IMG-LOGO
Home News blog-detail-01.html
ਪੰਜਾਬ

ਬਿਨਾ ਸੰਤੋਖ ਨਹੀ ਕੋਊ ਰਾਜੈ

by Admin - 2026-01-23 23:54:46 0 Views 0 Comment
IMG
Dr. Gurdeep Singh Sandhu ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੀਵਨ ਦੀਆਂ ਮੂਲ ਪ੍ਰਵਿਰਤੀਆਂ ਹਨ। ਜੀਵਨ ਦੀ ਉਤਪਤੀ, ਪਣਪਣ ਅਤੇ ਸੁਭਾਇਮਾਨ ਹੋਣ ਵਿੱਚ ਇਨ੍ਹਾਂ ਪ੍ਰਵਿਰਤੀਆਂ ਦਾ ਬਹੁਤ ਅਹਿਮ ਯੋਗਦਾਨ ਰਿਹਾ ਹੈ। ਹੁਣ ਤੱਕ ਦੇ ਹੋਂਦ ਵਿੱਚ ਆਏ ਧਰਮ, ਸੱਭਿਆਚਾਰ ਅਤੇ ਵਿਚਾਰਧਾਰਾਵਾਂ ਮਨੁੱਖ ਨੂੰ ਆਪਣਾ ਜੀਵਨ ਸਹੀ ਢੰਗ ਨਾਲ ਜਿਉਣ ਲਈ, ਇਨ੍ਹਾਂ ਮੂਲ ਪ੍ਰਵਿਰਤੀਆਂ ਸੰਗ ਸਹਿਜ ਦਾ ਰਿਸ਼ਤਾ ਅਪਣਾ ਕੇ ਚੱਲਣ ਦੀ ਸਿੱਖਿਆ ਦਿੰਦੀਆਂ ਆ ਰਹੀਆਂ ਹਨ। ਸਹਿਜ ਮਾਰਗ ਇਨ੍ਹਾਂ ਸੋਚਾਂ ਵਿੱਚੋਂ ਹੀ ਪੈਦਾ ਹੋਇਆ ਹੈ। ਜਦੋਂ ਵੀ ਮਨੁੱਖ ਇਨ੍ਹਾਂ ਮੂਲ ਪ੍ਰਵਿਰਤੀਆਂ ਨੂੰ ਆਪਣੇ ਉੱਪਰ ਭਾਰੂ ਕਰ ਲੈਂਦਾ ਹੈ ਅਤੇ ਇਨ੍ਹਾਂ ਦੀ ਪੂਰਤੀ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲੈਂਦਾ ਹੈ ਤਦ ਉਹ ਕਈ ਭਟਕਣਾਵਾਂ, ਨਿਰਾਸ਼ਾਵਾਂ, ਸੰਕਟਾਂ, ਸਮੱਸਿਆਵਾਂ ਆਦਿ ਵਿੱਚ ਉਲਝ ਜਾਂਦਾ ਹੈ। ਇਹ ਸਾਰੀਆਂ ਪ੍ਰਵਿਰਤੀਆਂ ਮਨੁੱਖ ਨੂੰ ਬਹੁਤ ਲੁਭਾਵਣੇ ਢੰਗ ਨਾਲ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਲੋਭ ਇਨ੍ਹਾਂ ਵਿੱਚੋਂ ਇੱਕ ਅਹਿਮ ਪ੍ਰਵਿਰਤੀ ਹੈ। ਲੋਭ (ਲਾਲਚ) ਦੀਆਂ ਜੜਾਂ ਸਵਾਰਥ ਵਿੱਚ ਹੁੰਦੀਆਂ ਹਨ। ਜ਼ਿੰਦਗੀ ਜਿਉਣ ਲਈ ਸੁਆਰਥੀ ਬਣਨਾ ਪੈਂਦਾ ਹੈ, ਪਰ ਕੇਵਲ ਸੁਆਰਥ ਉੱਪਰ ਆਧਾਰਿਤ ਜ਼ਿੰਦਗੀ ਨੂੰ ਆਦਰਸ਼, ਖੂਬਸੂਰਤ ਅਤੇ ਸਫਲ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ। ਕੁੱਲੀ, ਗੁੱਲੀ ਅਤੇ ਜੁੱਲੀ (ਰੋਟੀ, ਕੱਪੜਾ ਅਤੇ ਮਕਾਨ) ਜੀਵਨ ਦੀਆਂ ਬੁਨਿਆਦੀ ਲੋੜਾਂ ਹਨ, ਇਨ੍ਹਾਂ ਨੂੰ ਪੂਰਾ ਕਰਨ ਦੀ ਇੱਛਾ ਕਰਨਾ ਹਰ ਮਨੁੱਖ ਦਾ ਅਧਿਕਾਰ ਹੈ ਜੋ ਉਸ ਦੇ ਸੁਆਰਥ ਵਿੱਚੋਂ ਪੈਦਾ ਹੋਇਆ ਹੈ। ਆਪਣੇ ਇਸ ਅਧਿਕਾਰ (ਸੁਆਰਥ) ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਵਾਜਬ ਹੈ ਅਤੇ ਇਹ ਸਕਾਰਾਤਮਕ ਸੁਆਰਥ ਹੈ। ਇਹ ਮਨੁੱਖ ਦੀ ਬੁਨਿਆਦੀ ਪ੍ਰਵਿਰਤੀ ਹੈ। ਆਪਣੇ ਇਸ ਸਵਾਰਥ ਦੀ ਪੂਰਤੀ ਲਈ ਜ਼ਰੂਰੀ ਨਹੀਂ ਕਿ ਮਨੁੱਖ ਦੂਸਰਿਆਂ ਲਈ ਦੁੱਖ ਪੈਦਾ ਕਰੇ ਜਾਂ ਆਪਣੀ ਜ਼ਿੰਦਗੀ ਦੀ ਸਹਿਜਤਾ ਨੂੰ ਹੀ ਨਸ਼ਟ ਕਰ ਲਵੇ। ਸਹਿਜ ਰਹਿੰਦਿਆਂ ਵੀ ਆਪਣੇ ਜੀਵਨ ਨੂੰ ਭਰਭੂਰ ਬਣਾਇਆ ਜਾ ਸਕਦਾ ਹੈ। ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੇ ਆਪ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ, ਜੀਵਨ ਜਿਉਣ ਦੀ ਕਲਾ ਸਿੱਖਣੀ ਚਾਹੀਦੀ ਹੈ, ਆਪਣੀ ਚਾਦਰ ਨੂੰ ਆਪਣੇ ਪਸਾਰੇ ਜਾਣ ਵਾਲੇ ਪੈਰਾਂ ਦੀ ਹਾਣੀ ਬਣਾਉਣ ਦੇ ਕਾਬਲ ਹੋਣਾ ਚਾਹੀਦਾ ਹੈ। ਚਾਦਰ ਅਤੇ ਪੈਰਾਂ ਵਿਚਕਾਰ ਸਮਤੋਲ ਸਿਰਜਣਾ ਪਵੇਗਾ। ਬਹੁਤ ਕੁਝ ਜੀਵਨ ਵਿੱਚ ਅਜਿਹਾ ਆਉਂਦਾ ਹੈ, ਜਿਸ ਤੋਂ ਮੁਤਾਸਿਰ ਹੋ ਚਾਦਰ ਛੋਟੀ ਲੱਗਣ ਲੱਗ ਜਾਂਦੀ ਹੈ। ਇਹ ਲਾਲਸਾ ਹੀ ਲਾਲਚ (ਲੋਭ) ਨੂੰ ਭੜਕਾਉਂਦੀ ਹੈ। ਲਾਲਸਾ ਦੀ ਭੱਠੀ ਤਪਣ ਤੋਂ ਬਾਅਦ ਫਿਰ ਸ਼ਾਂਤ ਨਹੀਂ ਹੁੰਦੀ। ਜੀਵਨ ਅੰਦਰ ਭਟਕਣਾ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਸ਼ਿਕਾਰ ਹੋਇਆ ਬੰਦਾ ਆਪਣੀ ਲਾਲਸਾ ਨੂੰ ਤ੍ਰਿਪਤ ਕਰਨ ਲਈ ਕੋਈ ਵੀ ਹਰਬਾ ਵਰਤਣ ਤੋਂ ਪਰਹੇਜ਼ ਨਹੀਂ ਕਰਦਾ। ਉਹ ਆਪਣੀ ਜ਼ਿੰਦਗੀ ਦਾ ਰਿਦਮ ਗੁਆ ਲੈਂਦਾ ਹੈ। ਲੋਭ ਰੂਪੀ ਪ੍ਰਵਿਰਤੀ ਉਸ ਉੱਪਰ ਭਾਰੂ ਹੋ ਜਾਂਦੀ ਹੈ ਅਤੇ ਉਹ ਉਸ ਦਾ ਗੁਲਾਮ ਬਣਾ ਜਾਂਦਾ ਹੈ। ਉਹ ਆਪਣੇ ਸਾਰੇ ਸੁੱਖ-ਚੈਨ ਆਪਣੀ ਇਸ ਧੁਨ ਤੋਂ ਕੁਰਬਾਨ ਕਰ ਆਪਣੀ ਲਾਲਸਾ ਦੀ ਪੂਰਤੀ ਵਿੱਚ ਹੀ ਗਲਤਾਨ ਹੋ ਜਾਂਦਾ ਹੈ। ਆਪਣੇ ਲਾਲਚ ਦੀ ਪੂਰਤੀ ਲਈ ਕਈ ਵਾਰੀ ਮਨੁੱਖ ਇੰਨਾ ਸੁਆਰਥੀ ਹੋ ਜਾਂਦਾ ਹੈ ਕਿ ਉਹ ਆਪਣੇ ਥੋੜ੍ਹੇ ਜਿਹੇ ਫਾਇਦੇ ਲਈ ਦੂਸਰਿਆਂ ਦੀ ਮੁਕੰਮਲ ਤਬਾਹੀ ਹੋ ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਮਨੁੱਖ ਦੇ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਵਧ ਰਹੀ ਮਿਲਾਵਟ ਅਤੇ ਨਕਲੀ ਖਾਧ ਪਦਾਰਥ ਤਿਆਰ ਕਰਨ ਦਾ ਵਧ ਰਿਹਾ ਰੁਝਾਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਬਣ ਰਹੇ ਹਨ। ਨਸ਼ਿਆਂ ਦਾ ਫੈਲ ਰਿਹਾ ਕਾਰੋਬਾਰ ਨਾ ਕੇਵਲ ਵਰਤਮਾਨ ਮਨੁੱਖੀ ਜੀਵਨ ਦੀ ਤਬਾਹੀ ਦਾ ਆਧਾਰ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਰਬਾਦ ਕਰਨ ਦਾ ਮਾਧਿਅਮ ਬਣ ਰਿਹਾ ਹੈ। ਸੱਤਾ ਦੇ ਲੋਭ ਵਿੱਚ ਅੰਨ੍ਹੇ ਹੋਏ ਸਿਆਸਤਦਾਨ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ, ਮੁੜ ਸੱਤਾ ਵਿੱਚ ਆਉਣ ਲਈ ਅਜਿਹੇ ਅਮਾਨਵੀ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਦੀ ਨਾ ਕੇਵਲ ਪੁਸ਼ਤ ਪਨਾਹੀ ਕਰਦੇ ਹਨ ਸਗੋਂ ਆਪ ਵੀ ਇਸ ਦਾ ਹਿੱਸਾ ਬਣ ਕੇ ਨਾਜਾਇਜ਼ ਧਨ ਕਮਾਉਣ ਦੇ ਰਾਹ ਤੁਰ ਪੈਂਦੇ ਹਨ। ਮਨੁੱਖ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੈ। ਮਨੁੱਖ ਅੰਦਰ ਅਜਿਹੀ ਕਿਹੜੀ ਅਸੁਰੱਖਿਆ ਦੀ ਭਾਵਨਾ ਮੌਜੂਦ ਹੈ ਜਿਹੜੀ ਉਸ ਨੂੰ ਲਾਲਚ ਰੂਪੀ ਹਵਸ ਦੇ ‘ਬਲਾ’ ਹੋਣ ਦੇ ਬਾਵਜੂਦ ਆਪਣੀ ਮਜ਼ਬੂਤ ਪਕੜ ਵਿੱਚ ਲੈ ਲੈਂਦੀ ਹੈ? ਜਦੋਂ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਦੇਖਦੇ ਹਾਂ ਤਾਂ ਇਹ ਸੱਚ ਬੜੀ ਸ਼ਿੱਦਤ ਨਾਲ ਸਾਹਮਣੇ ਆਉਂਦਾ ਹੈ ਕਿ ਸਾਧਾਰਨ ਤੋਂ ਲੈ ਕੇ ਵਿਸ਼ੇਸ਼ ਤੱਕ ਹਰ ਬੰਦਾ ਇਸ ਲਾਲਚ ਰੂਪੀ ਪ੍ਰਵਿਰਤੀ ਦਾ ਸ਼ਿਕਾਰ ਹੈ। ਇਹ ਲਾਲਚ ਮਨੁੱਖ ਨੂੰ ਉਚਿਤ- ਅਣਉਚਿਤ ਹਰ ਤਰੀਕੇ ਨਾਲ ਸਾਧਨ, ਸਹੂਲਤਾਂ, ਦੌਲਤ ਸਿਰਜਣ ਲਈ ਆਕਰਸ਼ਿਤ ਕਰਦਾ ਹੈ। ਮਨੁੱਖ ਦੀ ਇਸ ਪ੍ਰਵਿਰਤੀ ਵਿੱਚੋਂ ਸਮਾਜ ਅੰਦਰ ਬਹੁਤ ਵੱਡੀਆਂ ਅਲਾਮਤਾਂ ਜਿਵੇਂ ਰਿਸ਼ਵਤਖੋਰੀ, ਬੇਈਮਾਨੀ, ਮਿਲਾਵਟਖੋਰੀ, ਨਸ਼ਿਆਂ ਦਾ ਕਾਰੋਬਾਰ, ਲੁੱਟਾਂ-ਖੋਹਾਂ, ਚੋਰੀਆਂ, ਡਾਕੇ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਆਰਥਿਕ ਅਪਰਾਧ ਆਦਿ ਹੁੰਦੇ ਹਨ। ਮਨੁੱਖ ਦੀ ਕਮਜ਼ੋਰੀ ਬਣ ਚੁੱਕੀ ਲਾਲਚ ਰੂਪੀ ਇਸ ਪ੍ਰਵਿਰਤੀ ਦਾ ਫਾਇਦਾ ਉਠਾਉਣ ਵਾਲੇ ਅਨੇਕਾਂ ਸ਼ੈਤਾਨ ਦਿਮਾਗ਼ ਨਵੀਆਂ-ਨਵੀਆਂ ਤਕਨੀਕਾਂ ਅਤੇ ਵਿਧੀਆਂ ਰਾਹੀਂ ਮਨੁੱਖ ਦੇ ਸਾਹਮਣੇ ਅਨੇਕ ਤਰ੍ਹਾਂ ਦੇ ਲਾਲਚ ਰੂਪੀ ਸੁਹਾਵਣੇ ਬਾਗ਼ ਦਿਖਾ ਕੇ ਉਨ੍ਹਾਂ ਦੀ ਲੁੱਟ ਲਈ ਆਪਣਾ ਰਾਹ ਪੱਧਰਾ ਕਰ ਲੈਂਦੇ ਹਨ। ਸਾਧਾਰਨ ਅਤੇ ਘੱਟ ਸਮਝਦਾਰ ਬੰਦੇ ਇਨ੍ਹਾਂ ਸ਼ੈਤਾਨੀ ਚਾਲਾਂ ਦਾ ਸ਼ਿਕਾਰ ਹੋ ਜਾਣ, ਸਮਝ ਆਉਂਦਾ ਹੈ, ਪਰ ਜਦੋਂ ਅਸੀਂ ਬਹੁਤ ਵੱਡੇ ਵੱਡੇ ਵਪਾਰੀਆਂ, ਅਧਿਕਾਰੀਆਂ, ਨੇਤਾਵਾਂ ਨੂੰ ਇਸ ਮੱਕੜਜਾਲ ਦਾ ਸ਼ਿਕਾਰ ਹੁੰਦੇ ਵੇਖਦੇ ਹਾਂ ਤਾਂ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਆਖਰ ਮਨੁੱਖ ਦੀ ਲਾਲਚ ਰੂਪੀ ਹਵਸ ਦਾ ਅੰਤ ਕਿਸੇ ਮੁਕਾਮ ’ਤੇ ਜਾ ਕੇ ਹੋਵੇਗਾ ਵੀ ਜਾਂ ਨਹੀਂ? ਬਹੁਤ ਸਾਰੇ ਲੋਕ ਸਾਡੇ ਆਲੇ ਦੁਆਲੇ ਅਜਿਹੇ ਮੌਜੂਦ ਹਨ ਜੋ ਅਕਸਰ ਇਹ ਕਹਿੰਦੇ ਰਹਿੰਦੇ ਹਨ ਕਿ ਰੱਬ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਅਤੇ ਲੋੜ ਨਾਲੋਂ ਜ਼ਿਆਦਾ ਦਿੱਤਾ ਹੈ। ਉਹੀ ਲੋਕ ਕਿਸੇ ਪਾਸਿਓਂ ਵੀ ਚਾਰ ਪੈਸੇ ਹੋਰ ਕਮਾਉਣ ਲਈ ਮੌਕਾ ਮਿਲਣ ’ਤੇ ਸਭ ਕੁਝ ਭੁੱਲ ਭਲਾ ਕਿ ਉਸ ਮੌਕੇ ਦਾ ਲਾਹਾ ਲੈਣ ਲਈ ਤਿਆਰ ਹੋ ਜਾਂਦੇ ਹਨ। ਸਬਰ, ਸੰਤੋਖ ਤੋਂ ਬਿਨਾਂ ਮਨੁੱਖ ਨੂੰ ਕੋਈ ਵੀ ਪਦਾਰਥਕ ਧਨ, ਸਹੂਲਤ ਸੰਤੁਸ਼ਟ ਨਹੀਂ ਕਰ ਸਕਦੀ। ਸੰਤੁਸ਼ਟੀ ਦੇ ਅਹਿਸਾਸ ਤੋਂ ਬਿਨਾਂ ਆਨੰਦ ਸੰਭਵ ਹੀ ਨਹੀਂ ਹੈ। ਸਦੀਆਂ ਤੋਂ ਧਰਮ, ਸਮਾਜ ਅਤੇ ਸਿੱਖਿਆ ਮਨੁੱਖ ਅੰਦਰੋਂ ਲਾਲਚ ਦੀ ਇਸ ਪ੍ਰਵਿਰਤੀ ਨੂੰ ਘਟਾਉਣ ਲਈ ਯਤਨਸ਼ੀਲ ਹਨ। ਇਸ ਦਿਸ਼ਾ ਵਿੱਚ ਮਨੁੱਖ ਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ; ਬਿਨਾ ਸੰਤੋਖ ਨਹੀ ਕੋਊ ਰਾਜੈ।।

Leave a Comment

Your email address will not be published. Required fields are marked *