IMG-LOGO
Home News ਰਣਨੀਤਕ-ਅਸਪੱਸ਼ਟਤਾ-ਦਾ-ਅੰਤ
ਰਾਜਨੀਤੀ

ਰਣਨੀਤਕ ਅਸਪੱਸ਼ਟਤਾ ਦਾ ਅੰਤ

by Admin - 2026-01-23 23:49:23 0 Views 0 Comment
IMG
LT GEN SS MEHTA RETD ਦਹਾਕਿਆਂ ਤੋਂ ਰਣਨੀਤਕ ਅਸਪੱਸ਼ਟਤਾ ਨੂੰ ਸਿਆਣਪ, ਕਾਰਵਾਈ ਲਈ ਸਮਾਂ ਲੈਣ ਅਤੇ ਤਣਾਅ ਘਟਾਉਣ ਦਾ ਤਰੀਕਾ ਮੰਨਿਆ ਜਾਂਦਾ ਸੀ, ਜਿਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਇਤਿਹਾਸ ਹੀ ਆਪਣਾ ਨਿਰਣਾ ਦੇ ਸਕਦਾ ਹੈ। ਉਸ ਸੰਤੁਲਿਤ ਸੰਸਾਰ ਵਿੱਚ ਇਹ ਸਥਿਰਤਾ ਕਾਇਮ ਕਰਨ ਵਾਲਾ ਇੱਕ ਕਾਰਕ ਹੁੰਦੀ ਸੀ। ਇਸ ਦੇ ਉਲਟ ਅਜੋਕੀ ਵਿਸ਼ਵ ਵਿਵਸਥਾ ਵਿੱਚ ਇਹ ਫ਼ੈਸਲਿਆਂ ਨੂੰ ਮੁਲਤਵੀ ਕਰਨ, ਸਹਿਣਸ਼ੀਲਤਾ ਦੀ ਪਰਖ ਅਤੇ ਜਵਾਬਦੇਹੀ ਤੋਂ ਬਿਨਾਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਸਾਧਨ ਬਣ ਗਈ ਹੈ। ਕਦੇ ਸ਼ਾਂਤੀ ਕਾਇਮ ਰੱਖਣ ਵਾਲੀ ਪਹੁੰਚ ਹੁਣ ਅਨਿਸ਼ਚਿਤਤਾ ’ਚ ਵਾਧਾ ਕਰਨ ਲੱਗੀ ਹੈ। ਇਸ ਦੇ ਸਿੱਟੇ ਵਜੋਂ ਰੁਖ਼ ਬਦਲ ਦਿੱਤਾ ਗਿਆ। ਰਣਨੀਤਕ ਅਸਪੱਸ਼ਟਤਾ ਮਹਿਜ਼ ਇਤਫ਼ਾਕਵੱਸ ਅਸਫ਼ਲ ਨਹੀਂ ਹੋਈ; ਇਸ ਨੂੰ ਜਾਣਬੁੱਝ ਕੇ ਪਛਾੜਿਆ ਗਿਆ ਹੈ। ਕੌਮਾਂਤਰੀ ਵਿਵਸਥਾ ਨੇ ਹੌਲੀ-ਹੌਲੀ ਨਿਯੰਤਰਣ ਨੂੰ ਚੁੱਪ ਦਰਸਾਉਣਾ ਸਿੱਖ ਲਿਆ ਹੈ। ਔਖੇ ਸਵਾਲਾਂ ਦੇ ਜਵਾਬ ਨਾ ਦਿੱਤੇ ਗਏ, ਸਪੱਸ਼ਟ ਹੱਦਾਂ ਤੈਅ ਨਾ ਕੀਤੀਆਂ ਗਈਆਂ ਅਤੇ ਸਮਾਂ-ਸੀਮਾਵਾਂ ਵੀ ਪਰਿਭਾਸ਼ਿਤ ਨਹੀਂ ਕੀਤੀਆਂ ਗਈਆਂ। ਬੇਮੇਲ ਇੱਛਾਵਾਂ ਅਤੇ ਮੌਕਾਪ੍ਰਸਤੀ ਵਾਲੇ ਸੁਧਾਰਵਾਦ ਦੇ ਇਸ ਯੁੱਗ ਵਿੱਚ ਰਣਨੀਤਕ ਅਸਪੱਸ਼ਟਤਾ ਲਾਹੇਵੰਦ ਨੀਤੀ ਤੋਂ ਗਲ ਪਏ ਢੋਲ ਵਿੱਚ ਬਦਲ ਗਈ ਹੈ, ਜਿਸ ਦਾ ਉਨ੍ਹਾਂ ਵੱਲੋਂ ਲਾਹਾ ਲਿਆ ਜਾਂਦਾ ਹੈ ਜਿਨ੍ਹਾਂ ਨੂੰ ਦੇਰੀ ਤੋਂ ਫ਼ਾਇਦਾ ਹੁੰਦਾ ਹੈ ਜਦੋਂਕਿ ਵਿਵਸਥਾ ’ਤੇ ਨਿਰਭਰ ਰਹਿਣ ਵਾਲਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਰਣਨੀਤਕ ਅਸਪੱਸ਼ਟਤਾ ਟਾਲ-ਮਟੋਲ ਦੀ ਨੀਤੀ ਵਜੋਂ ਸ਼ੁਰੂ ਨਹੀਂ ਹੋਈ ਸੀ। ਇਸ ਦਾ ਉਦੇਸ਼ ਇਰਾਦਿਆਂ ਨੂੰ ਪਰਖਣਾ ਅਤੇ ਮੱਤਭੇਦ ਦੂਰ ਕਰਨਾ ਸੀ। ਸਬੰਧਿਤ ਧਿਰਾਂ ਦੀ ਦੁਵੱਲੀ ਨੀਤੀ ਹੋਣ ਅਤੇ ਤਵਾਜ਼ਨ ਕਾਇਮੀ ਦੇ ਇਰਾਦਿਆਂ ਕਾਰਨ ਇਹ ਕਾਰਗਰ ਸੀ। ਸਮਾਂ ਪਾ ਕੇ ਦੁਹਰਾਅ ਕਾਰਨ ਇਹ ਕਾਰਗਰ ਨਾ ਰਹੀ। ਜੋ ਢੰਗ ਤਰੀਕੇ ਅਸਥਾਈ ਹੋਣੇ ਚਾਹੀਦੇ ਸਨ ਉਹ ਆਦਤ ਹੀ ਬਣ ਗਏ; ਇਰਾਦਿਆਂ ਨੂੰ ਪਰਖਣ ਲਈ ਵਰਤੀ ਜਾਂਦੀ ਇਹ ਨੀਤੀ ਯਥਾਸਥਿਤੀ ਨੂੰ ਹੌਲੀ ਹੌਲੀ ਜਾਣਬੁੱਝ ਕੇ ਖੋਰਾ ਲਾਉਣ ਲਈ ਮੁਖੌਟਾ ਬਣ ਗਈ। ਜਦੋਂ ਅਸਪੱਸ਼ਟਤਾ ਬੇਮੇਲ ਹੋ ਜਾਵੇ ਅਸ਼ਾਂਤ ਸਰਹੱਦਾਂ ’ਤੇ ਇਹ ਸਭ ਤੋਂ ਪ੍ਰਤੱਖ ਦਿਸਦੀ ਹੈ। ਇਸ ਨੀਤੀ ਦੀ ਕੀਮਤ ਬਹੁਤ ਜ਼ਿਆਦਾ ਉਚਾਈ ਅਤੇ ਸਾਰਾ ਸਾਲ ਬਰਫ਼ ਨਾਲ ਭਰੇ ਰਹਿਣ ਵਾਲੇ ਘੱਟ ਆਕਸੀਜਨ ਵਾਲੇ ਖੇਤਰਾਂ ਵਿੱਚ ਪਤਾ ਲੱਗਦੀ ਹੈ। ਇਸ ਦੀ ਕੀਮਤ ਪਹਿਲਾਂ ਨਾਗਰਿਕ ਨੂੰ ਤਾਰਨੀ ਪੈਂਦੀ ਹੈ, ਜਿਵੇਂ ਉਸ ਚਰਵਾਹੇ ਨੂੰ ਜਿਸ ਦੀ ਪੀੜ੍ਹੀਆਂ ਤੋਂ ਚਲੀ ਆ ਰਹੀ ਚਰਾਗਾਹ ਦੇ ਰਾਹ ’ਚ ਨਵੀਂ, ਅਣਜਾਣ ਵਾੜ ਲੱਗ ਜਾਵੇ ਜਾਂ ਫਿਰ ਉਸ ਪਿੰਡ ਵਾਸੀ ਨੂੰ ਜਿਸ ਦੇ ਜੱਦੀ ਪਿੰਡ ਨੂੰ ਰਾਤ ਦੀ ਗਸ਼ਤ ਪਾਰਟੀ ਚੁੱਪਚਾਪ ਆਪਣਾ ਖੇਤਰ ਸਮਝ ਕੇ ਮੱਲ ਲਵੇ। ਤੇ ਕਦੇ ਦੂਰ ਸਮੁੰਦਰੀ ਪਾਣੀਆਂ ਵਿੱਚ ਠਿੱਲੀਆਂ ਕਿਸ਼ਤੀਆਂ ’ਚ ਮਛੇਰਿਆਂ ਵੱਲੋਂ ਬੈਠ ਕੇ ਰੋਜ਼ੀ ਕਮਾਉਣ ਨੂੰ ਰਾਤੋ-ਰਾਤ ਅਪਰਾਧ ਬਣਾ ਦਿੱਤਾ ਜਾਵੇ, ਇਹ ਸਭ ਇਸ ਕਰਕੇ ਨਹੀਂ ਕਿ ਜਨਤਕ ਤੌਰ ’ਤੇ ਨਕਸ਼ੇ ਦੁਬਾਰਾ ਬਣਾਏ ਗਏ ਸਨ ਸਗੋਂ ਇਸ ਲਈ ਕਿਉਂਕਿ ਜਾਣਬੁੱਝ ਕੇ ਸਪੱਸ਼ਟ ਹੱਦ ਨਹੀਂ ਸੀ ਉਲੀਕੀ ਗਈ। ਬੇਯਕੀਨੀ ਇਨ੍ਹਾਂ ਸਰਹੱਦਾਂ ’ਤੇ ਤਾਇਨਾਤ ਸੈਨਿਕਾਂ ਦੇ ਹੱਡੀਂ ਰਚ ਜਾਂਦੀ ਹੈ। ਉਹ ਨਿਰਵਿਘਨ ਨਿਯੰਤਰਣ ਬਣਾਈ ਰੱਖਣ ਦੇ ਪੁਰਸਲਾਤ ’ਤੇ ਤੁਰਦੇ ਰਹਿੰਦੇ ਹਨ। ਜਦੋਂ ਉਲਝਣ ਟਕਰਾਅ ਵਿੱਚ ਬਦਲ ਜਾਂਦੀ ਹੈ ਤਾਂ ਰਾਜਧਾਨੀਆਂ ਵੱਲੋਂ ਫ਼ੈਸਲੇ ਲੈਣ ਦੀ ਘਾਟ ਕਾਰਨ ਪੈਦਾ ਹੋਏ ਖ਼ਤਰਿਆਂ ਨਾਲ ਸਿੱਝਣ ਲਈ ਉਨ੍ਹਾਂ ਨੂੰ ਮਨੁੱਖੀ ਢਾਲਾਂ ਬਣਾ ਕੇ ਅੱਗੇ ਭੇਜ ਦਿੱਤਾ ਜਾਂਦਾ ਹੈ। ਰੁਖ਼ ਬਦਲਣ ਦੀ ਜਮਹੂਰੀ ਕੀਮਤ ਲੰਮਾ ਸਮਾਂ ਚਲਦੀ ਰਣਨੀਤਕ ਅਸਪੱਸ਼ਟਤਾ ਦੀ ਕੀਮਤ ਸਾਰੇ ਇੱਕੋ ਜਿੰਨੀ ਨਹੀਂ ਤਾਰਦੇ। ਜਮਹੂਰੀਅਤਾਂ ਬਹਿਸ ਅਤੇ ਜਵਾਬਦੇਹੀ ਰਾਹੀਂ ਅੰਦਰੂਨੀ ਤੌਰ ’ਤੇ ਅਨਿਸ਼ਚਿਤਤਾ ਨੂੰ ਜਜ਼ਬ ਕਰਦੀਆਂ ਹਨ। ਸੁਧਾਰਵਾਦੀ ਪ੍ਰਣਾਲੀਆਂ ਹਨੇਰੇ ਵਿੱਚ ਅਸਪੱਸ਼ਟਤਾ ਨੂੰ ਅਮਲ ਵਿੱਚ ਲਿਆਉਂਦੀਆਂ ਹਨ। ਬੇਮੇਲ ਮੁਕਾਬਲਿਆਂ ਵਿੱਚ ਕਿਸੇ ਵੀ ਕਿਸਮ ਦੀ ਰਣਨੀਤਕ ਅਸਪੱਸ਼ਟਤਾ ਮਜ਼ਬੂਤ ਧਿਰ ਦਾ ਹੀ ਪੱਖ ਪੂਰਦੀ ਹੈ। ਰੁਖ਼ ਬਦਲਣ ਜਾਂ ਮਸਲਾ ਟਾਲੀ ਰੱਖਣ ਦੀਆਂ ਕੋਸ਼ਿਸ਼ਾਂ ਦੀ ਕੀਮਤ ਵੀ ਦੋਵੇਂ ਦੁਸ਼ਮਣ ਮੁਲਕ ਇੱਕੋ ਜਿੰਨੀ ਨਹੀਂ ਤਾਰਦੇ ਅਤੇ ਕਮਜ਼ੋਰ ਮੁਲਕ ਕੋਲ ਰਸਮੀ ਚੋਣ ਕਰਨ ਦਾ ਵੀ ਵਿਕਲਪ ਨਹੀਂ ਰਹਿੰਦਾ। ਅਜਿਹੇ ਹਾਲਾਤ ਵਿੱਚ ਰਣਨੀਤਕ ਸਪੱਸ਼ਟਤਾ ਟਕਰਾਅ ’ਚ ਵਾਧਾ ਨਹੀਂ ਕਰਦੀ ਸਗੋਂ ਜਮਹੂਰੀਅਤ ਦੀ ਸਿਹਤ ਲਈ ਚੰਗੀ ਹੁੰਦੀ ਹੈ। ਨਿਯਮ ਕੌਣ ਘੜਦਾ ਹੈ? ਜਦੋਂ ਜਮਹੂਰੀਅਤਾਂ ਯੋਜਨਾਬੰਦੀ ਨੂੰ ਟਾਲਦੀਆਂ ਹਨ ਤਾਂ ਉਹ ਆਪਣੀ ਹੋਣੀ ਆਪ ਘੜਨ ਦੇ ਹੱਕ ਨੂੰ ਤਿਆਗ ਦਿੰਦੀਆਂ ਹਨ। ਨਿਯਮ ਸਹਿਮਤੀ ਨਾਲ ਨਹੀਂ ਸਗੋਂ ਫ਼ੌਜਾਂ ਚਾੜ੍ਹਨ ਦੇ ਡਰਾਵੇ ਨਾਲ ਬਦਲਦੇ ਹਨ। ਅਸਪੱਸ਼ਟਤਾ ਚੋਣ ਦੇ ਵਿਕਲਪਾਂ ਨੂੰ ਖ਼ਤਮ ਕਰ ਦਿੰਦੀ ਹੈ ਤੇ ਆਖ਼ਰ ਇੱਕੋ ਵਿਕਲਪ ਰਹਿ ਜਾਂਦਾ ਹੈ, ਜੋ ਚੁਣਨਾ ਕਮਜ਼ੋਰ ਧਿਰ ਦੀ ਮਜਬੂਰੀ ਹੁੰਦਾ ਹੈ। ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਬਰਤਾਨਵੀ ਲਾਰਡ ਕਰਜ਼ਨ ਨੇ ਦੇਖਿਆ ਕਿ ਸਰਹੱਦਾਂ ਦੇ ਮਸਲੇ ਅਸਥਿਰ ਛੱਡਣਾ ਉਨ੍ਹਾਂ ਨੂੰ ਸੁਲਝਾਉਣ ਨਾਲੋਂ ਵਧੇਰੇ ਲਾਭਦਾਇਕ ਹੋ ਸਕਦਾ ਹੈ। ਉਸ ਨੂੰ ਇਸ ਗੱਲ ਦੀ ਸੂਝ ਸੀ ਕਿ ਅਜਿਹਾ ਕਰਕੇ ਉਹ ਆਪਣੀ ਪਕੜ ਬਣਾਈ ਰੱਖ ਸਕਦੇ ਹਨ। ਅਸਪੱਸ਼ਟਤਾ ਉਸ ਧਿਰ ਲਈ ਲਾਹੇਵੰਦ ਹੁੰਦੀ ਹੈ, ਜੋ ਨਕਸ਼ੇ ਨੂੰ ਬਦਲਣ ਯੋਗ ਸਮਝਦਿਆਂ ਸਮੇਂ ਨੂੰ ਹਥਿਆਰ ਵਜੋਂ ਵਰਤਦੀ ਹੈ। ਸਮਾਂ-ਸੀਮਾਵਾਂ ਦਾ ਟਕਰਾਅ: 2035 ਅਤੇ 2047 ਰਣਨੀਤਕ ