IMG-LOGO
Home News ਪੀੜ੍ਹੀਆਂ-ਦਾ-ਸਫ਼ਰ
ਪੰਜਾਬ

ਪੀੜ੍ਹੀਆਂ ਦਾ ਸਫ਼ਰ; ਕੱਲ੍ਹ, ਅੱਜ ਤੇ ਭਲਕ

by Admin - 2026-01-23 23:51:30 0 Views 0 Comment
IMG
Jagdish Singh Ganeshpur ਮਨੁੱਖੀ ਇਤਿਹਾਸ ਸਿਰਫ਼ ਸਾਲਾਂ ਜਾਂ ਸਦੀਆਂ ਨਾਲ ਨਹੀਂ, ਸਗੋਂ ਪੀੜ੍ਹੀਆਂ ਦੇ ਨਾਮਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਹਰ ਪੀੜ੍ਹੀ ਆਪਣੇ ਨਾਲ ਇੱਕ ਵੱਖਰਾ ਸੰਸਾਰ, ਵੱਖਰੇ ਸੁਪਨੇ ਅਤੇ ਵੱਖਰੀਆਂ ਚੁਣੌਤੀਆਂ ਲਿਆਉਂਦੀ ਹੈ। ਪੱਛਮੀ ਸਮਾਜ ਸ਼ਾਸਤਰੀਆਂ ਨੇ 20ਵੀਂ ਸਦੀ ਦੇ ਮੱਧ ਵਿੱਚ ਪੀੜ੍ਹੀਆਂ ਨੂੰ ਨਾਮ ਦੇਣ ਦੀ ਰੀਤ ਸ਼ੁਰੂ ਕੀਤੀ। ਇਹ ਸਦੀਵੀ ਸੱਚ ਹੈ ਕਿ ਇਤਿਹਾਸ ਸਿਰਫ਼ ਜੰਗਾਂ, ਖੋਜਾਂ ਜਾਂ ਕ੍ਰਾਂਤੀਆਂ ਨਾਲ ਹੀ ਨਹੀਂ ਲਿਖਿਆ ਜਾਂਦਾ ਸਗੋਂ ਇਹ ਉਨ੍ਹਾਂ ਲੋਕਾਂ ਦੇ ਜੀਵਨ-ਚਿੰਨ੍ਹਾਂ ਵਿੱਚ ਵੀ ਵੱਸਦਾ ਹੈ ਜਿਨ੍ਹਾਂ ਨੇ ਉਹ ਸਮਾਂ ਬਿਤਾਇਆ ਹੋਵੇ। ਉਨ੍ਹਾਂ ਦੇ ਸੁਪਨੇ, ਜੀਵਨ-ਸ਼ੈਲੀਆਂ ਤੇ ਮੁਸ਼ਕਿਲਾਂ ਮਿਲ ਕੇ ਇੱਕ ਪੀੜ੍ਹੀ ਬਣਾਉਂਦੀਆਂ ਹਨ। ਸਾਈਲੈਂਟ ਪੀੜ੍ਹੀ ਤੋਂ ਲੈ ਕੇ ਅੱਜ ਦੀ ਅਲਫ਼ਾ ਪੀੜ੍ਹੀ ਤੱਕ, ਹਰ ਨਾਮ ’ਚ ਇੱਕ ਕਹਾਣੀ ਹੈ: ਹੌਸਲੇ ਦੀ, ਬਦਲਾਅ ਦੀ ਅਤੇ ਉਮੀਦ ਦੀ। ‘ਜੈਨਰੇਸ਼ਨ ਜ਼ੈੱਡ’ ਨੇਪਾਲ ਦੇ ਘਟਨਾਕ੍ਰਮ ਤੋਂ ਬਾਅਦ ਦੁਨੀਆ ’ਚ ਅੱਜਕੱਲ੍ਹ ਇੱਕ ਚਰਚਿਤ ਸ਼ਬਦ ਹੈ ਕਿਉਂਕਿ ਇਹ ਨੌਜਵਾਨਾਂ ਦੀ ਬਦਲਦੀ ਸੋਚ ਦਾ ਪ੍ਰਤੀਕ ਹੈ। ਜੈਨਰੇਸ਼ਨ ਜ਼ੈੱਡ ਨਵੀਨਤਾ, ਸੁਤੰਤਰਤਾ ਅਤੇ ਸਮਾਜਿਕ ਪ੍ਰਭਾਵ ਦਾ ਪ੍ਰਤੀਕ ਬਣ ਰਹੀ ਹੈ, ਜਿਸ ਕਾਰਨ ਉਹ ਗੱਲਬਾਤ ਦਾ ਕੇਂਦਰ ਹੈ। ਮੋਮਬੱਤੀਆਂ ਤੋਂ ਸਮਾਰਟਫੋਨਾਂ ਤੱਕ, ਚੁੱਪ ਤੋਂ ਗਲੋਬਲ ਆਵਾਜ਼ਾਂ ਤੱਕ, ਹਰ ਪੀੜ੍ਹੀ ਨੇ ਇਤਿਹਾਸ ਦੀ ਮਸ਼ਾਲ ਫੜ ਭਵਿੱਖ ਦੀ ਪੀੜ੍ਹੀ ਦਾ ਰਾਹ ਰੁਸ਼ਨਾਇਆ ਹੈ। ਆਓ, ਇਸ ਹੀ ਸੰਦਰਭ ’ਚ ਇਨ੍ਹਾਂ ਪੀੜ੍ਹੀਆਂ ਬਾਬਤ ਗੱਲਬਾਤ ਕਰੀਏ। ਲਾਸਟ ਜੈਨਰੇਸ਼ਨ (1883-1900) : ਲਾਸਟ ਯਾਨੀ ਕਿ ਗੁੰਮ ਹੋਈ ਪੀੜ੍ਹੀ, ਉਹ ਜਨਸੰਖਿਆ ਸਮੂਹ ਸੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ੁਰੂਆਤੀ ਬਾਲਗਤਾ ਤੱਕ ਪਹੁੰਚਿਆ ਸੀ। ‘ਲਾਸਟ’ ਇਸ ਲਈ ਕਿਹਾ ਗਿਆ ਕਿਉਂਕਿ ਉਹ ਜੰਗ ਦੇ ਜ਼ਖ਼ਮਾਂ ਅਤੇ ਆਪਣੀ ਪਛਾਣ ਦੀ ਬੇਚੈਨ ਖੋਜ ਵਿੱਚ ਗੁੰਮ ਹੋ ਗਏ ਸਨ। ਇਹ ਉਸ ਨੌਜਵਾਨ ਪੀੜ੍ਹੀ ਨੂੰ ਕਿਹਾ ਜਾਂਦਾ ਹੈ ਜੋ ਪਹਿਲੇ ਵਿਸ਼ਵ ਯੁੱਧ (1914-1918) ਦੌਰਾਨ ਅਤੇ ਇਸ ਤੋਂ ਬਾਅਦ ਜਵਾਨ ਹੋਈ। ਯੁੱਧ ਦੀ ਭਾਰੀ ਤਬਾਹੀ, ਬੇਹਿਸਾਬ ਜਾਨਾਂ ਦੇ ਨੁਕਸਾਨ ਅਤੇ ਸਮਾਜਿਕ ਉਥਲ-ਪੁਥਲ ਕਾਰਨ ਇਹ ਪੀੜ੍ਹੀ ਰਵਾਇਤੀ ਦੇਸ਼ ਭਗਤੀ, ਨੈਤਿਕਤਾ ਅਤੇ ਸਥਿਰਤਾ ਵਾਲੀਆਂ ਕਦਰਾਂ-ਕੀਮਤਾਂ ਤੋਂ ਨਿਰਾਸ਼ ਹੋ ਗਈ। ਲੇਖਕਾਂ, ਕਲਾਕਾਰਾਂ ਅਤੇ ਵਿਚਾਰਕਾਂ ਨੇ ਪੁਰਾਣੇ ਨਿਯਮਾਂ ਨੂੰ ਰੱਦ ਕਰਦੇ ਹੋਏ ਜ਼ਿੰਦਗੀ ਦੇ ਨਵੇਂ ਅਰਥ ਲੱਭਣ ਦੀ ਕੋਸ਼ਿਸ਼ ਕੀਤੀ। ਇਹ ਪੀੜ੍ਹੀ ਅਧਿਕਾਰ ’ਤੇ ਸਵਾਲ ਉਠਾਉਂਦੀ, ਜੈਜ਼ ਸੰਗੀਤ, ਯਾਤਰਾਵਾਂ ਅਤੇ ਆਧੁਨਿਕ ਜੀਵਨਸ਼ੈਲੀ ਨੂੰ ਅਪਣਾਉਂਦੀ ਹੋਈ ਵੀ ਅੰਦਰੋਂ ਡੂੰਘੀ ਨਿਰਾਸ਼ਾ ਛੁਪਾਉਣ ਦਾ ਯਤਨ ਕਰਦੀ ਸੀ। ਗ੍ਰੇਟੈਸਟ ਜੈਨਰੇਸ਼ਨ (1901-1927) : ਗ੍ਰੇਟੈਸਟ ਜੈਨਰੇਸ਼ਨ ਉਹ ਮਰਦਾਂ ਅਤੇ ਔਰਤਾਂ ਦੀ ਪੀੜ੍ਹੀ ਨੂੰ ਕਿਹਾ ਜਾਂਦਾ ਹੈ ਜੋ ਮਹਾਂਮੰਦੀ (1930 ਦੇ ਦਹਾਕੇ) ਦੇ ਸਮੇਂ ਵਿੱਚ ਜਵਾਨ ਹੋਏ ਅਤੇ ਦੂਜੇ ਵਿਸ਼ਵ ਯੁੱਧ (1939-1945) ਵਿੱਚ ਲੜੇ ਜਾਂ ਉਸ ਦੀ ਜਿੱਤ ਵਿੱਚ ਯੋਗਦਾਨ ਪਾਇਆ। ਮੁਸ਼ਕਿਲ ਹਾਲਾਤ ਨੇ ਉਨ੍ਹਾਂ ਵਿੱਚ ਹਿੰਮਤ, ਬਲੀਦਾਨ ਅਤੇ ਸਹਿਨਸ਼ੀਲਤਾ ਵਰਗੇ ਗੁਣ ਪੈਦਾ ਕੀਤੇ। ਕਈ ਲੋਕ ਸੈਨਿਕਾਂ ਵਜੋਂ ਜੰਗ ਵਿੱਚ ਉਤਰੇ, ਜਦੋਂਕਿ ਹੋਰਾਂ ਨੇ ਫੈਕਟਰੀਆਂ, ਖੇਤਾਂ ਅਤੇ ਕਮਿਊਨਿਟੀਆਂ ਵਿੱਚ ਕੰਮ ਕਰਕੇ ਯੁੱਧ ਯਤਨਾਂ ਨੂੰ ਸਮਰਥਨ ਦਿੱਤਾ। ਉਹ ਆਰਥਿਕ ਤੰਗੀਆਂ, ਰਾਸ਼ਨਬੰਦੀ ਅਤੇ ਨਿੱਜੀ ਨੁਕਸਾਨਾਂ ਦੇ ਬਾਵਜੂਦ ਫਰਜ਼ ਅਤੇ ਦੇਸ਼ ਭਗਤੀ ਦੀ ਮਜ਼ਬੂਤ ਭਾਵਨਾ ਨਾਲ ਇਕੱਠੇ ਰਹੇ। ਜੰਗ ਤੋਂ ਬਾਅਦ ਉਨ੍ਹਾਂ ਨੇ ਦੇਸ਼ਾਂ ਨੂੰ ਦੁਬਾਰਾ ਖੜ੍ਹਾ ਕੀਤਾ, ਆਰਥਿਕ ਵਿਕਾਸ ਨੂੰ ਗਤੀ ਦਿੱਤੀ ਅਤੇ ਆਧੁਨਿਕ ਲੋਕਤੰਤਰ, ਨਾਗਰਿਕ ਅਧਿਕਾਰਾਂ ਅਤੇ ਤਕਨੀਕੀ ਤਰੱਕੀ ਦੀ ਨੀਂਹ ਰੱਖੀ। ਸਾਈਲੈਂਟ (ਚੁੱਪ) ਪੀੜ੍ਹੀ (1928-1945): ਮੰਦਭਾਗੀ ਮਹਾਂਮੰਦੀ ਤੇ ਦੂਜੇ ਵਿਸ਼ਵ ਯੁੱਧ ਦੇ ਦੌਰ ਵਿੱਚ ਜਨਮੀ ਇਹ ਪੀੜ੍ਹੀ ਸਰੋਤਾਂ ਦੀ ਘਾਟ, ਜੰਗ ਦੇ ਡਰ ਅਤੇ ਤਿਆਗ ਦੇ ਮਾਹੌਲ ’ਚ ਪਲੀ। ਇਹ ‘ਚੁੱਪ’ ਇਸ ਲਈ ਨਹੀਂ ਸੀ ਕਿ ਉਨ੍ਹਾਂ ਕੋਲ ਆਵਾਜ਼ ਨਹੀਂ ਸੀ, ਪਰ ਇਸ ਲਈ ਕਿ ਜਿਊਣ ਲਈ ਸਹਿਣਸ਼ੀਲਤਾ ਤੇ ਅਨੁਸ਼ਾਸਨ ਲਾਜ਼ਮੀ ਸਨ। ਇਹ ਉਹ ਲੋਕ ਹਨ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਜਿਉਂਦੇ ਰਹੇ। ਇਹ ਨਾਮ 1950 ਦੇ ਦਹਾਕੇ ਦੇ ਟਾਈਮ ਮੈਗਜ਼ੀਨ ਦੇ ਇੱਕ ਲੇਖ ਤੋਂ ਆਇਆ ਹੈ ਅਤੇ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਪੀੜ੍ਹੀ ਦੇ ਬੱਚਿਆਂ ਨੂੰ ਦੇਖਿਆ ਜਾਣਾ ਅਤੇ ਸੁਣਿਆ ਨਾ ਜਾਣਾ ਸਿਖਾਇਆ ਗਿਆ ਸੀ। ਬੇਬੀ ਬੂਮਰਜ਼ (1946-1964) : ਜਦੋਂ ਜੰਗ ਖ਼ਤਮ ਹੋਈ ਤਾਂ ਸ਼ਾਂਤੀ ਤੇ ਆਸ ਨੇ ਜਨਮ ਦਰ ਵਧਾਈ, ਇਸ ਲਈ ਇਨ੍ਹਾਂ ਨੂੰ ‘ਬੇਬੀ ਬੂਮਰਜ਼’ ਕਿਹਾ ਗਿਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਨਮ ਦਰ ਦੇ ਵੱਡੇ ਵਾਧੇ ਕਾਰਨ ਉਨ੍ਹਾਂ ਦਾ ਨਾਮ ਇਸ ਤਰ੍ਹਾਂ ਰੱਖਿਆ ਗਿਆ ਹੈ। ਇਹ ਸਮੂਹ 1946 ’ਚ ਸ਼ੁਰੂ ਹੁੰਦਾ ਹੈ ਅਤੇ 1964 ਦੇ ਆਸਪਾਸ ਪੈਦਾ ਹੋਏ ਲੋਕਾਂ ਨਾਲ ਖ਼ਤਮ ਹੁੰਦਾ ਹੈ, ਜਦੋਂ ਜਨਮ ਦਰ ਦੁਬਾਰਾ ਘਟਣੀ ਸ਼ੁਰੂ ਹੋਈ। ਇਹ ਪੀੜ੍ਹੀ ਨਵੀਂ ਖੁਸ਼ਹਾਲੀ ਵਿੱਚ ਵਧੀ, ਟੈਲੀਵਿਜ਼ਨ ਨੇ ਘਰਾਂ ਨੂੰ ਰੌਸ਼ਨ ਕੀਤਾ, ਟੀਕਾਕਰਨ ਨੇ ਬਿਮਾਰੀਆਂ ਨੂੰ ਹਰਾਇਆ ਤੇ ਅਰਥ-ਵਿਵਸਥਾਵਾਂ ਵਿੱਚ ਤੇਜ਼ੀ ਆਈ। ਇਨ੍ਹਾਂ ਨੇ ਪਰਿਵਾਰ, ਨੌਕਰੀ ਤੇ ਸੁਰੱਖਿਆ ਨੂੰ ਪ੍ਰਮੁੱਖਤਾ ਦਿੱਤੀ, ਪਰ ਉਨ੍ਹਾਂ ਦੀ ਖਪਤ ਨੇ ਵਾਤਾਵਰਨ ਤੇ ਅਰਥ-ਵਿਵਸਥਾ ਉੱਤੇ ਭਾਰੀ ਬੋਝ ਵੀ ਛੱਡਿਆ। ਜੈਨਰੇਸ਼ਨ ਐਕਸ (1965-1980): ਜੈਨਰੇਸ਼ਨ ਐਕਸ ਨੂੰ ਅਕਸਰ ‘ਇਤਿਹਾਸ ਦਾ ਵਿਚਕਾਰਲਾ ਬੱਚਾ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਨੇ ਐਨਾਲਾਗ ਤੋਂ ਡਿਜ਼ੀਟਲ ਤੱਕ ਦਾ ਸਫ਼ਰ ਆਪਣੀਆਂ ਅੱਖਾਂ ਨਾਲ ਵੇਖਿਆ। ਇਨ੍ਹਾਂ ਕੋਲ ਟਾਈਪਰਾਈਟਰ ਵੀ ਸੀ ਅਤੇ ਨਿੱਜੀ ਕੰਪਿਊਟਰ ਵੀ। ਇਨ੍ਹਾਂ ਨੇ ਚਿੱਠੀਆਂ ਵੀ ਲਿਖੀਆਂ ਅਤੇ ਈ-ਮੇਲ ਵੀ ਭੇਜੀਆਂ। ਕੰਮਕਾਜੀ ਜੀਵਨ ’ਚ ਇਨ੍ਹਾਂ ਨੇ ਲਚਕੀਲੇਪਣ ਤੇ ਸੰਤੁਲਨ ਦੀ ਕਦਰ ਕੀਤੀ। ਇਹ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੈ ਕਿ ਇਹ ਪੀੜ੍ਹੀ ਕਿੱਥੋਂ ਸ਼ੁਰੂ ਹੁੰਦੀ ਹੈ ਅਤੇ ਕਿੱਥੋਂ ਖ਼ਤਮ ਹੁੰਦੀ ਹੈ, ਪਰ ਇਹ ਲਗਭਗ 1980 ਤੋਂ 1995 ਤੱਕ ਪੈਦਾ ਹੋਏ ਹਨ। ਮਿਲੇਨੀਅਲਸ/ਜੈਨਰੇਸ਼ਨ ਵਾਈ (1981-1996) : ਇਸ ਜੈਨਰੇਸ਼ਨ ਦੇ ਸਮੇਂ ਦੌਰਾਨ ਜਵਾਨ ਹੋਏ ਮਿਲੇਨੀਅਲਸ ਨੇ ਇੰਟਰਨੈੱਟ ਦੇ ਯੁੱਗ ਵਿੱਚ ਅੱਖਾਂ ਖੋਲ੍ਹੀਆਂ। ਇਨ੍ਹਾਂ ਦੀ ਸਫਲਤਾ ਸਿਰਫ਼ ਪੈਸੇ ਨਾਲ ਨਹੀਂ ਸਗੋਂ ਤਜਰਬਿਆਂ ਨਾਲ ਮਾਪੀ ਜਾਂਦੀ ਹੈ। ਇਨ੍ਹਾਂ ਦੀ ਯੋਗਤਾ ਦੀ ਪਰਖ ਯਾਤਰਾਵਾਂ, ਰਚਨਾਤਮਕਤਾ ਅਤੇ ਸੁਤੰਤਰਤਾ ਨਾਲ ਕੀਤੀ ਜਾਂਦੀ ਹੈ, ਪਰ ਇਨ੍ਹਾਂ ਦਾ ਰਸਤਾ ਆਸਾਨ ਨਹੀਂ ਸੀ। ਕਰਜ਼ੇ ਅਤੇ ਨੌਕਰੀਆਂ ਦੀ ਅਸਥਿਰਤਾ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ। ਫਿਰ ਵੀ ਇਨ੍ਹਾਂ ਨੇ ਉੱਦਮਤਾ, ਨਵ-ਸੋਚ ਅਤੇ ਆਲਮੀ ਸਰਗਰਮੀਆਂ ’ਚ ਆਪਣੀ ਪਛਾਣ ਬਣਾਈ। ਇਸ ਪੀੜ੍ਹੀ ਨੂੰ ਸਵਾਲ ਪੁੱਛਣ ਵਾਲੀ ਪੀੜ੍ਹੀ ਵੀ ਕਿਹਾ ਜਾਂਦਾ ਹੈ। ਜੈਨਰੇਸ਼ਨ ਜ਼ੈੱਡ (1997-2012): ਇਹ ਸੱਚੇ ਡਿਜ਼ੀਟਲ ਹਨ। ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਜਨਮੀ ਇਸ ਪੀੜ੍ਹੀ ਲਈ ਜਾਣਕਾਰੀ ਦੇ ਸਮੁੰਦਰ ਵਿੱਚ ਸੱਚ ਤੇ ਝੂਠ ਨੂੰ ਵੱਖ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਜੈਨ ਜ਼ੈੱਡ ਨੇ ਪਹਿਲੀ ਵਾਰ ਸੰਸਾਰ ਨੂੰ ਸੱਚੇ ਅਰਥਾਂ ਵਿੱਚ ‘ਗਲੋਬਲ ਪਿੰਡ’ ਬਣਾਇਆ। ਉਨ੍ਹਾਂ ਨੇ ਡਿਜ਼ੀਟਲ ਦਰਵਾਜ਼ੇ ਖੋਲ੍ਹੇ ਜਿੱਥੇ ਅਲਫਾ ਪੀੜ੍ਹੀ ਨੇ ਅੰਦਰ ਵਧਣਾ ਸੀ। ਅੱਜ ਦਾ ਸਮਾਂ ਜਨਰੇਸ਼ਨ ਜ਼ੈੱਡ ਦਾ ਹੈ। ਉਨ੍ਹਾਂ ਦੇ ਮਾਪਿਆਂ ਜਾਂ ਦਾਦੇ-ਦਾਦੀਆਂ ਨੇ ਡਿਜ਼ੀਟਲ ਦੁਨੀਆ ਵਿੱਚ ਹੌਲੀ-ਹੌਲੀ ਕਦਮ ਰੱਖਿਆ ਸੀ, ਪਰ ਜਨਰੇਸ਼ਨ ਜ਼ੈੱਡ ਉਸ ਦੇ ਅੰਦਰ ਹੀ ਜੰਮਿਆ ਹੈ। ਉਨ੍ਹਾਂ ਦੇ ਬਚਪਨ ਦੇ ਸਾਥੀ ਟਾਈਪਰਾਈਟਰ ਜਾਂ ਟੀਵੀ ਨਹੀਂ, ਸਗੋਂ ਸਮਾਰਟਫੋਨ, ਸੋਸ਼ਲ ਮੀਡੀਆ ਅਤੇ ਵਾਈ-ਫਾਈ ਸਨ। ਉਨ੍ਹਾਂ ਦੇ ਹੱਥ ਵਿੱਚ ਸਕਰੀਨ ਹੀ ਕਲਾਸਰੂਮ ਹੈ, ਖੇਡ ਮੈਦਾਨ ਹੈ ਅਤੇ ਦੋਸਤਾਂ ਦੀ ਸਭਾ ਵੀ। ਉਹ ਯੂਟਿਊਬ ਵੀਡੀਓਜ਼ ਰਾਹੀਂ ਸਿੱਖਦੇ ਹਨ, ਇੰਸਟਾਗ੍ਰਾਮ ਰਾਹੀਂ ਦੋਸਤ ਬਣਾਉਂਦੇ ਹਨ ਅਤੇ ਡਿਸਕੋਰਡ ਰਾਹੀਂ ਵਿਚਾਰ ਸਾਂਝੇ ਕਰਦੇ ਹਨ। ਇਸ ਸਰਹੱਦ ਰਹਿਤ ਡਿਜ਼ੀਟਲ ਦੁਨੀਆ ਦੇ ਕਿਸੇ ਵੀ ਕੋਨੇ ਨਾਲ ਆਸਾਨੀ ਨਾਲ ਗੱਲ ਕਰ ਸਕਦੇ ਹਨ। ਜੈਨਰੇਸ਼ਨ ਅਲਫ਼ਾ (2013-2025): ਮਿਲੇਨੀਅਲਜ਼ ਅਤੇ ਜੈਨਰੇਸ਼ਨ ਜ਼ੈੱਡ ਤੋਂ ਬਾਅਦ ਹੁਣ ਦੁਨੀਆ ਜੈਨਰੇਸ਼ਨ ਅਲਫਾ ਦਾ ਸਵਾਗਤ ਕਰ ਰਹੀ ਹੈ। ਇਹ ਉਹ ਬੱਚੇ ਹਨ ਜੋ ਲਗਭਗ 2010 ਤੋਂ ਬਾਅਦ ਜੰਮੇ ਹਨ। ਅੱਜ ਦੇ ਬੱਚੇ ਜੈਨ ਅਲਫ਼ਾ ਪੀੜ੍ਹੀ ਦੇ ਹਨ। ਇਹ ਮਿਲੇਨੀਅਲ ਮਾਪਿਆਂ ਦੇ ਬੱਚੇ ਅਤੇ ਜੈਨਰੇਸ਼ਨ ਜੈੱਡ ਦੇ ਛੋਟੇ ਭਰਾ-ਭੈਣ ਹਨ। ਇਹ ਸਮਾਰਟ ਡਿਵਾਈਸਾਂ, ਮਸ਼ੀਨੀ ਸੂਝ-ਬੂਝ ਅਤੇ ਵਰਚੁਅਲ ਕਲਾਸਰੂਮਾਂ ਦੇ ਯੁੱਗ ਵਿੱਚ ਵਧ ਰਹੇ ਹਨ। ਇਨ੍ਹਾਂ ਲਈ ਕੋਡਿੰਗ ਉਸ ਤਰ੍ਹਾਂ ਹੀ ਆਮ ਹੋਵੇਗੀ ਜਿੰਨੀ ਬੂਮਰਜ਼ ਲਈ ਲਿਖਾਈ ਸੀ। ਅਲਫ਼ਾ ਪੀੜ੍ਹੀ ਏਆਈ ਅਤੇ ਮਨੁੱਖੀ ਜੀਵਨ ਦੇ ਸਾਂਝੇ ਸੰਸਾਰ ਦੀ ਨੀਂਹ ਰੱਖੇਗੀ। ਉਨ੍ਹਾਂ ਲਈ ਮਨੁੱਖ ਅਤੇ ਮਸ਼ੀਨ ਦਾ ਇਕੱਠੇ ਕੰਮ ਕਰਨਾ ਆਮ ਗੱਲ ਹੋਵੇਗੀ। ਜਿੱਥੇ ਜੈਨਰੇਸ਼ਨ ਜ਼ੈੱਡ ‘ਵਾਈ-ਫਾਈ’ ਵਿੱਚ ਜੰਮੀ, ਉੱਥੇ ਜਨਰੇਸ਼ਨ ਅਲਫਾ ਆਰਟੀਫਿਸ਼ਿਅਲ ਇੰਟੈਲੀਜੈਂਸ ਵਿੱਚ ਪਲ ਰਹੀ ਹੈ। ਅੱਗੇ ਆਉਣ ਵਾਲੀਆਂ ਪੀੜ੍ਹੀਆਂ ਜੈਨਰੇਸ਼ਨ ਬੀਟਾ (2025-2039): ਜਨਰੇਸ਼ਨ ਬੀਟਾ ਉਹ ਪੀੜ੍ਹੀ ਹੋਵੇਗੀ ਜੋ 21ਵੀਂ ਸਦੀ ਦੇ ਦੂਜੇ ਹਿੱਸੇ ਦੀ ਰੂਪ-ਰੇਖਾ ਤਿਆਰ ਕਰੇਗੀ। ਜਿੱਥੇ ਅਲਫ਼ਾ ਨੇ ਮਨੁੱਖ ਅਤੇ ਮਸਨੂਈ ਦੀ ਦੋਸਤੀ ਬਣਾਈ, ਉੱਥੇ ਹੀ ਬੀਟਾ ਇਹ ਨਿਰਧਾਰਤ ਕਰੇਗੀ ਕਿ ਇਹ ਦੋਸਤੀ ਕਿੰਨੀ ਡੂੰਘੀ ਜਾਂ ਖ਼ਤਰਨਾਕ ਹੋਵੇਗੀ। ਜੈਨਰੇਸ਼ਨ ਬੀਟਾ, ਦੁਨੀਆ ਵਿੱਚ ਆਪਣਾ ਪ੍ਰਵੇਸ਼ ਕਰਨ ਲਈ ਤਿਆਰ ਹੈ। 