ਪੰਜਾਬ
ਮੁੱਖ ਮੰਤਰੀ ਤੋਂ ਸਵਾਲ ਪੁੱਛਣ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਡੱਕਿਆ
ਕਿਸਾਨਾਂ ਵੱਲੋਂ ਸਡ਼ਕ ’ਤੇ ਪ੍ਰਦਰਸ਼ਨ; ਅਧਿਕਾਰੀਆਂ ਨੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦੇ ਕੇ ਸ਼ਾਂਤ ਕੀਤਾ
ਧਰਮਕੋਟ
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਅੱਜ ‘ਆਪ’ ਦੀ ਕਿਲੀ ਚਾਹਲਾਂ ਰੈਲੀ ਵਿੱਚ ਵਿਰੋਧ ਜਤਾਉਣ ਜਾ ਰਹੇ ਕਿਸਾਨਾਂ ਦੇ ਵੱਡੇ ਕਾਫ਼ਲੇ ਨੂੰ ਪੁਲੀਸ ਨੇ ਰਸਤੇ ਵਿੱਚ ਹੀ ਰੋਕ ਲਿਆ। ਲੰਬੀ ਜੱਦੋ-ਜਹਿਦ ਤੋਂ ਬਾਅਦ ਵੀ ਜਦੋਂ ਕਿਸਾਨ ਕਾਫ਼ਲੇ ਨੂੰ ਅੱਗੇ ਜਾਣ ਨਾ ਦਿੱਤਾ ਗਿਆ ਤਾਂ ਕਿਸਾਨਾਂ ਨੇ ਸੜਕ ਉਪਰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਅੱਜ ਤੜਕਸਾਰ ਕਿਸਾਨਾਂ ਦਾ ਇਹ ਕਾਫ਼ਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬ੍ਰਾਹਮਕੇ ਦੀ ਅਗਵਾਈ ਹੇਠ ਕਿਸ਼ਨਪੁਰਾ ਕਲਾਂ ਦੇ ਗੁਰਦੁਆਰੇ ਤੋਂ ਅਰਦਾਸ ਕਰਕੇ ਜਿਉਂ ਹੀ ਬਾਹਰ ਨਿਕਲਿਆ ਤਾਂ ਪੁਲੀਸ, ਜਿਸ ਦੀ ਅਗਵਾਈ ਥਾਣਾ ਧਰਮਕੋਟ ਦੇ ਮੁਖੀ ਲਛਮਣ ਸਿੰਘ ਕਰ ਰਹੇ ਸਨ, ਕਾਫ਼ਲੇ ਦੀ ਗੱਡੀ ਅੱਗੇ ਖੜ੍ਹ ਗਏ। ਮਾਹੌਲ ਤਣਾਅਪੂਰਨ ਬਣਨ ਤੋਂ ਬਾਅਦ ਅਤੇ ਕਿਸਾਨਾਂ ਦੇ ਜੋਸ਼ ਨੂੰ ਦੇਖਦਿਆਂ ਪੁਲੀਸ ਨੂੰ ਰਾਹ ਛੱਡਣਾ ਪਿਆ। ਕੁਝ ਦੂਰੀ ’ਤੇ ਹੀ ਸਥਿਤ ਪਿੰਡ ਤਲਵੰਡੀ ਮੱਲੀਆਂ ਮੁੱਖ ਸੜਕ ਉਪਰ ਕੀਤੀ ਨਾਕੇਬੰਦੀ ਦੌਰਾਨ ਕਾਫ਼ਲੇ ਨੂੰ ਅੱਗੇ ਵਧਣ ਤੋਂ ਸਖ਼ਤੀ ਨਾਲ ਰੋਕ ਦਿੱਤਾ ਗਿਆ। ਇਸੇ ਦੌਰਾਨ ਕਿਸਾਨ ਆਗੂ ਉੱਥੇ ਹੀ ਧਰਨਾ ਲਗਾ ਕੇ ਬੈਠ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕੇਂਦਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਨੂੰ ਸੂਬੇ ਦੀ ਸਰਕਾਰ ਇੰਨ-ਬਿੰਨ ਲਾਗੂ ਕਰਨ ਦੀ ਦਿਸ਼ਾ ਵੱਲ ਕੰਮ ਕਰ ਰਹੀ ਹੈ। ਬਿਜਲੀ ਅਤੇ ਬੀਜ ਸੋਧ ਬਿੱਲ ਤੋਂ ਇਲਾਵਾ ਸੂਬੇ ਦੀ ਭੂਮੀ ਦਾ ਰਿਕਾਰਡ ਕੇਂਦਰ ਸਰਕਾਰ ਨੂੰ ਭੇਜਣ, ਸਿੱਖਿਆ ਨੀਤੀ ਲਾਗੂ ਕਰਨ, ਪੰਜਾਬ ਨੂੰ ਪੁਲੀਸ ਰਾਜ ਵਿੱਚ ਬਦਲਣ, ਮਨਰੇਗਾ ਕਾਨੂੰਨ ਦਾ ਭੋਗ ਪਾਉਣ ਤੋਂ ਇਲਾਵਾ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਮੁੱਦਿਆਂ ਨੂੰ ਲੈ ਕੇ ਅੱਜ ਰੈਲੀ ਵਿੱਚ ਪੁੱਜ ਕੇ ਮੁੱਖ ਮੰਤਰੀ ਤੋਂ ਸੁਆਲ ਪੁੱਛੇ ਜਾਣੇ ਸਨ। ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਪੁਲੀਸ ਦੀ ਸਖ਼ਤੀ ਨਾਲ ਰੋਕਣਾ, ਬੋਲਣ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਰਾਣਾ ਰਣਬੀਰ ਸਿੰਘ, ਏਕਤਾ ਆਜ਼ਾਦ ਯੂਨੀਅਨ ਦੇ ਸੂਬਾ ਆਗੂ ਲਖਬੀਰ ਸਿੰਘ, ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਜਗਮੋਹਨ ਸਿੰਘ, ਜਥੇਬੰਦੀ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਦੇਵ ਸਿੰਘ ਸ਼ਾਹਵਾਲਾ ਹਾਜ਼ਰ ਸਨ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਭੇਜਿਆ, ਜਿਨ੍ਹਾਂ ਨੇ ਸਰਕਾਰ ਦੀ ਤਰਫੋਂ ਚਿੱਠੀ ਕਿਸਾਨ ਆਗੂਆਂ ਨੂੰ ਸੌਂਪੀ, ਜਿਸ ਵਿੱਚ ਕਿਸਾਨ ਮਜ਼ਦੂਰ ਮੋਰਚੇ ਵਲੋਂ ਉਠਾਏ ਗਏ ਮੁੱਦਿਆਂ ਨੂੰ ਹੱਲ ਕਰਨ ਲਈ ਉੱਚ ਅਧਿਕਾਰੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ 20 ਫਰਵਰੀ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਪ੍ਰਸ਼ਾਸਨ ਦੇ ਲਿਖਤੀ ਵਿਸ਼ਵਾਸ ਮਿਲਣ ਤੋਂ ਬਾਅਦ ਕਿਸਾਨ ਧਰਨਾ ਪ੍ਰਦਰਸ਼ਨ ਸਮਾਪਤ ਕਰਨ ਲਈ ਤਿਆਰ ਹੋਏ।