IMG-LOGO
Home News ਮੀਂਹ-ਤੇ-ਝੱਖੜ-ਨੇ-ਟਰਾਈਸਿਟੀ-ਵਿੱਚ-ਤਬਾਹੀ-ਮਚਾਈ
ਪੰਜਾਬ

ਮੀਂਹ ਤੇ ਝੱਖੜ ਨੇ ਟਰਾਈਸਿਟੀ ਵਿੱਚ ਤਬਾਹੀ ਮਚਾਈ

by Admin - 2026-01-23 23:55:41 0 Views 0 Comment
IMG
ਤਾਰਾਂ ’ਤੇ ਦਰੱਖਤ ਡਿੱਗਣ ਕਾਰਨ ਬਿਜਲੀ ਗੁੱਲ; ਕੲੀ ਵਾਹਨ ਨੁਕਸਾਨੇ; ਚੰਡੀਗੜ੍ਹ ਹਵਾਈ ਅੱਡੇ ’ਤੇ 20 ਉਡਾਣਾਂ ਰੱਦ ਚੰਡੀਗਡ਼੍ਹ ਟਰਾਈਸਿਟੀ ਵਿੱਚ ਅੱਜ ਤੜਕੇ ਸ਼ੁਰੂ ਹੋਇਆ ਮੀਂਹ ਸਾਰਾ ਦਿਨ ਰੁਕ-ਰੁਕ ਕੇ ਪੈਂਦਾ ਰਿਹਾ। ਚੰਡੀਗੜ੍ਹ ਹਵਾਈ ਅੱਡੇ ’ਤੇ ਝੱਖੜ ਕਾਰਨ 20 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਦੋ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਇਸ ਤੋਂ ਇਲਾਵਾ ਕਈ ਉਡਾਣਾਂ ਦੇਰੀ ਨਾਲ ਚੱਲੀਆਂ। ਮੀਂਹ ਤੋਂ ਇਲਾਵਾ ਝੱਖੜ ਕਾਰਨ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਲਗਪਗ ਸੱਤਰ ਦਰੱਖਤ ਡਿੱਗ ਗਏ, ਜਿਸ ਕਾਰਨ ਬਿਜਲੀ ਸਪਲਾਈ ਠੱਪ ਰਹੀ, ਕਈ ਘਰਾਂ ਵਿਚਲੀਆਂ ਟੀਨ ਦੀਆਂ ਛੱਤਾਂ ਵੀ ਉੱਡ ਗਈਆਂ। ਮੁਹਾਲੀ ਨਾਲ ਲਗਦੇ ਚੰਡੀਗੜ੍ਹ ਦੇ ਸੈਕਟਰ-50 ਵਿੱਚ ਦਰੱਖਤ ਡਿੱਗਣ ਕਾਰਨ ਇਸ ਖੇਤਰ ਵਿਚ ਵੱਡੀ ਗਿਣਤੀ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ ਤੇ ਬਿਜਲੀ ਦੀਆਂ ਤਾਰਾਂ ਨੁਕਸਾਨੀਆਂ ਗਈਆਂ। ਤੇਜ਼ ਹਵਾਵਾਂ ਕਾਰਨ ਸੈਕਟਰ-29 ਦੀ ਟ੍ਰਿਬਿਊਨ ਕਲੋਨੀ ਵਿਚ ਅੱਧੀ ਦਰਜਨ ਦੇ ਕਰੀਬ ਬਿਜਲੀ ਦੇ ਖੰਭੇ ਡਿੱਗ ਗਏ ਅਤੇ ਦੋ ਕਾਰਾਂ ਨੁਕਸਾਨੀਆਂ ਗਈਆਂ। ਇਸ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਹਾਲਾਂਕਿ, ਟ੍ਰਿਬਿਊਨ ਕਲੋਨੀ ਵਿੱਚ ਬਿਜਲੀ ਦੀ ਆਰਜ਼ੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਸੈਕਟਰ 35 ਵਿਚ ਇੱਕ ਸਕੂਟਰੀ ਸਵਾਰ ਨੌਜਵਾਨ ’ਤੇ ਦਰੱਖਤ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਭਲਕ ਤੋਂ ਸਮਾਂ ਬਦਲ ਦਿੱਤਾ ਹੈ। ਹੁਣ ਸਰਕਾਰੀ ਸਕੂਲ ਸਵੇਰ 8.20 ਵਜੇੇ ਤੋਂ ਦੁਪਹਿਰ 2:20 ਤਕ ਲੱਗਣਗੇ। ਇਨ੍ਹਾਂ ਸਕੂਲਾਂ ਵਿਚ 31 ਮਾਰਚ ਤਕ ਸਰਦੀਆਂ ਦਾ ਸਮਾਂ ਲਾਗੂ ਰਹੇਗਾ। ਜਾਣਕਾਰੀ ਅਨੁਸਾਰ ਵੀਰਵਾਰ ਦੀ ਅੱਧੀ ਰਾਤ ਤੋਂ ਮੀਂਹ ਸ਼ੁਰੂ ਹੋ ਗਿਆ ਸੀ, ਜੋ ਅੱਜ ਸਾਰਾ ਦਿਨ ਰਾਤ ਤਕ ਪੈਂਦਾ ਰਿਹਾ। ਇਸ ਦੌਰਾਨ ਚੰਡੀਗੜ੍ਹ ਵਿੱਚ ਕਈ ਥਾਈਂ ਰੁੱਖ ਜੜ੍ਹੋਂ ਉੱਖੜ ਗਏ ਜਿਸ ਨਾਲ ਕਈ ਵਾਹਨਾਂ ਨੂੰ ਨੁਕਸਾਨ ਪੁੱਜਿਆ। ਕਈ ਥਾਈਂ ਬਿਜਲੀ ਦੇ ਖੰਭੇ ਨੁਕਸਾਨੇ ਗਏ ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਟ੍ਰਿਬਿਊਨ ਕਲੋਨੀ ਦੇ ਸੋਮਵੀਰ ਨੇ ਦੱਸਿਆ ਕਿ ਅੱਜ ਸਵੇਰ ਵੱਡਾ ਦਰੱਖਤ ਡਿੱਗ ਗਿਆ ਜਿਸ ਕਾਰਨ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਲਗਪਗ ਦਸ ਬਿਜਲੀ ਦੇ ਖੰਭੇ ਉੱਖੜ ਗਏ। ਕਲੋਨੀ ਵਾਸੀਆਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਅਧਿਕਾਰੀਆਂ ਨੂੰ ਪੁਰਾਣੇ ਦਰੱਖਤਾਂ ਨੂੰ ਹਟਾਉਣ ਦੀ ਅਪੀਲ ਕਰ ਰਹੇ ਸਨ। ਇਸ ਦੌਰਾਨ ਇੱਕ ਪੁਲੀਸ ਟੀਮ ਮੌਕੇ ’ਤੇ ਪਹੁੰਚੀ, ਜਿਸ ਤੋਂ ਬਾਅਦ ਨਗਰ ਨਿਗਮ ਮੁਲਾਜ਼ਮਾਂ ਨੇ ਡਿੱਗੇ ਹੋਏ ਦਰੱਖਤ ਨੂੰ ਕੱਟ ਦਿੱਤਾ। ਮੌਸਮ ਵਿਭਾਗ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 13.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 10.9 ਡਿਗਰੀ ਸੈਲਸੀਅਸ ਰਿਹਾ। ਅਧਿਕਾਰੀਆਂ ਨੇ ਕਿਹਾ ਕਿ 24 ਜਨਵਰੀ ਤੋਂ 28 ਜਨਵਰੀ ਤਕ ਅੰਸ਼ਿਕ ਬੱਦਲਵਾਈ ਰਹੇਗੀ ਤੇ 26 ਜਨਵਰੀ ਤਕ ਸੰਘਣੀ ਧੁੰਦ ਪਵੇਗੀ।

Leave a Comment

Your email address will not be published. Required fields are marked *