IMG-LOGO
Home News ਮੋਹਨਲਾਲ,-ਸ਼ਾਹਰੁਖ,-ਮੈਸੀ-ਤੇ-ਰਾਣੀ-ਮੁਖਰਜੀ-ਨੂੰ-ਕੌਮੀ-ਫਿਲਮ-ਐਵਾਰਡ
ਫਿਲਮਾਂ

ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ

by Admin - 2025-09-23 22:20:21 0 Views 0 Comment
IMG
ਮੋਹਨਲਾਲ ਨੂੰ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਨਵੀਂ ਦਿੱਲੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ, ਵਿਕਰਾਂਤ ਮੈਸੀ ਅਤੇ ਅਦਾਕਾਰਾ ਰਾਣੀ ਮੁਖਰਜੀ ਨੂੰ ਕੌਮੀ ਫ਼ਿਲਮ ਪੁਰਸਕਾਰ ਪ੍ਰਦਾਨ ਕੀਤੇ, ਜਦਕਿ ਮਲਿਆਲਮ ਸੁਪਰਸਟਾਰ ਮੋਹਨਲਾਲ ਨੂੰ ਦਾਦਾ ਸਾਹੇਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ। ਭਾਸ਼ਾਈ ਫ਼ਿਲਮ ਵਰਗ ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਵੀ ਐਵਾਰਡ ਦਿੱਤਾ ਗਿਆ। ਸਾਲ 2023 ਲਈ ਕੌਮੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਲੰਘੇ ਅਗਸਤ ਮਹੀਨੇ ਕੀਤਾ ਗਿਆ ਸੀ। ਇੱਥੇ ਵਿਗਿਆਨ ਭਵਨ ’ਚ ਰਾਸ਼ਟਰਪਤੀ ਮੁਰਮੂ ਨੇ 71ਵੇਂ ਕੌਮੀ ਪੁਰਸਕਾਰ ਸਮਾਗਮ ਮੌਕੇ ਮੋਹਨਲਾਲ ਨੂੰ ਉਨ੍ਹਾਂ ਦੇ ਪੰਜ ਦਹਾਕੇ ਲੰਬੇ ਕਰੀਅਰ ਤੇ 350 ਤੋਂ ਵੱਧ ਫ਼ਿਲਮਾਂ ’ਚ ਕੰਮ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਸਮਾਗਮ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਲਾਕਾਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਸਿਨੇਮਾ ਸਿਰਫ ਇਕ ਉਦਯੋਗ ਨਹੀਂ ਬਲਕਿ ਸਮਾਜ ਤੇ ਦੇਸ਼ ਨੂੰ ਜਾਗਰੂਕ ਕਰਨ ਵਾਲਾ ਇੱਕ ਸਾਧਨ ਵੀ ਹੈ। ਸਿਨੇਮਾ ਲੋਕਾਂ ਨੂੰ ਵੱਧ ਸੰਵੇਦਨਸ਼ੀਲ ਬਣਾਉਣ ’ਚ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿਨੇਮਾ ਕਈ ਵੱਖ-ਵੱਖ ਭਾਸ਼ਾਵਾਂ, ਬੋਲੀਆਂ, ਖੇਤਰਾਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਔਰਤਾਂ ’ਤੇ ਕੇਂਦਰਿਤ ਚੰਗੀਆਂ ਫਿਲਮਾਂ ਵੀ ਬਣ ਰਹੀਆਂ ਹਨ, ਜਿਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ। ਇਸ ਮੌਕੇ ਸਰਵੋਤਮ ਅਦਾਕਾਰ ਦਾ ਕੌਮੀ ਫ਼ਿਲਮ ਪੁਰਸਕਾਰ ਸ਼ਾਹਰੁਖ ਖ਼ਾਨ ਨੂੰ ਫ਼ਿਲਮ ‘ਜਵਾਨ’ ਜਦਕਿ ਵਿਕਰਾਂਤ ਮੈਸੀ ਨੂੰ ਫ਼ਿਲਮ ‘12ਵੀਂ ਫੇਲ੍ਹ’ ਵਿੱਚ ਭੂਮਿਕਾ ਲਈ ਦਿੱਤਾ ਗਿਆ। ਰਾਣੀ ਮੁਖਰਜੀ ਨੂੰ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। ਫ਼ਿਲਮਸਾਜ਼ ਵਿਧੂ ਵਿਨੋਦ ਚੋਪੜਾ ਨੂੰ ਫ਼ਿਲਮ ‘12ਵੀਂ ਫੇਲ੍ਹ’ ਲਈ ਸਰਵੋਤਮ ਫ਼ਿਲਮ ਦਾ ਜਦਕਿ ਕਰਨ ਜੌਹਰ ਤੇ ਅਪੂਰਵਾ ਮਹਿਰਾ ਨੂੰ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਲਈ ਸਰਵੋਤਮ ਪਾਪੂਲਰ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। ਸਰਵੋਤਮ ਡਾਇਰੈਕਟਰ ਦਾ ਐਵਾਰਡ ਸੁਦੀਪਤੋ ਸੇਨ ਨੂੰ ‘ਦਿ ਕੇਰਲਾ ਸਟੋਰੀ’ ਲਈ ਦਿੱਤਾ ਗਿਆ। ਕੌਮੀ, ਸਮਾਜਿਕ ਤੇ ਵਾਤਾਵਰਨ ਸਬੰਧੀ ਮੁੱਲਾਂ ਨੂੰ ਉਤਸ਼ਾਹਿਤ ਕਰਨ ਲਈ ਸਰਵੋਤਮ ਫ਼ਿਲਮ ਦਾ ਐਵਾਰਡ ਫੀਲਡ ਮਾਰਸ਼ਲ ਮਾਨਕ ਸ਼ਾਹ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸੈਮ ਬਹਾਦਰ’ ਲਈ ਮੇਘਨਾ ਗੁਲਜ਼ਾਰ ਅਤੇ ਰੌਨੀ ਸਕ੍ਰਿਊਵਾਲਾ ਨੂੰ ਮਿਲਿਆ। ਸਾਨਿਆ ਮਲਹੋਤਰਾ ਮੁੱਖ ਭੂਮਿਕਾ ਵਾਲੀ ‘ਕਟਹਲ: ਏ ਜੈਕਫਰੂਟ ਮਿਸਟਰੀ’ ਨੂੰ ਸਰਵੋਤਮ ਹਿੰਦੀ ਫਿਲਮ ਦਾ ਐਵਾਰਡ ਦਿੱਤਾ ਗਿਆ। ਸਾਲ 2023 ਦੀ ਹਿੱਟ ਫ਼ਿਲਮ ‘ਐਨੀਮਲ’ ਨੇ ਸਰਵੋਤਮ ਸਾਊਂਡ ਡਿਜ਼ਾਈਨ, ਸਰਵੋਤਮ ਸੰਗੀਤ ਨਿਰਦੇਸ਼ਕ (ਬੈਕਗਰਾਊਂਡ ਮਿਊਜ਼ਿਕ), ਅਤੇ ਰੀ-ਰਿਕਾਰਡਿੰਗ ਮਿਕਸਰ ਲਈ ਐਵਾਰਡ ਆਪਣੇ ਨਾਮ ਕੀਤੇ। ਵੈਭਵੀ ਮਰਚੈਂਟ ਨੂੰ ਸਰਵੋਤਮ ਕੋਰੀਓਗ੍ਰਾਫ਼ਰ, ਸ਼ਿਲਪਾ ਰਾਓ ਨੂੰ ਸਰਵੋਤਮ ਮਹਿਲਾ ਪਿੱਠਵਰਤੀ ਗਾਇਕਾ ਦੇ ਐਵਾਰਡ ਨਾਲ ਨਿਵਾਜਿਆ ਗਿਆ। ਸਰਵੋਤਮ ਸਹਾਇਕ ਅਦਾਕਾਰ ਦਾ ਐਵਾਰਡ ਵਿਜੈਰਾਘਵਨ ਨੂੰ ਮਲਿਆਲਮ ਫ਼ਿਲਮ ‘ਪੂਕਲਾਮ’ ਅਤੇ ਮੁੱਥੂਪੈਤਈ ਸੋਮੂ ਭਾਸਕਰ ਨੂੰ ਤਾਮਿਲ ਫ਼ਿਲਮ ‘ਪਾਰਕਿੰਗ’ ਲਈ ਜਦਕਿ ਸਰਵੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਉਰਵਸ਼ੀ ਅਤੇ ਜਾਨਕੀ ਬੋਦੀਵਾਲ ਨੂੰ ਕ੍ਰਮਵਾਰ ਮਲਿਆਲਮ ਫ਼ਿਲਮ ‘ਓਲੂਜ਼ੋਕੂ’ ਅਤੇ ਤਾਮਿਲ ਫ਼ਿਲਮ ‘ਵਾਸ਼’ ਵਿੱਚ ਕੰਮ ਬਦਲੇ ਦਿੱਤਾ ਗਿਆ। ਸਰਵੋਤਮ ਬਾਲ ਕਲਾਕਾਰ ਵਰਗ ’ਚ ਸੁਕ੍ਰਿਤੀ ਵੇਨ ਬਨਦਰੇਦੀ (ਫ਼ਿਲਮ ਗਾਂਧੀ ਤਥਾ ਚੇਤੂ), ਕਬੀਰ ਖੰਡਾਰੇ (ਜਿਪਸੀ) ਅਤੇ ‘ਨਾਲ 2’ ਦੇ ਕਲਾਕਾਰ ਮੈਂਬਰਾਂ ਤਰੀਸ਼ਾ ਥੋਸਰ, ਸ੍ਰੀਨਿਵਾਸ ਪੋਕਾਲੇ, ਅਤੇ ਭਾਰਗਵ ਜਗਤਾਪ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ‘ਨਾਲ 2’ ਨੂੰ ਸਰਵੋਤਮ ਬਾਲ ਫ਼ਿਲਮ ਦਾ ਐਵਾਰਡ ਵੀ ਦਿੱਤਾ ਗਿਆ। -ਪੀਟੀਆਈ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ’ ਨੂੰ ਮਿਲਿਆ ਐਵਾਰਡ ਭਾਸ਼ਾਈ ਫ਼ਿਲਮ ਵਰਗ ਵਿੱਚ ‘ਗੋਡੇ ਗੋਡੇ ਚਾਅ’ (ਪੰਜਾਬੀ), ਰੋਂਗਾਤਾਪੂ 1982 (ਅਸਾਮੀ), ਡੀਪ ਫਰਿੱਜ (ਬੰਗਾਲੀ), ਪਾਰਕਿੰਕਗ (ਤਾਮਿਲ), ਕੰਡੇਲੂ (ਕੰਨੜ), ਸ਼ਾਮਚੀ ਆਈ (ਮਰਾਠੀ), ਪੁਸਕਾਰਾ (ਉੜੀਆ) ਅਤੇ ਭਗਵੰਤ ਕੇਸਰੀ (ਤੇਲਗੂ) ਨੂੰ ਐਵਾਰਡ ਦਿੱਤੇ ਗਏ।

Leave a Comment

Your email address will not be published. Required fields are marked *