2025 ਅਤੇ 2039 ਦੇ ਵਿਚਕਾਰ ਪੈਦਾ ਹੋਏ ਬੱਚਿਆਂ ਵਾਲੇ ਇਸ ਸਮੂਹ ਦੇ 2035 ਤੱਕ ਵਿਸ਼ਵ ਆਬਾਦੀ ਦਾ 16 ਪ੍ਰਤੀਸ਼ਤ ਬਣਨ ਦੀ ਉਮੀਦ ਹੈ, ਜਿਸ ਵਿੱਚ ਬਹੁਤ ਸਾਰੇ 22ਵੀਂ ਸਦੀ ਦੀ ਸ਼ੁਰੂਆਤ ਦੇਖਣ ਦੀ ਸੰਭਾਵਨਾ ਰੱਖਦੇ ਹਨ। ਜਨਰੇਸ਼ਨ ਬੀਟਾ ਇੱਕ ਨਾਮਕਰਨ ਪਰੰਪਰਾ ਦੀ ਪਾਲਣਾ ਕਰਦਾ ਹੈ ਜੋ ਜਨਰੇਸ਼ਨ ਅਲਫ਼ਾ ਨਾਲ ਸ਼ੁਰੂ ਹੋਇਆ ਸੀ ਜਿਸ ਵਿੱਚ ਮਨੁੱਖੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਨੂੰ ਦਰਸਾਉਣ ਲਈ ਯੂਨਾਨੀ ਵਰਣਮਾਲਾ ਦੀ ਵਰਤੋਂ ਕੀਤੀ ਗਈ ਹੈ। ਜੈਨਰੇਸ਼ਨ ਗਾਮਾ (2040-2059): ਇਹ ਪੀੜ੍ਹੀ ਸ਼ਾਇਦ ਪਹਿਲੀ ਵਾਰ ਮਨੁੱਖ ਅਤੇ ਏਆਈ ਦੀ ਗਹਿਰੀ ਸਾਂਝ ਨੂੰ ਆਮ ਜੀਵਨ ਵਿੱਚ ਵੇਖੇਗੀ। ਮਨੁੱਖੀ ਸਰੀਰ ਨਾਲ ਟੈਕਨਾਲੋਜੀ ਦਾ ਮਿਲਾਪ (Bio-Tech Integration) ਉਨ੍ਹਾਂ ਲਈ ਆਮ ਗੱਲ ਹੋ ਸਕਦੀ ਹੈ। ਜਲਵਾਯੂ ਤਬਦੀਲੀ ਅਤੇ ਪੁਲਾੜ ਖੋਜ ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ ਦਾ ਹਿੱਸਾ ਹੋਣਗੇ। ਜਿੱਥੇ ਅਲਫ਼ਾ ਨੂੰ ਏਆਈ ਟਿਊਟਰ ਮਿਲੇ, ਬੀਟਾ ਨੂੰ ਹੋਲੋਗ੍ਰਾਫਿਕ ਅਧਿਆਪਕ, ਨੈਨੋ-ਲੈਬ ਅਤੇ ਵਰਚੁਅਲ ਯੂਨੀਵਰਸਿਟੀਆਂ ਮਿਲਣਗੀਆਂ। ਉਹ ਮਨੁੱਖੀ ਦਿਮਾਗ਼ ਨਾਲ ਸਿੱਧੇ ਜੁੜੇ ਡਿਜ਼ੀਟਲ ਡਿਵਾਈਸ ਰਾਹੀਂ ਗਿਆਨ ਹਾਸਲ ਕਰ ਸਕਦੇ ਹਨ।

Leave a Comment

Your email address will not be published. Required fields are marked *