IMG-LOGO
Home News ਭਾਜਪਾ-ਨੇ-ਆਤਿਸ਼ੀ-ਉਤੇ-ਸਿੱਖ-ਗੁਰੂ-ਵਿਰੁਧ-‘ਅਸੰਵੇਦਨਸ਼ੀਲ’-ਸ਼ਬਦਾਂ-ਦੀ-ਵਰਤੋਂ-ਦਾ-ਦੋਸ਼-ਲਾਇਆ
ਦੇਸ਼

ਭਾਜਪਾ ਨੇ ਆਤਿਸ਼ੀ ਉਤੇ ਸਿੱਖ ਗੁਰੂ ਵਿਰੁਧ ‘ਅਸੰਵੇਦਨਸ਼ੀਲ’ ਸ਼ਬਦਾਂ ਦੀ ਵਰਤੋਂ ਦਾ ਦੋਸ਼ ਲਾਇਆ

by Admin - 2026-01-07 00:12:51 0 Views 0 Comment
IMG
ਨਵੀਂ ਦਿੱਲੀ : ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਉਤੇ ਗੁਰੂ ਤੇਗ ਬਹਾਦਰ ਜੀ ਵਿਰੁਧ ‘ਅਸੰਵੇਦਨਸ਼ੀਲ’ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ ਅਤੇ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਭਾਜਪਾ ਵਿਧਾਇਕਾਂ ਨੇ ਪਿਛਲੇ ਸਾਲ ਨਵੰਬਰ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਰਕਾਰ ਦੇ ਹੋਏ ਪ੍ਰੋਗਰਾਮ ਉਤੇ ਸਦਨ ਵਿਚ ਚਰਚਾ ਦੌਰਾਨ ਇਹ ਮੁੱਦਾ ਉਠਾਇਆ। ਵਿਰੋਧੀ ਧਿਰ ‘ਆਪ’ ਨੇ ਇਸ ਮੁੱਦੇ ਦੇ ਬਜਾਏ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਉਤੇ ਚਰਚਾ ਦੀ ਮੰਗ ਕੀਤੀ, ਜਿਸ ’ਤੇ ਭਾਜਪਾ ਮੈਂਬਰਾਂ ਨੇ ਚਰਚਾ ਦੌਰਾਨ ਆਤਿਸ਼ੀ ਉਤੇ ਹਮਲਾ ਕੀਤਾ। ਹਾਲਾਂਕਿ ਸਦਨ ਵਿਚ ਹੰਗਾਮੇ ਦੌਰਾਨ ਆਤਿਸ਼ੀ ਨੇ ਜੋ ਕਿਹਾ ਉਹ ਸੁਣਿਆ ਨਹੀਂ ਜਾ ਸਕਿਆ। ‘ਆਪ’ ਨੇ ਖ਼ਬਰ ਲਿਖੇ ਜਾਣ ਤਕ ਭਾਜਪਾ ਦੇ ਬਿਆਨ ਉਤੇ ਕੋਈ ਜਵਾਬ ਜਾਰੀ ਨਹੀਂ ਕੀਤਾ। ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ‘‘ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਚਰਚਾ ਕਰਦੇ ਹਾਂ ਤਾਂ ਕੋਈ ਵੀ ਅਪਮਾਨਜਨਕ ਜਾਂ ਅਣਉਚਿਤ ਸ਼ਬਦ ਪਾਪ ਹੈ। ਗੁਰੂ ਸਾਹਿਬ ਦੇ ਨਾਮ ਦੇ ਨਾਲ ਅਜਿਹੇ ਸ਼ਬਦ ਬੋਲਣਾ ਬੇਇੱਜ਼ਤੀ ਦਾ ਕੰਮ ਹੈ ਅਤੇ ਇਸ ਲਈ ਜਨਤਕ ਤੌਰ ਉਤੇ ਮੁਆਫੀ ਮੰਗਣੀ ਚਾਹੀਦੀ ਹੈ।’’ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਮਾਮਲੇ ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਇਸ ਵੀਡੀਉ ਉਤੇ ਗੌਰ ਕਰਨਗੇ ਅਤੇ ਫਿਰ ਭਲਕੇ ਨਿੰਦਾ ਦਾ ਮਤਾ ਲਿਆਂਦਾ ਜਾ ਸਕਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਧਰਮ ਤੋਂ ਪਰ੍ਹੇ ਹੈ: ਮੁੱਖ ਮੰਤਰੀ ਗੁਪਤਾ ਨਵੀਂ ਦਿੱਲੀ : ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਮਨੁੱਖੀ ਇਤਿਹਾਸ ’ਚ ਹਿੰਮਤ ਅਤੇ ਸੱਚੇ ਹੋਣ ਦਾ ਸਦੀਵੀ ਪ੍ਰਤੀਕ ਹੈ। ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ’ਚ ਬੋਲਦਿਆਂ ਗੁਪਤਾ ਨੇ ਸਦਨ ਨੂੰ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਰਕਾਰ ਵਲੋਂ ਲਾਲ ਕਿਲ੍ਹੇ ਕੰਪਲੈਕਸ ’ਚ ਤਿੰਨ ਦਿਨਾਂ ਦਾ ਇਕੱਠ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਗੁਰੂ ਤੇਗ ਬਹਾਦਰ ਦੀ ਉੱਚੀ ਸ਼ਖਸੀਅਤ ਨੂੰ ਸਿਰਫ਼ ਇਕ ਧਰਮ ਦੇ ਗੁਰੂ ਵਜੋਂ ਸੀਮਤ ਨਹੀਂ ਕੀਤਾ ਜਾ ਸਕਦਾ। ਉਹ ਭਾਰਤ ਦੇ ਸਾਂਝੇ ਸਭਿਆਚਾਰ, ਸਮੂਹਕ ਚੇਤਨਾ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਦੇ ਸੱਭ ਤੋਂ ਮਹਾਨ ਰੱਖਿਅਕਾਂ ’ਚੋਂ ਇਕ ਸਨ। ਦਿੱਲੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੀ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚੇ।’’ ਸਦਨ ਦੇ ਕਈ ਹੋਰ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਲੋਂ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਔਰੰਗਾਬਾਦ ਅਤੇ ਔਰੰਗਜ਼ੇਬ ਰੋਡ ਵਰਗੇ ਨਾਮ ਬਦਲ ਦਿਤੇ ਹਨ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਦੇਸ਼ ਅਪਣੀ ਪਛਾਣ ਜ਼ਾਲਮਾਂ ਤੋਂ ਨਹੀਂ ਬਲਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੀਆਂ ਸੰਤਾਂ ਤੋਂ ਪ੍ਰਾਪਤ ਕਰੇਗਾ।

Leave a Comment

Your email address will not be published. Required fields are marked *