ਸੰਸਾਰ
ਇਜ਼ਰਾਇਲੀ ਹਮਲੇ ’ਚ ਇੰਟੈਲੀਜੈਂਸ ਮੰਤਰੀ ਹਲਾਕ
ਕੇਂਦਰੀ ਬੈਰੂਤ ’ਚ ਰਿਹਾਇਸ਼ੀ ਅਪਾਰਟਮੈਂਟਾਂ ’ਤੇ ਹਵਾਈ ਹਮਲੇ, ਪੱਤਰਕਾਰ ਸਣੇ 6 ਹਲਾਕ, 24 ਜ਼ਖ਼ਮੀ
ਦੁਬਈ,
ਇਜ਼ਰਾਈਲ ਨੇ ਇਰਾਨ ’ਤੇ ਅੱਧੀ ਰਾਤ ਨੂੰ ਕੀਤੇ ਹਮਲੇ ’ਚ ਮੁਲਕ ਦੇ ਇੰਟੈਲੀਜੈਂਸ ਮੰਤਰੀ ਇਸਮਾਈਲ ਖ਼ਤੀਬ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਖ਼ਤੀਬ ਦੀ ਹੱਤਿਆ ਦਾ ਐਲਾਨ ਕਰਦਿਆਂ ਕਿਹਾ ਕਿ ‘ਸਾਰੇ ਮੋਰਚਿਆਂ ਤੋਂ ਹੈਰਾਨੀਜਨਕ ਖ਼ਬਰਾਂ ਆਉਣ ਦੀ ਉਮੀਦ ਹੈ।’ ਕਾਟਜ਼ ਨੇ ਹਾਲਾਂਕਿ ਬਹੁਤੀ ਤਫ਼ਸੀਲ ਨਹੀਂ ਦਿੱਤੀ। ਖ਼ਤੀਬ ਦੀ ਹੱਤਿਆ ਤੋਂ ਪਹਿਲਾਂ ਇਜ਼ਰਾਈਲ ਨੇ ਮੰਗਲਵਾਰ ਨੂੰ ਇਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਤੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡਜ਼ ਬਾਸਿਜ ਮਿਲੀਸ਼ੀਆ ਦੇ ਮੁਖੀ ਗੁਲਾਮ ਰਜ਼ਾ ਸੁਲੇਮਾਨੀ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਲਾਰੀਜਾਨੀ ਦੇ ਜਨਾਜ਼ੇ ਮੌਕੇ ਤਹਿਰਾਨ ਦੇ ਇਨਕਲਾਬ ਚੌਕ ਵਿੱਚ ਵੱਡੀ ਗਿਣਤੀ ਲੋਕ ਹਾਜ਼ਰ ਸਨ।
ਇਜ਼ਰਾਈਲ ਤੇ ਇਰਾਨ ਵੱਲੋਂ ਇੱਕ-ਦੂਜੇ ਦੇ ਊਰਜਾ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਰ ਕੇ ਤੇਲ ਕੀਮਤਾਂ ਨੇ ਵੀ ਸ਼ੂਟ ਵੱਟੀ ਹੈ। ਇਸ ਦੌਰਾਨ ਇਰਾਨ ਨੇ ਬੁੱਧਵਾਰ ਤੜਕੇ ਇਜ਼ਰਾਈਲ ਤੇ ਗੁਆਂਢੀ ਖਾੜੀ ਮੁਲਕਾਂ ’ਤੇ ਹਮਲੇ ਕੀਤੇ ਹਨ। ਧਮਾਕਿਆਂ ਦੀ ਆਵਾਜ਼ ਯੂ ਏ ਈ, ਕਤਰ ਤੇ ਸਾਊਦੀ ਅਰਬ ਵਿੱਚ ਸੁਣੀ ਗਈ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਲਾਰੀਜਾਨੀ ਤੇ ਸੁਲੇਮਾਨੀ ਦੀ ਹੱਤਿਆ ਮਗਰੋਂ ਜਵਾਬੀ ਕਾਰਵਾਈ ਵਜੋਂ ਵੱਡੇ ਤੜਕੇ ਹਮਲੇ ਕਰਨ ਦੀ ਪੁਸ਼ਟੀ ਕੀਤੀ ਹੈ। ਬਹਿਰੀਨ ਨੇ ਕਿਹਾ ਕਿ ਇਰਾਨ ਨੇ ਟਾਪੂ ਸਾਮਰਾਜ ’ਤੇ ਮਿਜ਼ਾਈਲ ਤੇ ਡਰੋਨ ਦਾਗੇ। ਉੱਤਰੀ ਇਜ਼ਰਾਈਲ ਵਿੱਚ ਮਿਜ਼ਾਈਲ ਹਮਲਿਆਂ ਤੋਂ ਚੌਕਸ ਕਰਦੇ ਸਾਇਰਨ ਸੁਣਾਈ ਦਿੱਤੇ ਹਨ।
ਉੱਧਰ, ਇਜ਼ਰਾਈਲ ਨੇ ਵੀ ਲਿਬਨਾਨ ਦੇ ਕੇਂਦਰੀ ਬੈਰੂਤ ’ਚ ਰਿਹਾਇਸ਼ੀ ਅਪਾਰਟਮੈਂਟਾਂ ’ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿੱਚ ਛੇ ਵਿਅਕਤੀਆਂ ਦੇ ਮਾਰੇ ਜਾਣ ਤੇ 24 ਹੋਰਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਮ੍ਰਿਤਕਾਂ ਵਿੱਚ ਹਿਜ਼ਬੁੱਲਾ ਦੇ ਅਲ-ਮਾਨਰ ਟੈਲੀਵਿਜ਼ਨ ਦਾ ਪੱਤਰਕਾਰ ਮੁਹੰਮਦ ਸ਼ੈਰੀ ਤੇ ਉਸ ਦੀ ਪਤਨੀ ਸ਼ਾਮਲ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਜ਼ਰਾਇਲ ਹਵਾਈ ਹਮਲੇ ਵਿੱਚ ਕੇਂਦਰੀ ਬੈਰੂਤ ’ਚ 10 ਵਿਅਕਤੀ ਮਾਰੇ ਗਏ। ਇਸ ਦੌਰਾਨ ਇਰਾਕ ਨੇ ਕਿਹਾ ਕਿ ਉਸ ਨੇ ਕਿਰਕੁਕ ਸ਼ਹਿਰ ਤੋਂ ਪਾਈਪਲਾਈਨ ਜ਼ਰੀਏ ਤੁਰਕ ਬੰਦਰਗਾਹ ਸਿਹਾਨ ਨੂੰ ਤੇਲ ਦੀ ਬਰਾਮਦਗੀ ਸ਼ੁਰੂ ਕੀਤੀ ਹੈ। ਇਰਾਨ ਨੇ ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਲਈ ਜਾਸੂਸੀ ਕਰ ਰਹੇ ਸ਼ਖ਼ਸ, ਜਿਸ ਦੀ ਪਛਾਣ ਕੋਰੌਸ਼ ਕਿਵਾਨੀ ਵਜੋਂ ਦੱਸੀ ਗਈ ਹੈ, ਨੂੰ ਫਾਹੇ ਟੰਗ ਦਿੱਤਾ ਹੈ। ਇਸ ਵਿਅਕਤੀ ਨੇ ਮੋਸਾਦ ਨੂੰ ਸੰਵੇਦਨਸ਼ੀਲ ਟਿਕਾਣਿਆਂ ਦੀਆਂ ਤਸਵੀਰਾਂ ਤੇ ਜਾਣਕਾਰੀ ਦਿੱਤੀ ਸੀ। ਉਧਰ ਸਾਊਦੀ ਅਰਬ ਨੇ ਰਿਆਧ ਨੂੰ ਨਿਸ਼ਾਨਾ ਬਣਾ ਕੇ ਛੱਡੀ ਬੈਲਿਸਟਿਕ ਮਿਜ਼ਾਈਲ ਤੇ ਡਰੋਨਾਂ ਨੂੰ ਫੁੰਡਣ ਦਾ ਦਾਅਵਾ ਕੀਤਾ ਹੈ।