IMG-LOGO
Home News ਖਿਡਾਰੀਆਂ-ਨੂੰ-ਖੇਡਣ-ਦੇਈਏ
ਖੇਡ

ਖਿਡਾਰੀਆਂ ਨੂੰ ਖੇਡਣ ਦੇਈਏ

by Admin - 2026-01-23 23:50:27 0 Views 0 Comment
IMG
Jyoti Malhotra ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤਿਆਂ ਨੂੰ ਇਸ ਸਮੇਂ ਵੱਡਾ ਸੰਕਟ ਦਰਪੇਸ਼ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸੰਕਟ ਦੇ ਹੱਲ ਦੇ ਸਾਰੇ ਤੱਤ ਵੀ ਮੌਜੂਦ ਹਨ ਅਤੇ ਨਵੀਂ ਦਿੱਲੀ ਕੋਲ ਉਨ੍ਹਾਂ ਸਾਰੇ ਨਿਰਾਸ਼ਾਵਾਦੀਆਂ ਨੂੰ ਗ਼ਲਤ ਸਾਬਿਤ ਕਰਨ ਦਾ ਮੌਕਾ ਵੀ ਹੈ, ਜੋ 1971 ਤੋਂ ਬਣੇ ਆ ਰਹੇ ਇਸ ਬਹੁਤ ਖ਼ਾਸ ਰਿਸ਼ਤੇ ਦਾ ਅੰਤ ਹੋਣ ਬਾਰੇ ਆਖ ਰਹੇ ਹਨ। ਕ੍ਰਿਕਟ ਸਬੰਧੀ ਸੰਕਟ ਦਾ ਹੱਲ ਇਨ੍ਹਾਂ ਵਿੱਚੋਂ ਮੁੱਖ ਹੈ, ਜੋ ਟੀ-20 ਪੁਰਸ਼ ਕ੍ਰਿਕਟ ਲੜੀ ਤੋਂ ਬੰਗਲਾਦੇਸ਼ੀ ਕ੍ਰਿਕਟਰ ਮੁਸਤਫਿਜ਼ੁਰ ਰਹਿਮਾਨ ਨੂੰ ਪੰਦਰਾਂ ਕੁ ਦਿਨ ਪਹਿਲਾਂ ਕੁਝ ਕੱਟੜਵਾਦੀ ਹਿੰਦੂ ਸੰਗਠਨਾਂ ਵੱਲੋਂ ਬਾਹਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਉਪਜਿਆ ਸੀ। ਬੀ ਸੀ ਸੀ ਆਈ ਨੇ ਇਹ ਮੰਗ ਮੰਨ ਲਈ ਅਤੇ ਨੌਜਵਾਨ ਖਿਡਾਰੀ ਮੁਸਤਫਿਜ਼ੁਰ ਨੂੰ ਵਾਪਸ ਬੰਗਲਾਦੇਸ਼ ਭੇਜ ਦਿੱਤਾ ਗਿਆ। ਉਦੋਂ ਤੋਂ ਨਾਰਾਜ਼ ਬੰਗਲਾਦੇਸ਼ੀ ਰੁਕੇ ਨਹੀਂ ਅਤੇ ਭਾਰਤ ਵਿੱਚ ਮੈਚ ਖੇਡਣ ਤੋਂ ਪਿੱਛੇ ਹਟ ਰਹੇ ਹਨ, ਜਿਨ੍ਹਾਂ ਵਿੱਚ ਕੋਲਕਾਤਾ ਦੇ ਪ੍ਰਸਿੱਧ ਈਡਨ ਗਾਰਡਨਜ਼ ਮੈਦਾਨ ਵਿੱਚ ਖੇਡੇ ਜਾਣ ਵਾਲੇ ਮੈਚ ਵੀ ਸ਼ਾਮਲ ਹਨ। ਬੰਗਲਾਦੇਸ਼ ਮੰਗ ਕਰ ਰਿਹਾ ਹੈ ਕਿ ਪਾਕਿਸਤਾਨੀ ਟੀਮ ਵਾਂਗ ਉਨ੍ਹਾਂ ਦੇ ਕ੍ਰਿਕਟ ਮੈਚ ਵੀ ਨਿਰਪੱਖ ਮੁਲਕ ਸ੍ਰੀਲੰਕਾ ਵਿੱਚ ਕਰਵਾਏ ਜਾਣ। ਇੱਥੇ ਇਹ ਖ਼ਿਆਲ ਸਾਂਝਾ ਕਰਨਾ ਬਣਦਾ ਹੈ ਕਿ ਬੰਗਲਾਦੇਸ਼ੀ ਕ੍ਰਿਕਟ ਟੀਮ ਦੇ ਮੈਚ ਦੱਖਣੀ ਭਾਰਤ ਵਿੱਚ ਕਰਵਾਏ ਜਾ ਸਕਦੇ ਹਨ, ਜਿੱਥੇ ਬਹੁਤੇ ਬੰਗਾਲੀ ਦਰਸ਼ਕ ਨਹੀਂ ਅਤੇ ਅਮਿਤਵ ਘੋਸ਼ ਵੱਲੋਂ ਦਹਾਕਿਆਂ ਤੋਂ ਇੰਨੀ ਬਾਰੀਕੀ ਨਾਲ ਦਰਸਾਈ ਜਾ ਰਹੀ ਬੇਚੈਨੀ (ਦਿ ਸ਼ੈਡੋ ਲਾਈਨਜ਼, ਦਿ ਹੰਗਰੀ ਟਾਈਡ, ਗੰਨ ਆਈਲੈਂਡ) ਬਾਰੇ ਬਹੁਤਾ ਨਹੀਂ ਜਾਣਦੇ। ਹੁਣ ਚੋਟੀ ਦੇ ਭਾਜਪਾ ਆਗੂ ਵੱਲੋਂ ਬੀ ਐੱਨ ਪੀ ਅਤੇ ਇਸ ਦੇ ਆਗੂ ਤਾਰਿਕ ਰਹਿਮਾਨ ਤੱਕ ਜਾਂ ਫਿਰ ਇਸ ਪਾਰਟੀ ਤੇ ਤਾਰਿਕ ਰਹਿਮਾਨ ਵੱਲੋਂ ਭਾਜਪਾ ਨੇਤਾ ਤੱਕ ਪਹੁੰਚ ਬਣਾਉਣ ਦਾ ਸਮਾਂ ਹੈ। ਜ਼ਿਕਰਯੋਗ ਹੈ ਕਿ ਤਾਰਿਕ ਰਹਿਮਾਨ ਇਸ ਸਮੇਂ ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਲਈ ਰੈਲੀਆਂ ਅਤੇ ਮੀਟਿੰਗਾਂ ਲਈ ਦੇਸ਼ ਭਰ ਵਿੱਚ ਘੁੰਮ ਰਿਹਾ ਹੈ। ਆਖ਼ਰ, ਜੇਕਰ ਆਰ ਐੱਸ ਐੱਸ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਗੱਲ ਕਰ ਸਕਦੀ ਹੈ ਤਾਂ ਕੁਝ ਵੀ ਸੰਭਵ ਹੈ। ਇਸ ਪਿੱਛੇ ਤਰਕ ਇਹ ਹੈ ਕਿ ਦੋਵਾਂ ਧਿਰਾਂ ਦੀ ਇੱਜ਼ਤ ਕਾਇਮ ਰੱਖਣ ਲਈ ਸਮਝਦਾਰ ਲੋਕਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਗਰਮ-ਖ਼ਿਆਲੀਆਂ ਨੂੰ ਰੰਗ ਵਿੱਚ ਭੰਗ ਨਹੀਂ ਪਾਉਣਾ ਚਾਹੀਦਾ। ਸਾਡੇ ਦੁਵੱਲੇ ਇਤਿਹਾਸ ਵਿੱਚ ਇਸ ਤੋਂ ਵੀ ਮਾੜਾ ਵਾਪਰਿਆ ਹੈ। ਦਰਅਸਲ, 1971 ਦਾ ਜੋਸ਼ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਿਹਾ ਅਤੇ ਚਾਰ ਸਾਲਾਂ ਤੋਂ ਵੀ ਘੱਟ ਸਮੇਂ ਬਾਅਦ 15 ਅਗਸਤ 1975 ਨੂੰ ਬੰਗਲਾਦੇਸ਼ੀ ਹੀ ਫਿਰ ਬੰਗਲਾਦੇਸ਼ੀਆਂ ਨੂੰ ਮਾਰ ਰਹੇ ਸਨ। ਵਰਤਮਾਨ ਦੀ ਗੱਲ ਕਰੀਏ ਤਾਂ ਅਜੋਕੀ ਕਹਾਣੀ ਮੁਸਤਫਿਜ਼ੁਰ ਰਹਿਮਾਨ ਜਾਂ ਸ਼ੇਖ ਹਸੀਨਾ ਬਾਰੇ ਨਹੀਂ ਹੈ। ਜ਼ਿਕਰਯੋਗ ਹੈ ਕਿ ‘ਦਿ ਪ੍ਰਿੰਟ’ ਨਾਲ ਇੱਕ ਇੰਟਰਵਿਊ ਵਿੱਚ ਸ਼ੇਖ ਹਸੀਨਾ ਨੇ ਆਉਣ ਵਾਲੀਆਂ ਬੰਗਲਾਦੇਸ਼ੀ ਚੋਣਾਂ ਵਿੱਚ ਅਵਾਮੀ ਲੀਗ ’ਤੇ ਪਾਬੰਦੀ ਨੂੰ ‘ਬਦਲਾਅ ਦੇ ਭੇਸ ਵਿੱਚ ਤਾਨਾਸ਼ਾਹੀ’ ਦੱਸਿਆ ਸੀ। ਹਸੀਨਾ ਨੇ ਦਿੱਲੀ ਦੇ ‘ਫੌਰੇਨ ਕੋਰੈੱਸਪੌਂਡੈਂਟਸ ਕਲੱਬ’ ਵਿੱਚ ਵੁਆਇਸ ਮੈਸੇਜ ਰਾਹੀਂ ਇਹੋ ਸੁਨੇਹਾ ਦਿੱਤਾ ਸੀ। ਕਹਿੰਦੇ ਹਨ ਕਿ ਸਮਝੌਤੇ ਵਿੱਚ ਇਹ ਸ਼ਾਮਲ ਸੀ ਕਿ ਨਾ ਤਾਂ ਉਹ ਕਲੱਬ ਵਿੱਚ ਮੌਜੂਦ ਰਹੇਗੀ ਅਤੇ ਨਾ ਹੀ ਵੀਡੀਓ ਸੰਦੇਸ਼ ਦੇਵੇਗੀ। ਦਰਅਸਲ, ਅਗਸਤ 2024 ਵਿੱਚ ਸ਼ੇਖ ਹਸੀਨਾ ਨੂੰ ਗੱਦੀਓਂ ਲਾਹੇ ਜਾਣ ਤੋਂ ਬਾਅਦ ਭਾਰਤ ਤੇ ਬੰਗਲਾਦੇਸ਼ ਦੇ ਸਬੰਧ ਕਾਫ਼ੀ ਵਿਗੜ ਗਏ ਅਤੇ ਬੰਗਲਾਦੇਸ਼ ਅੰਦਰ ਬਦਲੇ ਦੀ ਕਾਰਵਾਈ ਵਜੋਂ ਬੇਦੋਸ਼ੇ ਹਿੰਦੂਆਂ ਦੇ ਹਾਲ ਹੀ ਵਿੱਚ ਹੋਏ ਕਤਲ ਵੱਡੀ ਘਟਨਾ ਹਨ। ਇਸ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਫੌਰੀ ਕਾਰਵਾਈ ਦੀ ਲੋੜ ਹੈ। ਇਸ ਦਿਸ਼ਾ ਵਿੱਚ ਸ਼ੁਰੂਆਤ ਹੋ ਗਈ ਹੈ। ਖਾਲਿਦਾ ਜ਼ਿਆ ਦੇ ਅੰਤਿਮ ਸੰਸਕਾਰ ’ਤੇ ਭਾਰਤ ਵੱਲੋਂ ਸ਼ਰਧਾਂਜਲੀ ਦੇਣ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਢਾਕਾ ਗਏ। ਪਿਛਲੇ ਸਾਲ ਨਵੰਬਰ ਵਿੱਚ ਬੰਗਲਾਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਖਲੀਲੁਰ ਰਹਿਮਾਨ ਨੇ ਭਾਰਤ ਦੇ ਐੱਨ ਐੱਸ ਏ ਅਜੀਤ ਡੋਵਾਲ ਨਾਲ ਮੁਲਾਕਾਤ ਕਰਨ ਲਈ ਦਿੱਲੀ ਦਾ ਦੌਰਾ ਕੀਤਾ ਸੀ। ਭਾਰਤ ਨੂੰ ਬੰਗਲਾਦੇਸ਼ ਦੀ ਲੋੜ ਸਿਰਫ਼ ਇਸ ਕਰਕੇ ਨਹੀਂ ਕਿ ਅਗਲੇ ਕੁਝ ਮਹੀਨਿਆਂ ਵਿੱਚ ਪੱਛਮੀ ਬੰਗਾਲ ਅਤੇ ਆਸਾਮ ਵਿੱਚ ਚੋਣਾਂ ਹੋਣ ਵਾਲੀਆਂ ਹਨ ਅਤੇ ਇਹ ਦੋਵੇਂ ਸੂਬੇ ਬੰਗਲਾਦੇਸ਼ ਨਾਲ ਲੱਗਦੇ ਹਨ ਸਗੋਂ ਇਸ ਨੂੰ ਵੱਖ-ਵੱਖ ਕਬੀਲਿਆਂ, ਧਰਮਾਂ, ਜਾਤੀਆਂ ਅਤੇ ਸਿਆਸੀ ਪਾਰਟੀਆਂ ਦੇ ਮਿਸ਼ਰਣ ਵਾਲੇ ਆਪਣੇ ਉੱਤਰ-ਪੂਰਬੀ ਖਿੱਤੇ ਅਤੇ ਨਾਲ ਹੀ ਤੇਜ਼ੀ ਨਾਲ ਬਦਲਦੇ ਪੂਰਬੀ ਖਿੱਤੇ ਨੂੰ ਸੁਰੱਖਿਅਤ ਕਰਨ ਲਈ ਵੀ ਢਾਕਾ ਦੇ ਸਮਰਥਨ ਦੀ ਲੋੜ ਹੈ। ਬਹੁਤ ਸਾਰੇ ਲੋਕ ਹਸੀਨਾ ਦੇ ਹੰਕਾਰ ਅਤੇ ਮਾੜੇ ਸ਼ਾਸਨ ਨੂੰ ਉਸ ਦੇ ਤਖ਼ਤ ਪਲਟੇ ਦਾ ਕਾਰਨ ਦੱਸਦੇ ਹਨ। ਇਹ ਵੀ ਸੱਚ ਹੈ ਕਿ ਭਾਰਤ ਸਰਕਾਰ ਨੇ ਬਹੁਤ ਸਾਰੇ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਵਿੱਚ ਇਹ ਤੱਥ ਵੀ ਸ਼ਾਮਿਲ ਹੈ ਕਿ ਹਸੀਨਾ ਅਤੇ ਬੀ ਐੱਨ ਪੀ ਦੇ ਸਿੰਗ ਹਮੇਸ਼ਾ ਫਸੇ ਹੀ ਰਹੇ- ਬੀ ਐੱਨ ਪੀ ਨੇ ਦੋ ਵਾਰ ਰਾਸ਼ਟਰੀ ਚੋਣਾਂ ਨਹੀਂ ਲੜੀਆਂ, ਜਿਸ ਨਾਲ ਬੰਗਲਾਦੇਸ਼ ਵਿੱਚ ਰਾਜਨੀਤਿਕ ਵਿਵਾਦ ਹੋਰ ਵਧਿਆ। ਭਾਰਤ ਵਿੱਚ ਕਾਂਗਰਸ ਅਤੇ ਭਾਜਪਾ ਦੋਵੇਂ ਸਿਆਸੀ ਪਾਰਟੀਆਂ ਸ਼ੇਖ ਹਸੀਨਾ ਨੂੰ ਪਸੰਦ ਕਰਦੀਆਂ ਹਨ ਕਿਉਂਕਿ ਉਹ ਸੱਚਮੁੱਚ ਧਰਮ ਨਿਰਪੱਖ ਸੀ, ਹਿੰਦੂ ਘੱਟਗਿਣਤੀ ਦੀ ਰੱਖਿਆ ਦੀ ਅਹਿਮੀਅਤ ਨੂੰ ਸਮਝਦੀ ਸੀ ਅਤੇ ਸਰਹੱਦ ਪਾਰ ਖੁੱਲ੍ਹੀ ਗੱਲਬਾਤ ਤੇ ਵਪਾਰ ਦੀ ਹਾਮੀ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਸ ਨੇ ਪਾਕਿਸਤਾਨ ਦੀ ਆਈ ਐੱਸ ਆਈ ਦੀ ਅਗਵਾਈ ਹੇਠਲੇ ਗ਼ਲਤ ਅਨਸਰਾਂ ਨੂੰ ਕਾਬੂ ਵਿੱਚ ਰੱਖਿਆ, ਅਜਿਹਾ ਨਾ ਹੁੰਦਾ ਤਾਂ ਉਹ ਬੰਗਾਲ ਦੀ ਖਾੜੀ ਵਿੱਚ ਬਹੁਤ ਨੁਕਸਾਨ ਪਹੁੰਚਾ ਸਕਦੇ ਸਨ। ਤਾਰਿਕ ਦੀ ਮਾਂ, ਮਰਹੂਮ ਖਾਲਿਦਾ ਜ਼ਿਆ ਦੇ ਪ੍ਰਧਾਨ ਮੰਤਰੀ ਹੁੰਦਿਆਂ ਅਚਾਨਕ ਮਿਲੀ ਹਥਿਆਰਾਂ ਦੀ ਵੱਡੀ ਖੇਪ ਨੂੰ ਕੌਣ ਭੁੱਲ ਸਕਦਾ ਹੈ, ਜਿਸ ਦਾ ਮਕਸਦ ‘ਸੈਵਨ ਸਿਸਟਰਜ਼’ (ਸੱਤ ਭੈਣਾਂ) ਵਜੋਂ ਜਾਣੇ ਜਾਂਦੇ ਉੱਤਰ-ਪੂਰਬੀ ਸੂਬਿਆਂ ਵਿੱਚ ਗੜਬੜ ਪੈਦਾ ਕਰਨਾ ਸੀ। ਖ਼ੈਰ, ਜੋ ਬੀਤ ਗਿਆ ਸੋ ਬੀਤ ਗਿਆ। ਅੱਜ ਹਸੀਨਾ ਦਿੱਲੀ ਵਿੱਚ ਹੈ ਅਤੇ ਦਿੱਲੀ ਉਸ ਨੂੰ ਕਦੇ ਵਾਪਸ ਨਹੀਂ ਭੇਜੇਗੀ। ਇਹ ਗੱਲ ਢਾਕਾ ਨੂੰ ਸਮਝਣੀ ਅਤੇ ਇਸ ਦੀ ਕਦਰ ਕਰਨੀ ਚਾਹੀਦੀ ਹੈ ਕਿ ਸਿੱਟੇ ਚਾਹੇ ਕੁਝ ਵੀ ਨਿਕਲਣ, ਭਾਰਤ ਆਪਣੇ ਦੋਸਤਾਂ ਨੂੰ ਇਕੱਲੇ ਨਹੀਂ ਛੱਡਦਾ। ਉਂਜ, ਕਈ ਟ੍ਰਿਬਿਊਨਲ ਸ਼ੇਖ ਹਸੀਨਾ ਨੂੰ ਭਾਰਤ ਵਿੱਚੋਂ ਕੱਢਣ ਦੀ ਮੰਗ ਕਰ ਰਹੇ ਹਨ ਕਿਉਂਕਿ ਉਸ ਨੂੰ ‘ਮਨੁੱਖਤਾ ਵਿਰੁੱਧ ਅਪਰਾਧਾਂ ਦੀ ਦੋਸ਼ੀ’ ਗਰਦਾਨਿਆ ਗਿਆ ਹੈ। ਇਸ ਸਭ ਤੋਂ ਵੱਧ ਦੋਵਾਂ ਦੇਸ਼ਾਂ ਦੇ ਕੁਲੀਨ ਵਰਗ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜੋਕਾ ਭਾਰਤ ਅਤੇ ਬੰਗਲਾਦੇਸ਼ ਬਹੁਤ ਛੋਟੇ, ਵਧੇਰੇ ਇੱਛਾਵਾਂ ਭਰੇ ਅਤੇ ਸੁਪਨਸ਼ੀਲ ਹਨ ਕਿਉਂਕਿ 63 ਫ਼ੀਸਦੀ ਬੰਗਲਾਦੇਸ਼ੀ ਅਤੇ 52 ਫ਼ੀਸਦੀ ਭਾਰਤੀ 30 ਸਾਲ ਤੋਂ ਘੱਟ ਉਮਰ ਦੇ ਹਨ। ਉਹ ਅਤੀਤ ਦਾ ਬੋਝ ਨਹੀਂ ਚੁੱਕਦੇ। ਉਦੋਂ ਉਹ ਜਨਮੇ ਵੀ ਨਹੀਂ ਸਨ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਸੀ। ਉਹ ਅੱਗੇ ਵਧਣਾ ਚਾਹੁੰਦੇ ਹਨ ਅਤੇ ਦਿਮਾਗ਼ ਖਪਾਉਣ ਦੀ ਬਜਾਏ ਜ਼ਿੰਦਗੀ ਬਾਰੇ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਭਾਸ਼ਾ ਦਾ ਮੁਹਾਂਦਰਾ ਹੀ ਵੱਖਰਾ ਹੈ। ਇਸ ਲਈ ਅੱਗੇ ਵਧਣ ਦਾ ਰਾਹ ਇਹ ਹੈ ਕਿ ਭਾਰਤ ਵਿੱਚ ਹਸੀਨਾ ਦੀ ਮੌਜੂਦਗੀ ਨੂੰ ਦੁਵੱਲੇ ਸਬੰਧਾਂ ’ਚ ਕਾਂਜੀ ਨਾ ਘੋਲਣ ਦਿੱਤੀ ਜਾਵੇ। ਨਵੇਂ ਬੰਗਲਾਦੇਸ਼ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਭਾਰਤ ਦੇ ਵਿਸ਼ਾਲ ਆਕਾਰ ਅਤੇ ਮੌਜੂਦਗੀ ਦਾ ਉਸ ਨੂੰ ਬੇਹੱਦ ਫ਼ਾਇਦਾ ਹੈ, ਜਿਸ ਦਾ ਛੋਟੀਆਂ ਤਾਕਤਾਂ ਸਿਰਫ਼ ਸੁਪਨਾ ਹੀ ਲੈ ਸਕਦੀਆਂ ਹਨ। ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਖਾਲਿਦਾ ਜ਼ਿਆ ਦਾ ਪੁੱਤਰ ਤਾਰਿਕ ਰਹਿਮਾਨ ਬੰਗਲਾਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣ ਜਾਵੇਗਾ। ਉਸ ਦੀ ਜੈਸ਼ੰਕਰ ਨਾਲ ਮੁਲਾਕਾਤ ਹਰ ਪੱਖ ਤੋਂ ਵਧੀਆ ਰਹੀ। ਹੁਣ ਸਰਹੱਦ ਦੇ ਆਰ-ਪਾਰ ਦੋਵੇਂ ਧਿਰਾਂ ਲਈ ਆਪਣੇ ਮਤਭੇਦਾਂ ਨੂੰ ਸੁਲਝਾਉਣ ਦਾ ਸਮਾਂ ਹੈ। ਸਚਾਈ ਇਹ ਹੈ ਕਿ ਢਾਕਾ ਨੂੰ ਅੱਜ ਦਿੱਲੀ ਦੀ ਵਧੇਰੇ ਲੋੜ ਹੈ। ਸ਼ੀ ਜਿਨਪਿੰਗ ਦਾ ਚੀਨ ਤਾਰਿਕ ਨੂੰ ਹੋਰ ਵੀ ਵੱਡੀ ਮਾਲੀ ਮਦਦ ਦੇ ਸਕਦਾ ਹੈ, ਜਿਵੇਂ ਕਿ ਸ਼ੀ ਨੇ 2016 ਵਿੱਚ ਹਸੀਨਾ ਨੂੰ ਵਿੱਤੀ ਮਦਦ ਦਿੱਤੀ ਸੀ ਅਤੇ ਪਾਕਿਸਤਾਨ ਬੰਗਾਲ ਦੀ ਖਾੜੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਸਕਦਾ ਹੈ। ਪਰ ਸਾਰੇ ਜਾਣਦੇ ਹਨ ਕਿ ਪਾਕਿਸਤਾਨ ਇਸ ਨਾਲੋਂ 2,000 ਕਿਲੋਮੀਟਰ ਤੋਂ ਵੱਧ ਦੂਰ ਹੈ, ਜਿਸ ਦੀ ਆਰਥਿਕਤਾ ਇੰਨੀ ਨਿੱਘਰੀ ਹੋਈ ਹੈ ਕਿ ਇਸ ਨੇ ਖ਼ੁਦ ਨੂੰ ਇੱਕ ਤਰ੍ਹਾਂ ਨਾਲ ਚੀਨ ਦੇ ਹਵਾਲੇ ਕਰ ਦਿੱਤਾ ਹੈ। ਭਾਰਤ ਹੀ ਬੰਗਲਾਦੇਸ਼ ਦਾ ਕੁਦਰਤੀ ਗੁਆਂਢੀ, ਕੁਦਰਤੀ ਬਾਜ਼ਾਰ ਅਤੇ ਕੁਦਰਤੀ ਸਾਥੀ ਹੈ। ਇਸ ਲਈ ਕ੍ਰਿਕਟ ਦੀ ਖੇਡ ਸਬੰਧੀ ਵਿਵਾਦ ਸੁਲਝਾਉਣਾ ਜਮੂਦ ਨੂੰ ਤੋੜਨ ਦਾ ਸਬੱਬ ਬਣ ਸਕਦਾ ਹੈ ਅਤੇ ਦੋਵਾਂ ਧਿਰਾਂ ਵਿਚਕਾਰ ਤਣਾਅ ਨੂੰ ਘਟਾਅ ਸਕਦਾ ਹੈ। ਲਿਟਨ ਦਾਸ ਨੂੰ ਸੂਰਿਆਕੁਮਾਰ ਯਾਦਵ ਦੇ ਰੂ-ਬ-ਰੂ ਹੋਣ ਦੇਈਏ। ਖਿਡਾਰੀਆਂ ਨੂੰ ਖੇਡਣ ਦੇਈਏ।

Leave a Comment

Your email address will not be published. Required fields are marked *