IMG-LOGO
Home News blog-detail-01.html
ਪੰਜਾਬ

ਬੰਦੇ ਖੋਜੁ ਦਿਲ ਹਰ ਰੋਜ

by Admin - 2026-01-23 23:53:35 0 Views 0 Comment
IMG
Harpreet Kaur Sandhu ਮਨੁੱਖ ਦੀਆਂ ਸਾਰੀਆਂ ਇੱਛਾਵਾਂ, ਸੰਭਾਵਨਾਵਾਂ, ਤਰੱਕੀਆਂ, ਸਵਾਲ, ਜਵਾਬ ਸਭ ਕੁਝ ਉਸ ਦੇ ਮਨ ਵਿੱਚ ਹੀ ਹਨ। ਮਨੁੱਖ ਦਾ ਮਨ ਸਥੂਲ ਨਹੀਂ ਸੂਖਮ ਹੈ। ਉਸ ਦੀ ਸਮਰੱਥਾ ਕਿਸੇ ਵੀ ਸੁਪਰ ਕੰਪਿਊਟਰ ਤੋਂ ਜ਼ਿਆਦਾ ਹੈ। ਬਸ ਸਮੱਸਿਆ ਇਹ ਹੈ ਕਿ ਬੰਦਾ ਆਪਣੇ ਮਨ ਵਿੱਚ ਉਤਰਨ ਦੀ ਕੋਸ਼ਿਸ਼ ਨਹੀਂ ਕਰਦਾ। ਬੰਦਾ ਸਾਰਾ ਜ਼ੋਰ ਦੂਜੇ ਦੇ ਮਨ ਨੂੰ ਪੜ੍ਹਨ ਲਈ ਲਾ ਦਿੰਦਾ ਹੈ। ਸਾਰੀ ਜ਼ਿੰਦਗੀ ਪਰਮਾਤਮਾ ਨੂੰ ਮਨ ਵਿੱਚ ਵਸਾਉਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਉਹ ਇਹ ਸਮਝਦਾ ਹੀ ਨਹੀਂ ਕਿ ਪਰਮਾਤਮਾ ਮਨ ਵਿੱਚ ਹੀ ਤਾਂ ਹੈ। ਜਿਵੇਂ ਮਿਰਗ ਕਸਤੂਰੀ ਨੂੰ ਜੰਗਲ ਵਿੱਚ ਲੱਭਦਾ ਫਿਰਦਾ ਹੈ, ਇਸੇ ਤਰ੍ਹਾਂ ਮਨੁੱਖ ਆਪਣੇ ਸਵਾਲਾਂ ਦੇ ਜਵਾਬ ਲੱਭਣ ਲਈ ਜ਼ਿੰਦਗੀ ਭਰ ਭਟਕਦਾ ਹੈ। ਉਸ ਦੀਆਂ ਕਈ ਜਗਿਆਸਾਵਾਂ ਹਨ, ਕਈ ਸਵਾਲ ਹਨ। ਇਨ੍ਹਾਂ ਦੀ ਖੋਜ ਵਿੱਚ ਉਹ ਭਟਕਦਾ ਹੈ। ਕਿਤਾਬਾਂ ਪੜ੍ਹਦਾ ਹੈ। ਨਵੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ, ਪਰ ਉਸ ਦੇ ਹੱਥ ਪੱਲੇ ਬਹੁਤੀ ਵਾਰ ਕੁਝ ਵੀ ਨਹੀਂ ਪੈਂਦਾ। ਉਹ ਬਹੁਤ ਕੋਸ਼ਿਸ਼ ਕਰਦਾ ਹੈ ਕਿ ਦੂਸਰਿਆਂ ਨੂੰ ਸਮਝ ਲਵੇ, ਪਰ ਇਹ ਨਹੀਂ ਸਮਝਦਾ ਕਿ ਸਮਝ ਤਾਂ ਉਸ ਨੂੰ ਖੁਦ ਦੀ ਵੀ ਨਹੀਂ ਆਈ। ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਸ਼ੁਰੂਆਤ ਮਨ ਤੋਂ ਹੁੰਦੀ ਹੈ। ਮਨੁੱਖ ਡਾਕਟਰਾਂ ਦੇ ਇਲਾਜ ਦੇ ਝਮੇਲਿਆਂ ਵਿੱਚ ਉਲਝ ਕੇ ਸਰੀਰਕ ਤੌਰ ’ਤੇ ਬਿਮਾਰੀ ਨੂੰ ਹਰਾਉਣਾ ਚਾਹੁੰਦਾ ਹੈ। ਕੋਈ ਨਹੀਂ ਜਾਣਦਾ ਕਿ ਇਸ ਤੋਂ ਨਿਜਾਤ ਪਾਉਣ ਦਾ ਤਰੀਕਾ ਉਸ ਦੇ ਅੰਦਰ ਹੈ। ਉਸ ਨੂੰ ਇਹ ਕਦੇ ਵੀ ਪਤਾ ਨਹੀਂ ਲੱਗਦਾ ਕਿ ਉਸ ਦੇ ਅੰਦਰ ਕਿਹੜੀ ਸ਼ਕਤੀ ਹੈ। ਉਸ ਸ਼ਕਤੀ ਨੂੰ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਹੈ, ਮਨੁੱਖ ਨੂੰ ਉਸ ਬਾਰੇ ਅੰਦਾਜ਼ਾ ਵੀ ਨਹੀਂ ਹੁੰਦਾ। ਸਾਡੇ ਮਨ ਦੇ ਤਿੰਨ ਹਿੱਸੇ ਹਨ। ਅਚੇਤ ਮਨ, ਸੁਚੇਤ ਮਨ ਤੇ ਅਰਧ ਚੇਤਨ ਮਨ। ਚੇਤਨ ਜਾਂ ਸੁਚੇਤ ਮਨ ਉਹ ਹੈ ਜਿਸ ਨੂੰ ਅਸੀਂ ਜਾਣਦੇ ਹਾਂ, ਸਮਝਦੇ ਹਾਂ। ਸਾਡਾ ਦਿਮਾਗ਼ ਜਿਸ ਤਰ੍ਹਾਂ ਚੱਲ ਰਿਹਾ ਹੈ, ਜਿਸ ਤਰ੍ਹਾਂ ਦੀ ਸਾਡੀ ਸੋਚ ਹੈ ਉਸ ਤੋਂ ਅਸੀਂ ਜਾਣੂ ਹੁੰਦੇ ਹਾਂ, ਪਰ ਸਾਡੀ ਜ਼ਿੰਦਗੀ ’ਤੇ ਬਹੁਤਾ ਅਸਰ ਅਰਧ ਚੇਤਨ ਮਨ ਦਾ ਹੈ। ਉਹ ਮਨ ਜਿਸ ਤੋਂ ਅਸੀਂ ਜਾਣੂ ਨਹੀਂ। ਇਸ ਨੂੰ ਅੰਗਰੇਜ਼ੀ ਵਿੱਚ ਸਬਕੌਨਸ਼ੀਅਸ ਮਾਈਂਡ ਵੀ ਕਹਿੰਦੇ ਹਨ। ਬਹੁਤ ਵਾਰ ਹੁੰਦਾ ਹੈ ਕਿ ਕੋਈ ਘਟਨਾ ਵਾਪਰਦੀ ਹੈ ਤੇ ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਪਹਿਲਾਂ ਹੀ ਲੱਗਦਾ ਸੀ ਕਿ ਹੋਵੇਗਾ। ਇੱਥੇ ਅਰਧ ਚੇਤਨ ਮਨ ਕੰਮ ਕਰ ਰਿਹਾ ਹੈ। ਮਨੁੱਖੀ ਮਨ ਦੀ ਅਪਾਰ ਸ਼ਕਤੀ ਉਸ ਦੇ ਅਰਧ ਚੇਤਨ ਮਨ ਵਿੱਚ ਪਈ ਹੈ। ਮਨੁੱਖ ਦੀ ਹਰ ਬਿਮਾਰੀ ਦਾ ਇਲਾਜ ਉਸ ਦੇ ਅਰਧ ਚੇਤਨ ਮਨ ਕੋਲ ਹੈ। ਮਨੋਵਿਗਿਆਨਕ ਕਹਿੰਦੇ ਨੇ ਕਿ ਜਦੋਂ ਮਨੁੱਖ ਕੌਮਾ ਵਿੱਚ ਪਿਆ ਹੁੰਦਾ ਹੈ ਉਦੋਂ ਵੀ ਉਹ ਗੱਲਾਂ ਨੂੰ ਸੁਣਦਾ ਤੇ ਸਮਝਦਾ ਹੈ। ਇਹ ਠੀਕ ਹੈ ਕਿ ਉਸ ਦਾ ਜਵਾਬ ਨਹੀਂ ਦੇ ਸਕਦਾ। ਅਧਿਆਤਮ ਨੇ ਮਨ ਨੂੰ ਪਰਮਾਤਮਾ ਦਾ ਰੂਪ ਦੱਸਿਆ ਹੈ। ਅਸੀਂ ਇਸ ਨੂੰ ਪਰਮਾਤਮਾ ਦਾ ਅੰਸ਼ ਵੀ ਕਹਿ ਸਕਦੇ ਹਾਂ। ਇਹ ਉਸ ਸ਼ਕਤੀ ਦਾ ਹਿੱਸਾ ਹੈ ਜਿਸ ਨਾਲ ਇਹ ਬ੍ਰਹਿਮੰਡ ਚੱਲ ਰਿਹਾ ਹੈ। ਜਿਸ ਬੰਦੇ ਨੂੰ ਇਸ ਦੀ ਸਮਝ ਆ ਜਾਵੇ ਉਹ ਦੁਨੀਆ ’ਤੇ ਕਾਬੂ ਪਾ ਲੈਂਦਾ ਹੈ। ਦੁਨੀਆ ’ਤੇ ਕਾਬੂ ਪਾ ਲੈਣ ਦਾ ਭਾਵ ਇਹ ਨਹੀਂ ਕਿ ਦੁਨੀਆ ਨੂੰ ਜਿੱਤ ਲੈਂਦਾ ਹੈ। ਇਸ ਦਾ ਅਰਥ ਹੈ ਕਿ ਉਸ ਨੂੰ ਜ਼ਿੰਦਗੀ ਦੀ ਸਮਝ ਆ ਜਾਂਦੀ ਹੈ। ਅਸੀਂ ਆਪਣੇ ਅਚੇਤ ਮਨ ਤੋਂ ਜਾਣੂ ਨਹੀਂ। ਇਸ ਨੂੰ ਅਨਕੌਨਸ਼ੀਅਸ ਮਾਈਂਡ ਵੀ ਕਿਹਾ ਜਾਂਦਾ ਹੈ। ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ। ਇਸ ’ਤੇ ਬਹੁਤ ਖੋਜ ਹੋ ਰਹੀ ਹੈ। ਮਨੁੱਖ ਦਾ ਚੇਤਨ ਅਤੇ ਅਰਧ ਚੇਤਨ ਮਨ ਹੀ ਉਸ ਦੀ ਜ਼ਿੰਦਗੀ ਦਾ ਆਧਾਰ ਹੈ। ਜਦੋਂ ਅਧਿਆਤਮ ਇਹ ਕਹਿੰਦਾ ਹੈ ਕਿ ਆਪਣੇ ਮਨ ਵਿੱਚ ਹੀ ਤੁਸੀਂ ਹਰ ਸਵਾਲ ਦਾ ਜਵਾਬ ਪਾਉਂਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਮਨ ਦੀ ਸ਼ਕਤੀ ਤੁਹਾਡੇ ਲਈ ਬਹੁਤ ਮਦਦਗਾਰ ਸਿੱਧ ਹੋ ਸਕਦੀ ਹੈ। ਕਹਿੰਦੇ ਨੇ ਜਿਸ ਨੇ ਮਨ ਨੂੰ ਜਿੱਤ ਲਿਆ, ਉਸ ਨੇ ਜੱਗ ਨੂੰ ਜਿੱਤ ਲਿਆ। ਮਨ ’ਤੇ ਕਾਬੂ ਪਾਉਣ ਦੀ ਗੱਲ ਅਧਿਆਤਮ ਕਰਦਾ ਹੈ। ਇਹ ਬਹੁਤ ਕਠਿਨ ਰਾਹ ਹੈ। ਇਸ ਦਾ ਪਾਂਧੀ ਕੋਈ ਵਿਰਲਾ ਹੀ ਹੁੰਦਾ ਹੈ। ਜਦੋਂ ਅਸੀਂ ਗੁਰਬਾਣੀ ਵਿੱਚੋਂ ਇਸ ਗੱਲ ਨੂੰ ਪੜ੍ਹਦੇ ਹਾਂ; ਬੰਦੇ ਖੋਜੁ ਦਿਲ ਹਰ ਰੋਜ।। ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਹਰ ਰੋਜ਼ ਆਪਣੇ ਦਿਲ ਵਿੱਚ ਉਤਰ ਕੇ ਵੇਖਣਾ ਚਾਹੀਦਾ ਹੈ। ਇਹ ਦੇਖਣਾ ਚਾਹੀਦਾ ਹੈ ਕਿ ਕਿਸ ਸਮੇਂ ਅਸੀਂ ਕੀ ਮਹਿਸੂਸ ਕੀਤਾ? ਕਿਸ ਗੱਲ ਨੇ ਸਾਨੂੰ ਖੁਸ਼ੀ ਦਿੱਤੀ ਜਾਂ ਸਕੂਨ ਦਿੱਤਾ। ਕਿਸ ਗੱਲ ’ਤੇ ਮਨ ਬਾਅਦ ਵਿੱਚ ਪਰੇਸ਼ਾਨ ਹੋਇਆ? ਕਿਸ ਗੱਲ ਦਾ ਮਨ ਨੂੰ ਅਫ਼ਸੋਸ ਹੋਇਆ? ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਕਿ ਸਾਨੂੰ ਆਪਣੀ ਕਹੀ ਕਿਸੇ ਗੱਲ ਦਾ, ਆਪਣੇ ਕੀਤੇ ਕਿਸੇ ਕੰਮ ਦਾ ਪਛਤਾਵਾ ਹੁੰਦਾ ਹੈ। ਅਸੀਂ ਕਿਸੇ ਕੰਮ ਨੂੰ ਕਰਨ ਤੋਂ ਕੁਝ ਅਰਸੇ ਬਾਅਦ ਇਸ ਗੱਲ ਨੂੰ ਸਮਝ ਲੈਂਦੇ ਹਾਂ ਕਿ ਅਸੀਂ ਸਹੀ ਕੀਤਾ ਹੈ ਜਾਂ ਗ਼ਲਤ। ਸਿਆਣੇ ਕਹਿੰਦੇ ਨੇ ਮਨ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਖ਼ਾਸ ਤੌਰ ’ਤੇ ਪਹਿਲੀ ਗੱਲ। ਜੋ ਪਹਿਲੀ ਗੱਲ ਤੁਹਾਡੇ ਮਨ ਵਿੱਚ ਆਵੇ ਉਹ ਹਮੇਸ਼ਾਂ ਸਹੀ ਹੁੰਦੀ ਹੈ। ਬਾਅਦ ਵਿੱਚ ਤੁਸੀਂ ਆਪਣਾ ਤਰਕ ਇਸਤੇਮਾਲ ਕਰਕੇ ਗੱਲ ਨੂੰ ਬਦਲ ਵੀ ਲੈਂਦੇ ਹੋ। ਜੇ ਆਪਣੇ ਦਿਲ ਨੂੰ ਖੋਜ ਕੇ ਦੇਖਿਆ ਜਾਵੇ ਤਾਂ ਇਹ ਪਤਾ ਲੱਗ ਜਾਂਦਾ ਹੈ ਕਿ ਦਿਨ ਵਿੱਚ ਅਸੀਂ ਕਿੱਥੇ ਕਿੱਥੇ ਗ਼ਲਤੀ ਕੀਤੀ ਹੈ। ਕਿਵੇਂ ਅਸੀਂ ਕਿਸੇ ਦਾ ਮਨ ਦੁਖਾਇਆ ਹੈ। ਸਾਡੇ ਕਿਸ ਕੰਮ ਨਾਲ ਸਾਡੇ ਆਪਣਿਆਂ ਨੂੰ ਦੁੱਖ ਹੋਇਆ ਹੈ। ਅਜਿਹਾ ਕੀ ਕੀਤਾ ਹੈ ਜਿਸ ਨਾਲ ਕਿਸੇ ਨੂੰ ਸਕੂਨ ਮਿਲਿਆ ਹੈ। ਇਹ ਸਭ ਕੁਝ ਮਨ ਵਿੱਚ ਹੀ ਸਾਂਭਿਆ ਹੁੰਦਾ ਹੈ। ਮਨੁੱਖ ਦਾ ਮਨ ਬੇਈਮਾਨ ਨਹੀਂ ਹੁੰਦਾ। ਬਸ ਸਿਰਫ਼ ਮਨ ਦੀ ਗੱਲ ਸੁਣ ਕੇ ਸਮਝਿਆ ਜਾਵੇ ਤਾਂ। ਜਦੋਂ ਅਸੀਂ ਤਰਕ ਨਾਲ, ਦਲੀਲ ਨਾਲ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤੀ ਵਾਰ ਅਸੀਂ ਗ਼ਲਤ ਵੀ ਹੁੰਦੇ ਹਾਂ। ਤਿੱਬਤੀ ਲਾਮਾ ਦਾ ਕਹਿਣਾ ਹੈ ਕਿ ਮਨੁੱਖ ਦਾ ਮਨ ਇੱਕ ਬਾਂਦਰ ਵਾਂਗ ਹੈ। ਇਹ ਕਦੇ ਵੀ ਕਿਤੇ ਟਿਕੇ ਨਹੀਂ ਰਹਿ ਸਕਦਾ। ਇਸ ਨੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਭਟਕਦੇ ਹੀ ਰਹਿਣਾ ਹੈ। ਇਸ ਲਈ ਉਹ ਧਿਆਨ ਲਾਉਣ ਦੀ ਇੱਕ ਬੜੀ ਵਧੀਆ ਪ੍ਰਕਿਰਿਆ ਦੱਸਦਾ ਹੈ। ਉਸ ਦਾ ਕਹਿਣਾ ਹੈ ਕਿ ਸਾਨੂੰ ਆਪਣਾ ਧਿਆਨ ਆਪਣੇ ਸਾਹਾਂ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਆਉਂਦੇ ਜਾਂਦੇ ਹਰ ਸਾਹ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਇੱਕ ਵਾਰ ਇਸ ਤਰ੍ਹਾਂ ਕਰਕੇ ਦੇਖੋ ਤੁਸੀਂ ਆਪਣੇ ਆਪ ਨੂੰ ਇੱਕ ਵਿਲੱਖਣ ਹੀ ਸੰਸਾਰ ਵਿੱਚ ਅਤੇ ਵਿਲੱਖਣ ਹੀ ਅਹਿਸਾਸ ਵਿੱਚ ਮਹਿਸੂਸ ਕਰੋਗੇ। ਕਹਿੰਦੇ ਇੱਕ ਬੰਦਾ ਕਿਸੇ ਸੰਤ ਕੋਲ ਗਿਆ ਕਿ ਮੈਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਕੋਈ ਤਰੀਕਾ ਦੱਸੋ। ਸੰਤ ਨੇ ਕਿਹਾ ਕਿ ਇਹ ਤਾਂ ਖੋਜ ਦਾ ਰਾਹ ਹੈ। ਹਰੇਕ ਦਾ ਆਪਣਾ ਆਪਣਾ ਹੈ। ਇਸ ਦਾ ਕੋਈ ਇੱਕ ਰਾਹ ਨਹੀਂ। ਖ਼ੁਦ ਨੂੰ ਆਤਮਸਾਤ ਕਰਨਾ ਪੈਂਦਾ ਹੈ, ਪਰ ਉਹ ਨੌਜਵਾਨ ਉਸ ਦੇ ਮਗਰ ਹੀ ਪੈ ਗਿਆ। ਸੰਤ ਨੇ ਖਹਿੜਾ ਛੁਡਾਉਣ ਲਈ ਉਸ ਨੂੰ ਕਹਿ ਦਿੱਤਾ ਕਿ ਇਸ ਭਜਨ ਦਾ ਸਵੇਰੇ ਤੇ ਸ਼ਾਮ ਜਾਪ ਕਰਨਾ ਹੈ, ਪਰ ਇਸ ਵਿੱਚ ਇੱਕ ਸ਼ਰਤ ਹੈ। ਭਜਨ ਕਰਦਿਆਂ ਬਾਂਦਰ ਦਾ ਖ਼ਿਆਲ ਨਹੀਂ ਆਉਣਾ ਚਾਹੀਦਾ। ਨੌਜਵਾਨ ਖ਼ੁਸ਼ੀ ਖ਼ੁਸ਼ੀ ਘਰ ਗਿਆ, ਪਰ ਜੋ ਭਾਣਾ ਵਾਪਰਿਆ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਹੁਣ ਉਹ ਜਦੋਂ ਵੀ ਕਦੇ ਧਿਆਨ ਲਾਵੇ ਮਨ ਵਿੱਚ ਬਾਂਦਰ ਦਾ ਖ਼ਿਆਲ ਆ ਜਾਵੇ। ਇਹ ਸੋਚੇ ਕਿ ਬਾਂਦਰ ਬਾਰੇ ਨਹੀਂ ਸੋਚਣਾ, ਪਰ ਬਾਂਦਰ ਮਨ ਵਿੱਚੋਂ ਜਾਵੇ ਹੀ ਨਾ। ਉਹ ਫਿਰ ਉਸੇ ਸੰਤ ਕੋਲ ਗਿਆ। ਆਪਣੀ ਸਮੱਸਿਆ ਦੱਸੀ। ਸੰਤ ਨੇ ਕਿਹਾ ਕਿ ਉਹ ਬਾਂਦਰ ਤੇਰੇ ਮਨ ਵਿੱਚ ਹੈ ਕਿਤੇ ਬਾਹਰ ਨਹੀਂ। ਜੇ ਹਰ ਬੰਦਾ ਹਰ ਰੋਜ਼ ਆਪਣੇ ਦਿਲ ਨੂੰ ਖੋਜੇ, ਆਪਣੇ ਦਿਲ ਨੂੰ ਫਰੋਲ ਕੇ ਵੇਖੇ, ਆਪਣੇ ਦਿਲ ਤੋਂ ਆਪਣੇ ਸਵਾਲਾਂ ਦੇ ਜਵਾਬ ਪੁੱਛੇ ਤਾਂ ਇਹ ਸੰਭਵ ਹੀ ਨਹੀਂ ਕਿ ਉਹ ਕਦੇ ਕੋਈ ਗ਼ਲਤ ਕੰਮ ਕਰ ਸਕੇ। ਉਸ ਨੇ ਜੋ ਕਰ ਲਿਆ, ਉਸ ਦਾ ਉਸ ਨੂੰ ਪਛਤਾਵਾ ਹੋਏਗਾ। ਅੱਗੇ ਤੋਂ ਉਹ ਕਦੇ ਅਜਿਹਾ ਕੋਈ ਕੰਮ ਨਹੀਂ ਕਰੇਗਾ ਜਿਸ ਨਾਲ ਕਿਸੇ ਨੂੰ ਨੁਕਸਾਨ ਹੋਵੇ ਜਾਂ ਕਿਸੇ ਦਾ ਦਿਲ ਦੁਖੇ। ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਾ ਸਭ ਤੋਂ ਵਧੀਆ ਰਾਹ ਇਹੀ ਹੈ ਕਿ ਹਰ ਰੋਜ਼ ਆਪਣੇ ਦਿਲ ਨੂੰ ਖੋਜੋ। ਦੇਖੋ ਉਸ ਦੇ ਅੰਦਰ ਕੀ ਚੱਲ ਰਿਹਾ ਹੈ। ਜੇਕਰ ਕਿਤੇ ਕੋਈ ਘ੍ਰਿਣਾ ਹੈ, ਉਸ ਨੂੰ ਮਿਟਾ ਦਿਓ। ਉਹ ਤੁਹਾਡਾ ਨੁਕਸਾਨ ਹੀ ਕਰ ਰਹੀ ਹੈ। ਆਪਣੇ ਦਿਲ ਵਿੱਚ ਦੁਨੀਆ ਲਈ ਮੁਹੱਬਤ ਰੱਖੋ। ਜਦੋਂ ਤੁਸੀਂ ਆਪਣੇ ਅੰਦਰ ਝਾਕੋਗੇ ਤਾਂ ਤੁਹਾਨੂੰ ਆਪਣਾ ਕੋਹਜ ਦਿਖੇਗਾ। ਫਿਰ ਤੁਸੀਂ ਉਸ ਕੋਹਜ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋਗੇ। ਇਸ ਤਰ੍ਹਾਂ ਤੁਹਾਡਾ ਮਨ ਸ਼ਾਂਤ ਤੇ ਸੰਤੁਸ਼ਟ ਹੋ ਜਾਵੇਗਾ। ਸ਼ਾਂਤ ਮਨ ਨਾਲ ਹਮੇਸ਼ਾਂ ਦੂਜਿਆਂ ਨਾਲ ਚੰਗਾ ਵਿਹਾਰ ਹੁੰਦਾ ਹੈ। ਇਸ ਤਰ੍ਹਾਂ ਦੂਜੇ ਵੀ ਖ਼ੁਸ਼ ਰਹਿਣਗੇ। ਬਸ ਜ਼ਰੂਰੀ ਹੈ ਕਿ ਹਰ ਰੋਜ਼ ਕੁਝ ਸਮਾਂ ਆਪਣੇ ਦਿਲ ਨੂੰ ਖੋਜਣ ’ਤੇ ਲਾਇਆ ਜਾਵੇ। ਜ਼ਿੰਦਗੀ ਨੂੰ ਸੁਖਾਲੀ ਬਣਾਉਣ ਦਾ ਇਹ ਸਭ ਤੋਂ ਸੌਖਾ ਤੇ ਕਾਰਗਰ ਤਰੀਕਾ ਹੈ।

Leave a Comment

Your email address will not be published. Required fields are marked *