਲੀਆਂ ਲਿਆ ਕੇ ਪੂਰਾ ਕੀਤਾ ਜਾ ਸਕਦਾ ਹੈ। ਜਿਵੇਂ ਕਿ ਔਰਤਾਂ ਨੂੰ ਭਾਵੇਂ ਆਦਮੀਆਂ ਨਾਲੋਂ ਘੱਟ ਕੈਲੋਰੀਜ਼ ਦੀ ਲੋੜ ਹੁੰਦੀ ਹੈ, ਪਰ ਵਿਟਾਮਿਨਾਂ ਅਤੇ ਖਣਿਜਾਂ ਦੀ ਜ਼ਰੂਰਤ ਆਦਮੀਆਂ ਨਾਲੋਂ ਜ਼ਿਆਦਾ ਹੁੰਦੀ ਹੈ। ਜਨਮ ਤੋਂ ਲੈ ਕੇ ਪਹਿਲੇ ਛੇ ਮਹੀਨਿਆਂ ਤੱਕ ਤਾਂ ਸਾਰੇ ਬੱਚਿਆਂ ਭਾਵ ਲੜਕੇ ਅਤੇ ਲੜਕੀਆਂ ਲਈ ਮਾਂ ਦਾ ਦੁੱਧ ਹੀ ਪੌਸ਼ਟਿਕ ਅਤੇ ਗੁਣਕਾਰੀ ਭੋਜਨ ਮੰਨਿਆ ਜਾਂਦਾ ਹੈ ਅਤੇ ਇਹ ਬੱਚਿਆਂ ਲਈ ਵਰਦਾਨ ਵੀ ਸਾਬਤ ਹੁੰਦਾ ਹੈ। ਛੇ ਮਹੀਨੇ ਤੋਂ ਇੱਕ ਸਾਲ ਦਰਮਿਆਨ ਬੱਚਿਆਂ ਦੀ ਖ਼ੁਰਾਕ ਵਿੱਚ ਦੁੱਧ ਦੇ ਨਾਲ-ਨਾਲ ਸਭ ਤਰ੍ਹਾਂ ਦਾ ਅਰਧ-ਠੋਸ ਭੋਜਨ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਫਲ ਅਤੇ ਪਕਾਈਆਂ ਗਈਆਂ ਸਬਜ਼ੀਆਂ (ਫੇਹ ਕੇ), ਦਹੀਂ, ਦਾਲਾਂ ਦਾ ਪਾਣੀ, ਸ਼ਹਿਦ, ਉਬਲੇ ਅੰਡੇ (ਫੇਹ ਕੇ) ਅਤੇ ਉਬਲੇ ਚੌਲਾਂ ਦਾ ਪਾਣੀ ਬੱਚਿਆਂ ਲਈ ਫਾਇਦੇਮੰਦ ਹੋ ਸਕਦੇ ਹਨ। ਧਿਆਨ ਰੱਖਿਆ ਜਾਵੇ ਕਿ ਸਖ਼ਤ ਠੋਸ ਭੋਜਨ ਛੋਟੇ ਬੱਚਿਆਂ ਲਈ ਅੰਦਰ ਲੰਘਾਉਣੇ ਮੁਸ਼ਕਲ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਠੋਸ ਭੋਜਨ ਖਵਾਉਂਦਿਆਂ ਸਾਵਧਾਨੀ ਰੱਖੀ ਜਾਏ। ਮਾਹਿਰਾਂ ਵੱਲੋਂ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਬੋਤਲ ਵਰਤਣ ਤੋਂ ਮਨਾਹੀ ਕੀਤੀ ਗਈ ਹੈ। ਖ਼ੁਰਾਕ ਸਬੰਧੀ ਮਾਹਿਰਾਂ ਵੱਲੋਂ ਬੱਚੇ ਦੇ ਹਫ਼ਤਾਵਾਰੀ ਭੋਜਨ ਵਿੱਚ ਵੰਨ-ਸੁਵੰਨਤਾ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇੱਕ ਵਾਰ ਜਦੋਂ ਬੱਚਾ ਠੋਸ ਭੋਜਨ ਖਾਣਾ ਸ਼ੁਰੂ ਕਰ ਦੇਵੇ ਤਾਂ ਉਸ ਨੂੰ ਘਰ ਵਿੱਚ ਬਣਦਾ ਹਰ ਤਰ੍ਹਾਂ ਦਾ ਤਾਜ਼ਾ ਅਤੇ ਪੌਸ਼ਟਿਕ ਭੋਜਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਤੋਂ ਉਸ ਨੂੰ ਸੰਤੁਲਿਤ ਖੁਰਾਕ ਮਿਲ ਸਕੇ। ਲੜਕੀਆਂ ਵਿੱਚ ਵਿਸ਼ੇਸ਼ ਤਰ੍ਹਾਂ ਦੇ ਭੋਜਨ ਦੀ ਲੋੜ ਉਨ੍ਹਾਂ ਦੀ ਕਿਸ਼ੋਰ ਅਵਸਥਾ ਤੋਂ ਸ਼ੁਰੂ ਹੋ ਜਾਂਦੀ ਹੈ। ਬਾਰਾਂ ਕੁ ਸਾਲ ਦੀ ਉਮਰ ਵਿੱਚ ਲੜਕੀਆਂ ਵਿੱਚ ਅਨੇਕਾਂ ਸਰੀਰਕ, ਮਾਨਸਿਕ ਅਤੇ ਜੈਵਿਕ ਤਬਦੀਲੀਆਂ ਆਉਂਦੀਆਂ ਹਨ। ਇਹ ਅਵਸਥਾ ਉਨ੍ਹਾਂ ਦੀਆਂ ਸਮਾਜਿਕ ਅਤੇ ਭਾਵਨਾਤਮਕ ਤਬਦੀਲੀਆਂ ਦੀ ਵੀ ਹੁੰਦੀ ਹੈ। ਇਸ ਪੜਾਅ ਵਿੱਚ ਬੱਚੀਆਂ ਦੇ ਭੋਜਨ ਵਿੱਚ ਪ੍ਰੋਟੀਨ, ਕੈਲਸ਼ੀਅਮ, ਲੋਹਾ ਅਤੇ ਵਿਟਾਮਿਨ ਉਚਿਤ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਇਨ੍ਹਾਂ ਤੱਤਾਂ ਦੀ ਪੂਰਤੀ ਲਈ ਬੱਚੀਆਂ ਦੇ ਭੋਜਨ ਵਿੱਚ ਦੁੱਧ, ਆਂਡੇ, ਪਨੀਰ, ਹਰੀਆਂ ਸਬਜ਼ੀਆਂ, ਦਾਲਾਂ, ਬਰੋਕਲੀ, ਸਲਾਦ ਅਤੇ ਫਲਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਕਿਸ਼ੋਰ ਬੱਚੀਆਂ ਦੇ ਮਾਪਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਉਮਰ ਦੀਆਂ ਲਾਡਲੀਆਂ ਦੇ ਕੁਪੋਸ਼ਣ ਨਾਲ ਇੱਕ ਪਾਸੇ ਜਿੱਥੇ ਉਨ੍ਹਾਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ, ਉੱਥੇ ਦੂਜੇ ਪਾਸੇ ਆਉਣ ਵਾਲੇ ਸਮੇਂ ਉਨ੍ਹਾਂ ਨੂੰ ਪਰਿਵਾਰਕ ਤੌਰ ’ਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੱਚੀਆਂ ਦੀਆਂ ਮਹਾਵਾਰੀ ਦੀਆਂ ਅਵਸਥਾਵਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਭੋਜਨ ਨੂੰ ਸੰਤੁਲਿਤ ਬਣਾਉਣਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ। ਲੜਕੀਆਂ ਦੇ ਰੋਜ਼ਾਨਾ ਜੀਵਨ ਵਿੱਚ ਹਾਰਮੋਨਲ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਸੰਤੁਲਿਤ ਖੁਰਾਕ ਇਨ੍ਹਾਂ ਤਬਦੀਲੀਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦਾ ਹੈ। ਸਰੀਰ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਇਰਨ ਭਾਵ ਲੋਹਾ ਯੁਕਤ ਭੋਜਨ ਜਿਵੇਂ ਮਟਰ, ਬਰੋਕਲੀ, ਪਾਲਕ, ਚੁਕੰਦਰ, ਫਲੀਆਂ ਅਤੇ ਕਾਜੂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਔਰਤਾਂ ਵਿੱਚ ਥਕਾਵਟ ਮਹਿਸੂਸ ਕਰਨ ਦੀ ਸ਼ਿਕਾਇਤ ਅਕਸਰ ਵੇਖੀ ਜਾਂਦੀ ਹੈ। ਆਇਰਨ ਤੱਤ ਦੀ ਕਮੀ ਨੂੰ ਪੂਰਾ ਕਰਕੇ ਇਸ ਮੁਸ਼ਕਿਲ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਗਰਭ ਅਵਸਥਾ ਦਾ ਸਮਾਂ ਕਿਸੇ ਵੀ ਔਰਤ ਦੇ ਜੀਵਨ ਦਾ ਬੇਹੱਦ ਵਿਸ਼ੇਸ਼ ਅਤੇ ਸੰਤੁਸ਼ਟੀਜਨਕ ਅਨੁਭਵ ਵਾਲਾ ਪੜਾਅ ਹੁੰਦਾ ਹੈ। ਇਸ ਦੌਰਾਨ ਔਰਤ ਅਤੇ ਉਸ ਅੰਦਰ ਪਲ ਰਹੇ ਬੱਚੇ ਲਈ ਕੈਲਸ਼ੀਅਮ, ਲੋਹਾ, ਪ੍ਰੋਟੀਨ ਅਤੇ ਵਿਟਾਮਿਨਾਂ ਦੀ ਖਾਸ ਕਰਕੇ ਲੋੜ ਹੁੰਦੀ ਹੈ। ਇਨ੍ਹਾਂ ਦੀ ਪੂਰਤੀ ਲਈ ਗਰਭਵਤੀਆਂ ਨੂੰ ਦੁੱਧ, ਦਹੀਂ, ਅੰਡੇ, ਮਟਰ, ਮੂੰਗਫਲੀ, ਪਨੀਰ, ਸਾਬਤ ਅਨਾਜ, ਦਾਲਾਂ, ਭਰਪੂਰ ਮਾਤਰਾ ਵਿੱਚ ਪਾਣੀ, ਫਲ ਤੇ ਸਲਾਦ ਆਦਿ ਉਚਿਤ ਮਾਤਰਾ ਵਿੱਚ ਲੈਣੇ ਚਾਹੀਦੇ ਹਨ। ਬੱਚੇ ਦੇ ਜਨਮ ਤੋਂ ਬਾਅਦ ਬੱਚੇ ਦੀ ਮਾਂ ਦੇ ਭੋਜਨ ਦੀਆਂ ਲੋੜਾਂ ਹੋਰ ਵੀ ਵਿਸ਼ੇਸ਼ ਹੋ ਜਾਂਦੀਆਂ ਹਨ। ਇਸ ਦੌਰਾਨ ਉਸ ਨੂੰ ਰੁਟੀਨ ਦੇ ਭੋਜਨ ਦੇ ਨਾਲ-ਨਾਲ ਸੋਇਆਬੀਨ, ਦੁੱਧ, ਪੁੰਗਰੇ ਬੀਜ, ਹਰੀਆਂ ਸਬਜ਼ੀਆਂ, ਬਾਦਾਮ, ਫਲ, ਖਜੂਰ, ਦਹੀਂ, ਅੰਡੇ ਅਤੇ ਮਟਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਕਾਫ਼ੀ ਬਾਅਦ ਭਾਵ ਕਿ ਅਧਖੜ ਉਮਰ ਵਿੱਚ ਔਰਤਾਂ ਦੀ ਖ਼ੁਰਾਕ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮਾਹਵਾਰੀ ਖ਼ਤਮ ਹੋਣ ਮਗਰੋਂ ਉਨ੍ਹਾਂ ਵਿੱਚ ਹੱਡੀਆਂ ਦੀ ਘਣਤਾ ਅਤੇ ਮਜ਼ਬੂਤੀ ਘਟਣ ਲੱਗਦੀ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਨੂੰ ਖਾਸ ਕਰਕੇ ਭੋਜਨ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਦੋ ਪੌਸ਼ਕ ਤੱਤਾਂ ਨੂੰ ਭੋਜਨ ਵਿੱਚ ਸ਼ਾਮਿਲ ਕਰਕੇ ਅਤੇ ਸਰੀਰ ਨੂੰ ਗਤੀਸ਼ੀਲ ਰੱਖ ਕੇ ਫਰੈਕਚਰ ਅਤੇ ਹੱਡੀਆਂ ਦੀਆਂ ਦੂਜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਅਵਸਥਾ ਵਿੱਚ ਨਮਕ ਅਤੇ ਖੰਡ-ਘਿਓ ਦੀ ਵਰਤੋਂ ਘੱਟ ਅਤੇ ਤਾਜ਼ੇ ਫਲ, ਸਬਜ਼ੀਆਂ, ਦੁੱਧ, ਸਲਾਦ, ਫਲੀਆਂ, ਅੰਡੇ, ਹਰੀਆਂ ਸਬਜ਼ੀਆਂ, ਮੂੰਗਫਲੀ, ਰੇਸ਼ੇ ਵਾਲਾ ਭੋਜਨ ਭਾਵ ਸਾਬਤ ਅਨਾਜ, ਪਨੀਰ, ਬਰੋਕਲੀ, ਸੋਇਆਬੀਨ, ਗੋਭੀ ਤੇ ਛੋਲੇ ਆਦਿ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ।
ਜੇਕਰ ਬਿਰਧਾਂ ਦੀ ਗੱਲ ਕਰੀਏ ਤਾਂ ਸਿਆਣੀ ਉਮਰ ਦੇ ਲੋਕਾਂ ਵਿੱਚ ਲੱਤਾਂ ਦਰਦ, ਲੱਕ ਦਰਦ ਜਾਂ ਗੋਡੇ ਦਰਦ ਜਿਹੀਆਂ ਸ਼ਿਕਾਇਤਾਂ ਅਕਸਰ ਵੇਖਣ-ਸੁਣਨ ਨੂੰ ਮਿਲਦੀਆਂ ਹਨ ਜਾਂ ਫਿਰ ਬਲੱਡ ਪ੍ਰੈਸ਼ਰ ਹੋਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿੱਚ ਬਜ਼ੁਰਗਾਂ ਨੂੰ ਆਪਣੀ ਖ਼ੁਰਾਕ ਵਿੱਚ ਨਮਕ, ਖੰਡ ਅਤੇ ਘਿਓ ਦੀ ਮਾਤਰਾ ਨੂੰ ਘੱਟ ਕਰਕੇ ਘਿਓ ਰਹਿਤ ਦੁੱਧ, ਤਾਜ਼ੇ ਫਲ, ਪਾਲਕ, ਮੂੰਗਫਲੀ, ਸਲਾਦ, ਟਮਾਟਰ, ਖੁੰਭਾਂ, ਬਰੋਕਲੀ ਅਤੇ ਪੁੰਗਰੇ ਬੀਜ ਸੀਮਤ ਮਾਤਰਾ ਵਿੱਚ ਲੈਣੇ ਚਾਹੀਦੇ ਹਨ।
ਖੁਰਾਕ ਅਤੇ ਦਿਮਾਗ਼ੀ ਸਿਹਤ ਵਿੱਚ ਨੇੜੇ ਦਾ ਰਿਸ਼ਤਾ ਹੁੰਦਾ ਹੈ। ਮੱਛੀ, ਮੇਵੇ ਅਤੇ ਬੀਜਾਂ ਵਿੱਚ ਮਿਲਣ ਵਾਲੇ ਓਮੇਗਾ-3 ਫੈਟੀ ਐਸਿਡ ਦਿਮਾਗ਼ੀ ਸਿਹਤ ਨੂੰ ਮਜ਼ਬੂਤ ਕਰਦੇ ਹਨ ਅਤੇ ਚਿੰਤਾ ਜਿਹੇ ਨਾਂਹ ਪੱਖੀ ਵਿਚਾਰਾਂ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਔਰਤਾਂ ਵਿੱਚ ਡਿਪਰੈਸ਼ਨ ਭਾਵ ਉਦਾਸੀ ਦੀਆਂ ਸੰਭਾਵਨਾਵਾਂ ਵੀ ਘੱਟ ਜਾਂਦੀਆਂ ਹਨ। ਅਲਸੀ, ਅਖਰੋਟ ਅਤੇ ਚੀਆ ਬੀਜਾਂ ਤੋਂ ਮਿਲਣ ਵਾਲਾ ਓਮੇਗ-3 ਸਰੀਰ ਨੂੰ ਡੀਟਾਕਸ ਭਾਵ ਜ਼ਹਿਰੀਲੇ ਪਦਾਰਥਾਂ ਨੁੂੰ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਹੈ।