ਦੇਸ਼
ਖੱਬੇ ਪੱਖੀਆਂ ਤੇ ਦਲਿਤ ਵਿਦਿਆਰਥੀਆਂ ਵੱਲੋਂ ਯੂਜੀਸੀ ਨੇਮਾਂ ਦੇ ਹੱਕ ’ਚ ਪ੍ਰਦਰਸ਼ਨ
ਸਿੱਖਿਆ ਸੰਸਥਾਵਾਂ ’ਚ ਭੇਦ-ਭਾਵ ਖ਼ਤਮ ਕਰਨ ਦੀ ਮੰਗ
ਪਟਨਾ,
ਇੱਥੇ ਅੱਜ ਖੱਬੇ ਪੱਖੀ ਅਤੇ ਦਲਿਤ ਵਿਦਿਆਰਥੀ ਜਥੇਬੰਦੀਆਂ ਨੇ ਯੂ ਜੀ ਸੀ ਇਕੁਇਟੀ ਰੈਗੂਲੇਸ਼ਨਜ਼ 2026 ਦੇ ਹੱਕ ਵਿੱਚ ਡਾਕ ਬੰਗਲਾ ਚੌਰਾਹੇ ’ਤੇ ਪ੍ਰਦਰਸ਼ਨ ਕੀਤਾ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ), ਰੈਵੋਲਿਊਸ਼ਨਰੀ ਯੂਥ ਐਸੋਸੀਏਸ਼ਨ (ਆਰ ਵਾਈ ਏ), ਭੀਮ ਆਰਮੀ ਅਤੇ ਹੋਰ ਜਥੇਬੰਦੀਆਂ ਨੇ ‘ਆਲ ਇੰਡੀਆ ਫੋਰਮ ਫਾਰ ਇਕੁਇਟੀ’ (ਏ ਆਈ ਐੱਫ ਈ) ਦੇ ਬੈਨਰ ਹੇਠ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਮਾਮੂਲੀ ਝੜਪ ਤੋਂ ਬਾਅਦ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ, ਹਾਲਾਂਕਿ ਐੱਸ ਡੀ ਪੀ ਓ ਨੇ ਕਿਸੇ ਵੀ ਤਰ੍ਹਾਂ ਦੀ ਹਿਰਾਸਤ ਜਾਂ ਬਲ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਸੀ ਪੀ ਐੱਮ ਐੱਲ ਲਿਬਰੇਸ਼ਨ ਦੀ ਐੱਮ ਐੱਲ ਸੀ ਸ਼ਸ਼ੀ ਯਾਦਵ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਵਿੱਚ ਹਾਲੇ ਵੀ ਵਿਤਕਰਾ ਕੀਤਾ ਜਾ ਰਿਹਾ ਹੈ, ਇਸ ਲਈ ਵਿਦਿਆਰਥੀ ਯੂ ਜੀ ਸੀ ਦੇ ਨਿਯਮਾਂ ਦੇ ਸਮਰਥਨ ਵਿੱਚ ਸੜਕਾਂ ’ਤੇ ਉਤਰੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਹਿਣ ’ਤੇ ਸੁਪਰੀਮ ਕੋਰਟ ਨੇ ਇਨ੍ਹਾਂ ਨਿਯਮਾਂ ’ਤੇ ਰੋਕ ਲਗਾ ਦਿੱਤੀ ਹੈ।
29 ਜਨਵਰੀ ਨੂੰ ਸੁਪਰੀਮ ਕੋਰਟ ਨੇ ਯੂ ਜ ੀ ਸੀ (ਉੱਚ ਸਿੱਖਿਆ ਸੰਸਥਾਵਾਂ ਵਿੱਚ ਬਰਾਬਰੀ ਨੂੰ ਉਤਸ਼ਾਹਿਤ ਕਰਨ ਬਾਰੇ) ਨਿਯਮਾਂ ’ਤੇ ਰੋਕ ਲਾ ਦਿੱਤੀ ਸੀ। ਇਨ੍ਹਾਂ ਨਿਯਮਾਂ ਤਹਿਤ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਭੇਦ-ਭਾਵ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਕੇਂਦਰ ਸਥਾਪਤ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ।