IMG-LOGO
Home News index.html
ਦੇਸ਼

ਲੋਕ ਸਭਾ 'ਚ ਪਾਸ ਹੋਇਆ ਕੇਂਦਰੀ ਐਕਸਾਈਜ਼ (ਸੋਧ) ਬਿੱਲ

by Admin - 2025-12-03 21:33:14 0 Views 0 Comment
IMG
ਨਵੀਂ ਦਿੱਲੀ - ਸਰਕਾਰ ਅਤੇ ਵਿਰੋਧੀ ਧਰਾਂ ਦਰਮਿਆਨ ਮੰਗਲਵਾਰ ਨੂੰ ਚਰਚਾਵਾਂ 'ਤੇ ਬਣੀ ਸਹਿਮਤੀ, ਜਿਸ ਵਿਚ 8 ਦਸੰਬਰ ਨੂੰ ਵੰਦੇ ਮਾਤਰਮ ਅਤੇ 9-10 ਦਸੰਬਰ ਨੂੰ ਚੋਣ ਸੁਧਾਰਾਂ 'ਚ ਚਰਚਾ ਤੋਂ ਬਾਅਦ ਬੁੱਧਵਾਰ ਨੂੰ ਸੰਸਦ ਦੇ ਦੋਵੇਂ ਸਦਨ ਸੁਚਾਰੂ ਢੰਗ ਨਾਲ ਚਲਦੇ ਨਜ਼ਰ ਆਏ ਹਾਲਾਂਕਿ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ | ਜਦਕਿ ਲੋਕ ਸਭਾ 'ਚ ਨਾ ਸਿਰਫ਼ ਪ੍ਰਸ਼ਨ ਕਾਲ ਪੂਰਾ ਸਮਾਂ ਬਿਨਾਂ ਕਿਸੇ ਰੁਕਾਵਟ ਦੇ ਚੱਲਿਆ, ਸਗੋਂ ਬਿਨਾਂ ਦੁਪਹਿਰ ਦੇ ਖਾਣੇ ਦੀ ਬ੍ਰੇਕ ਦੇ ਦੋ ਘੰਟੇ ਦਾ ਸਿਫ਼ਰ ਕਾਲ ਵੀ ਚਲਿਆ ਅਤੇ ਬਾਅਦ 'ਚ ਬਿੱਲ ਕੇਂਦਰੀ ਐਕਸਾਈਜ਼ (ਸੋਧ) ਬਿੱਲ 2025 'ਤੇ ਵਿਆਪਕ ਚਰਚਾ ਹੋਣ ਤੋਂ ਬਾਅਦ ਬਿੱਲ ਪਾਸ ਕਰ ਦਿੱਤਾ | ਲੋਕ ਸਭਾ 'ਚ ਪਾਸ ਹੋਇਆ ਕੇਂਦਰੀ ਆਬਕਾਰੀ (ਸੋਧ) ਬਿੱਲ ਬੁੱਧਵਾਰ ਨੂੰ ਲੋਕ ਸਭਾ 'ਚ ਲੰਬੀ ਬਹਿਸ ਤੋਂ ਬਾਅਦ ਕੇਂਦਰੀ ਆਬਕਾਰੀ (ਸੋਧ) ਬਿੱਲ ਪਾਸ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਸੰਸਦ ਦੇ ਮੌਨਸੂਨ ਇਜਲਾਸ ਤੋਂ ਐਸ.ਆਈ.ਆਰ. ਨੂੰ ਲੈ ਕੇ ਚਲੇ ਆ ਰਹੇ ਅੜਿੱਕੇ ਤੋਂ ਬਾਅਦ ਇਹ ਪਹਿਲਾ ਬਿੱਲ ਹੈ, ਜਿਸ ਨੂੰ ਵਿਆਪਕ ਚਰਚਾ ਤੋਂ ਬਾਅਦ ਵਾਪਸ ਕੀਤਾ ਗਿਆ | ਬਿੱਲ ਪਾਸ ਹੋਣ ਤੋਂ ਬਾਅਦ ਤੰਬਾਕੂ 'ਤੇ 60 ਤੋਂ 70 ਫੀਸਦੀ ਤੱਕ ਐਕਸਾਈਜ਼ ਡਿਊਟੀ ਲਗਾਈ ਜਾਵੇਗੀ, ਜਦਕਿ ਸਿਗਰਟ ਦੇ ਲਈ ਵੱਖਰੇ ਰੇਟ ਤੈਅ ਕੀਤੇ ਗਏ ਹਨ | 65 ਮਿਲੀਮੀਟਰ ਲੰਬਾਈ ਤੱਕ ਬਿਨਾਂ ਫਿਲਟਰ ਵਾਲੀ ਸਿਗਰਟ 'ਤੇ 2700 ਰੁਪਏ ਪ੍ਰਤੀ 1000 ਸਟਿਕਸ ਦੀ ਦਰ 'ਤੇ ਐਕਸਾਈਜ਼ ਡਿਊਟੀ ਲੱਗੇਗੀ, ਜਦਕਿ 65 ਤੋਂ 70 ਮਿਲੀਮੀਟਰ ਤੱਕ ਦੀ ਲੰਬਾਈ ਵਾਲੀ ਸਿਗਰਟ 'ਤੇ ਇਹ ਰੇਟ 4500 ਰੁਪਏ ਪ੍ਰਤੀ 1000 ਸਟਿਕਸ ਹੋਵੇਗਾ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿੱਲ 'ਤੇ ਬੋਲਦਿਆਂ ਕਿਹਾ ਕਿ ਇਹ ਨਾ ਤਾਂ ਨਵਾਂ ਕਾਨੂੰਨ ਹੈ ਅਤੇ ਨਾ ਹੀ ਕੋਈ ਵਾਧੂ ਟੈਕਸ ਹੈ | ਇਹ ਸੈੱਸ ਵੀ ਨਹੀਂ ਹੈ, ਇਹ ਐਕਸਾਈਜ਼ ਡਿਊਟੀ ਹੈ, ਜੋ ਕਿ ਜੀ.ਐਸ.ਟੀ. ਤੋਂ ਪਹਿਲਾਂ ਹੁੰਦੀ ਸੀ | ਸੀਤਾਰਮਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਸਸਤੇ ਹੋਣ, ਇਸ ਲਈ ਇਹ ਨਵੀਂ ਐਕਸਾਈਜ਼ ਡਿਊਟੀ ਲਾਗੂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਸੀ, ਜਿੰਨਾ ਟੈਕਸ ਸੀ ਉਹ ਅੱਗੇ ਵੀ ਬਣਿਆ ਰਹੇ | ਬਿੱਲ ਦੇ ਤਹਿਤ ਤੰਬਾਕੂ ਦੇ ਸਾਰੇ ਉਤਪਾਦਾਂ 'ਤੇ ਬਦਲੇ ਹੋਏ ਟੈਕਸ ਦੀ ਵਿਵਸਥਾ ਕੀਤੀ ਜਾਵੇਗੀ | ਫਿਲਹਾਲ ਤੰਬਾਕੂ 'ਤੇ 28 ਫੀਸਦੀ ਜੀ.ਐਸ.ਟੀ. ਦੇ ਨਾਲ ਵੱਖ-ਵੱਖ ਦਰ 'ਤੇ ਸੈਸ ਵੀ ਲਾਇਆ ਜਾਂਦਾ ਹੈ | ਵਿਰੋਧੀ ਧਿਰਾਂ ਵਲੋਂ ਲੇਬਰ ਕੋਡ ਦੇ ਖ਼ਿਲਾਫ਼ ਪ੍ਰਦਰਸ਼ਨ ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਬੁੱਧਵਾਰ ਨੂੰ ਸੰਸਦ ਦੇ ਮਕਰ ਦਵਾਰ ਦੇ ਬਾਹਰ ਚਾਰ ਕਿਰਤ ਕੋਡਾਂ ਦੇ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ | ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਇੰਡੀਆ ਗੱਠਜੋੜ ਦੇ ਕਈ ਨੇਤਾ ਇਸ ਪ੍ਰਦਰਸ਼ਨ 'ਚ ਸ਼ਾਮਿਲ ਹੋਏ | ਇੰਡੀਆ ਗੱਠਜੋੜ ਤੋਂ ਦੂਰੀ ਬਣਾਈ ਰੱਖਣ ਵਾਲੀ ਤਿ੍ਣਮੂਲ ਕਾਂਗਰਸ ਵੀ ਬੁੱਧਵਾਰ ਨੂੰ ਇਸ ਪ੍ਰਦਰਸ਼ਨ ਦਾ ਹਿੱਸਾ ਬਣੀ ਨਜ਼ਰ ਆਈ | ਵਿਰੋਧੀ ਧਿਰਾਂ ਦੇ ਹੱਥ 'ਚ ਕਾਰਪੋਰੇਟ 'ਜੰਗਲ ਰਾਜ ਨੂੰ ਨਾਂਹ-ਕਿਰਤ ਨਿਆਂ ਨੂੰ ਹਾਂ' ਦੇ ਨਾਅਰੇ ਵਾਲਾਂ ਅੰਗਰੇਜ਼ੀ ਦਾ ਇਕ ਵੱਡਾ ਪੋਸਟਰ ਸੀ | ਉਨ੍ਹਾਂ 'ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲਓ' ਦੇ ਨਾਅਰੇ ਵੀ ਲਾਏ | ਕੇਂਦਰ ਨੇ 21 ਨਵੰਬਰ, ਨੂੰ 2020 ਤੋਂ ਬਕਾਇਆ 4 ਲੇਬਰ ਕੋਡਾਂ ਨੂੰ ਲਾਗੂ ਕਰ ਦਿੱਤਾ ਹੈ, ਜਿਸ 'ਚ ਸਭ ਲਈ ਸਮੇਂ 'ਤੇ ਘੱਟੋ-ਘੱਟ ਮਜ਼ਦੂਰੀ, ਲੰਬੇ ਸਮੇਂ ਤੱਕ ਕੰਮ ਕਰਨ ਦੇ ਘੰਟੇ, ਵਿਆਪਕ ਨਿਸ਼ਚਿਤ ਮਿਆਦ ਦੇ ਰੁਜ਼ਗਾਰ ਅਤੇ ਮਾਲਿਕ ਕੇ ਮੁਤਾਬਿਕ ਛਾਂਟੀ ਦੇ ਨੇਮਾਂ ਦੀ ਇਜਾਜ਼ਤ ਦਿੱਤੀ ਗਈ ਹੈ | ਪ੍ਰਦੂਸ਼ਣ 'ਤੇ ਕਾਂਗਰਸੀ ਸੰਸਦ ਮੈਂਬਰ ਦਾ ਅਨੋਖਾ ਪ੍ਰਦਰਸ਼ਨ ਦਿੱਲੀ 'ਚ ਵਧ ਰਹੇ ਹਵਾ ਦੇ ਪ੍ਰਦੂਸ਼ਣ ਦੇ ਖ਼ਿਲਾਫ਼ ਕਾਂਗਰਸੀ ਨੇਤਾਵਾਂ ਨੇ ਅਨੋਖਾ ਪ੍ਰਦਰਸ਼ਨ ਕੀਤਾ ਅਤੇ ਗੈਸ ਮਾਸਕ ਪਾ ਕੇ ਸੰਸਦ 'ਚ ਦਾਖ਼ਲ ਹੋਏ | ਕਾਂਗਰਸ ਦੇ ਸੀਨੀਅਰ ਨੇਤਾ ਦੀਪੇਂਦਰ ਸਿੰਘ ਹੁੱਡਾ, ਜਿਨ੍ਹਾਂ ਨੇ ਲੋਕ ਸਭਾ 'ਚ ਪ੍ਰਦੂਸ਼ਣ ਦੇ ਮਾਮਲੇ 'ਤੇ ਮਤਾ ਵੀ ਪੇਸ਼ ਕੀਤਾ ਸੀ, ਪਰ ਸਪੀਕਰ ਓਮ ਬਿਰਲਾ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ, ਨੇ ਕਿਹਾ ਕਿ ਕੇਂਦਰ ਨੂੰ ਦੂਜੇ ਰਾਜਾਂ ਅਤੇ ਵਿਰੋਧੀ ਧਿਰਾਂ 'ਤੇ ਇਲਜ਼ਾਮ ਲਾਉਣਾ ਬੰਦ ਕਰਨਾ ਚਾਹੀਦਾ ਹੈ ਅਤੇ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ | ਹੁੱਡਾ ਨੇ ਸੁਝਾਅ ਦਿੱਤਾ ਹੈ ਕਿ ਪੰਜਾਬ, ਹਰਿਆਣਾ,ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦਾ ਇਕ ਗਰੁੱਪ ਬਣਾਇਆ ਜਾਣਾ ਚਾਹੀਦਾ ਹੈ, ਜੋ ਬਜਟ ਦੇ ਨਾਲ ਇਕ ਤਬਦੀਲੀ ਯੋਜਨਾ ਤਿਆਰ ਕਰੇ, ਜਿਸ ਨਾਲ ਦਿੱਲੀ ਐਨ.ਸੀ.ਆਰ. ਇਲਾਕੇ 'ਚ ਹਵਾ ਦੇ ਪ੍ਰਦੂਸ਼ਣ ਨਾਲ ਚੰਗੀ ਤਰ੍ਹਾਂ ਨਿਪਟਿਆ ਜਾ ਸਕੇ | ਵਿਰੋਧੀ ਧਿਰਾਂ ਵਲੋਂ ਸਾਂਝੀ ਰਣਨੀਤੀ ਲਈ ਮੀਟਿੰਗ ਅਗਲੇ ਹਫ਼ਤੇ ਤੋਂ ਦੋ ਅਹਿਮ ਚਰਚਾਵਾਂ-ਵੰਦੇ ਮਾਤਰਮ ਅਤੇ ਚੋਣ ਸੁਧਾਰਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਨੇ ਬੁੱਧਵਾਰ ਨੂੰ ਸੰਸਦ 'ਚ ਅਹਿਮ ਸਾਂਝੀ ਰਣਨੀਤਕ ਬੈਠਕ ਕੀਤੀ | ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਚੈਂਬਰ 'ਚ ਹੋਈ, ਇਸ ਮੀਟਿੰਗ 'ਚ ਕਈ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ, ਜਿਸ 'ਚ ਕਾਂਗਰਸ, ਡੀ.ਐਮ.ਕੇ., ਆਰ.ਜੇ.ਡੀ., ਐਸ.ਪੀ., ਜੈ.ਐਮ.ਐਮ., ਸੀ. ਪੀ. ਆਈ. ਐਮ., ਸੀ. ਪੀ. ਆਈ., ਆਈ. ਯੂ. ਐਮ. ਐਲ., ਐਨ. ਸੀ. ਪੀ. (ਐਸ.ਪੀ.) ਅਤੇ ਸ਼ਿਵ ਸੈਨਾ (ਊਧਵ ਧੜਾ) ਸ਼ਾਮਿਲ ਸਨ, ਜਦਕਿ ਤਿ੍ਣਮੂਲ ਕਾਂਗਰਸ ਨੇ ਮੀਟਿੰਗ ਤੋਂ ਦੂਰੀ ਬਣਾਈ ਰੱਖੀ | ਮੀਟਿੰਗ ਵਿਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਵਿਰੋਧੀ ਧਿਰਾਂ ਦੀ ਏਕਤਾ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ 'ਤੇ ਦਬਾਅ ਬਣਾਈ ਰੱਖਣਾ ਹੋਵੇਗਾ, ਜਿਸ ਕਾਰਨ ਉਹ ਚੋਣ ਸੁਧਾਰਾਂ 'ਤੇ ਚਰਚਾ ਲਈ ਰਾਜ਼ੀ ਹੋਈ | ਵਿਰੋਧੀ ਧਿਰਾਂ ਨੇ ਸੰਸਦ ਦੇ ਸੁਚਾਰੂ ਢੰਗ ਨਾਲ ਚੱਲਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਸਦ ਨੂੰ ਸੁਚਾਰੂ ਢੰਗ ਨਾਲ ਚੱਲਣਾ ਯਕੀਨੀ ਬਣਾਏ | ਸਪੀਕਰ ਨੇ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ ਲੋਭ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ | ਮਿ੍ਤਕਾਂ 'ਚ ਬਿਹਾਰ ਤੋਂ 8ਵੀਂ ਲੋਕ ਸਭਾ ਦੇ ਸੰਸਦ ਮੈਂਬਰ ਰਹੇ ਕਾਲੀ ਪ੍ਰਸਾਦ ਪਾਂਡੇ, ਰਾਜਸਥਾਨ ਤੋਂ 13ਵੀਂ ਲੋਕ ਸਭਾ ਦੇ ਮੈਂਬਰ ਰਹੇ ਰਾਮੇਸ਼ਵਰ ਡੂਡੀ ਅਤੇ ਰਾਜਸਥਾਨ ਤੋਂ 6ਵੀਂ ਲੋਕ ਸਭਾ ਦੇ ਮੈਂਬਰ ਰਹੇ ਸ਼ਾਮ ਸੁੰਦਰ ਲਾਲ ਸ਼ਾਮਿਲ ਸਨ | ਲੋਕ ਸਭਾ 'ਚ ਮਿ੍ਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ | ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ਪ੍ਰਦਰਸ਼ਨ ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪੱਛਮੀ ਬੰਗਾਲ ਦੀ ਬਕਾਇਆ ਮਨਰੇਗਾ ਰਕਮ ਦੇ ਲਈ ਸੰਸਦ ਭਵਨ 'ਚ ਪ੍ਰਦਰਸ਼ਨ ਕੀਤਾ | ਟੀ.ਐਮ.ਸੀ. ਦੇ ਸੰਸਦ ਮੈਂਬਰਾਂ ਨੇ ਹੱਥ 'ਚ ਬੈਨਰ ਫੜ ਕੇ ਕੇਂਦਰ ਤੋਂ ਪੱਛਮੀ ਬੰਗਾਲ ਨੂੰ ਦੋ ਲੱਖ ਕਰੋੜ ਰੁਪਏ ਨਾ ਦੇਣ ਦਾ ਦੋਸ਼ ਲਗਾਇਆ | ਟੀ.ਐਮ.ਸੀ. ਦੀ ਮਹੂਆ ਮੋਇਤਰਾ ਨੇ ਕਿਹਾ ਕਿ ਇਹ ਸੰਘੀ ਢਾਂਚੇ ਨੂੰ ਢਾਅ ਲਾਉਣ ਦਾ ਇਕ ਬਹੁਤ ਗੰਭੀਰ ਮੁੱਦਾ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਨੂੰ ਪਿਛਲੇ 4 ਸਾਲਾਂ 'ਚ ਨਾ ਤਾਂ ਕੀਤੇ ਹੋਏ ਕੰਮਾਂ ਲਈ ਅਤੇ ਨਾ ਹੀ ਸੂਚੀਬੱਧ ਨਵੇਂ ਕੰਮਾਂ ਲਈ ਫੰਡ ਦਿੱਤੇੇ ਹਨ | ਰਾਜ ਸਭਾ 'ਚ ਰਾਜ ਭਵਨ ਦਾ ਨਾਂਅ ਬਦਲਣ 'ਤੇ ਹੰਗਾਮਾ ਰਾਜ ਸਭਾ 'ਚ ਰਾਜ ਭਵਨ ਦਾ ਨਾਂਅ ਲੋਕ ਭਵਨ ਕਰਨ ਦੇ ਮੁੱਦੇ 'ਤੇ ਜ਼ੋਰਦਾਰ ਹੰਗਾਮਾ ਹੋਇਆ | ਤਿ੍ਣਮੂਲ ਕਾਂਗਰਸ ਦੀ ਡੋਲਾ ਸੇਨ ਨੇ ਸਿਫ਼ਰ ਕਾਲ 'ਚ ਗ੍ਰਹਿ ਮੰਤਰਾਲੇ ਵਲੋਂ 25 ਨਵੰਬਰ ਦੇ ਨਿਰਦੇਸ਼ ਦਾ ਮੁੱਦਾ ਉਠਾਇਆ, ਜਿਸ 'ਚ ਦੇਸ਼ ਭਰ ਦੇ ਰਾਜ ਭਵਨਾਂ ਦਾ ਨਾਂਅ ਬਦਲ ਕੇ ਲੋਕ ਭਵਨ ਕਰਨ ਨੂੰ ਕਿਹਾ ਗਿਆ ਸੀ | ਸੇਨ ਨੇ ਕਿਹਾ ਕਿ ਇਸ ਸੰਬੰਧ 'ਚ ਨਾ ਤਾਂ ਸੰਸਦ, ਨਾ ਵਿਧਾਨ ਸਭਾ ਅਤੇ ਨਾ ਹੀ ਕੈਬਨਿਟ ਕੋਈ ਜਾਣਕਾਰੀ ਹੈ | ਉਕਤ ਚਰਚਾ ਉਸ ਵੇਲੇ ਹੋਰ ਤਿੱਖੀ ਪੈ ਗਈ ਜਦੋਂ ਟੀ.ਐਮ.ਸੀ. ਸੰਸਦ ਮੈਂਬਰ ਨੇ ਕੇਂਦਰ ਵਲੋਂ ਸੂਬੇ ਦੇ ਮਨਰੇਗਾ ਫੰਡ ਜਾਰੀ ਨਾ ਕਰਨ ਦਾ ਮੁੱਦਾ ਉਠਾਇਆ, ਜਿਸ 'ਤੇ ਭਾਜਪਾ ਸੰਸਦ ਮੈਂਬਰਾਂ ਵਲੋਂ ਵੀ ਟਿੱਪਣੀਆਂ ਕੀਤੀਆਂ ਜਾਣ ਲੱਗੀਆਂ | ਆਖਰ 'ਚ ਸਭਾਪਤੀ ਨੇ ਦਾਖ਼ਲਅੰਦਾਜ਼ੀ ਕਰਕੇ ਮਾਮਲਾ ਸ਼ਾਂਤ ਕੀਤਾ |

Leave a Comment

Your email address will not be published. Required fields are marked *