ਪੰਜਾਬ
ਹੋਲੇ-ਮਹੱਲੇ ਦੀਆਂ ਤਿਆਰੀਆਂ ਦਾ ਜਾਇਜ਼ਾ
ਬਾਬਾ ਬਲਬੀਰ ਸਿੰਘ ਨੇ ਪ੍ਰਸ਼ਾਸਨ ਨੂੰ ਰੰਗ ਸੁੱਟਣ ਵਾਲਿਆਂ ਖ਼ਿਲਾਫ਼ ਸਖਤੀ ਦੀ ਅਪੀਲ ਕੀਤੀ
ਸ੍ਰੀ ਅਾਨੰਦਪੁਰ ਸਾਹਿਬ
ਹੋਲਾ-ਮਹੱਲਾ ਤੋਂ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਅਦਿਤਿਆ ਡਚਲਵਾਲ, ਐੱਸ ਐੱਸ ਪੀ ਮਨਿੰਦਰ ਸਿੰਘ, ਐੱਸ ਡੀ ਐੱਮ ਜਸਪ੍ਰੀਤ ਸਿੰਘ, ਡੀ ਐੱਸ ਪੀ ਜਸ਼ਨਦੀਪ ਸਿੰਘ ਮਾਨ ਅਤੇ ਐੱਸ ਐੱਚ ਓ ਦਾਨਿਸ਼ਵੀਰ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੁੱਢਾ ਦਲ ਦੀ ਛਾਉਣੀ, ਨਿਹੰਗ ਸਿੰਘਾਂ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹੋਲਾ-ਮਹੱਲਾ ਮੌਕੇ ਸੁਰੱਖਿਆ, ਟਰੈਫਿਕ ਕੰਟਰੋਲ, ਸਫ਼ਾਈ ਅਤੇ ਹੋਰ ਪ੍ਰਬੰਧਾਂ ਸਬਾਰੇ ਚਰਚਾ ਹੋਈ। ਬਾਬਾ ਬਲਬੀਰ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਹੱਲੇ ਦੇ ਦਿਨ ਚਰਨ ਗੰਗਾ ਸਟੇਡੀਅਮ ਵਿੱਚ ਨਿਹੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਣ ਵਾਲੇ ਜੰਗੀ ਕਰਤੱਬਾਂ ਲਈ ਸੁਚੱਜੀ ਬੈਰੀਕੇਡਿੰਗ ਕੀਤੀ ਜਾਵੇ ਨਿਹੰਗ ਸਿੰਘ ਫੌਜਾਂ ਤੋਂ ਇਲਾਵਾ ਕਿਸੇ ਹੋਰ ਨੂੰ ਗੁਲਾਲ ਸੁੱਟਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਬਾਬਾ ਬਲਬੀਰ ਸਿੰਘ ਨੇ ਸ਼ਹਿਰ ਵਿੱਚ ਸੁਚਾਰੂ ਟਰੈਫਿਕ ਪ੍ਰਬੰਧ ਅਤੇ ਵਧੀਆ ਸਫ਼ਾਈ ਪ੍ਰਣਾਲੀ ਲਾਗੂ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ 4 ਮਾਰਚ ਨੂੰ ਜਦੋਂ ਨਿਹੰਗ ਸਿੰਘ ਫੌਜਾਂ ਮਹੱਲਾ ਸਜਾਉਣਗੀਆਂ, ਉਸ ਦਿਨ ਵਿਸ਼ੇਸ਼ ਤੌਰ ’ਤੇ ਇਹ ਯਕੀਨੀ ਬਣਾਇਆ ਜਾਵੇ ਕਿ ਚਰਨ ਗੰਗਾ ਸਟੇਡੀਅਮ ਤੱਕ ਪਹੁੰਚਣ ਦੌਰਾਨ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਮ ਨਾ ਲੱਗੇ। ਉਨ੍ਹਾਂ ਮੁੱਖ ਮੰਤਰੀ ਵੱਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਚਰਨ ਗੰਗਾ ਸਟੇਡੀਅਮ ਦੇ ਨਵੀਨੀਕਰਨ ਅਤੇ ਯੂਨੀਵਰਸਿਟੀ ਬਣਾਉਣ ਦੇ ਕੀਤੇ ਐਲਾਨਾਂ ’ਤੇ ਜਲਦੀ ਅਮਲ ਕਰਨ ਦੀ ਅਪੀਲ ਵੀ ਕੀਤੀ।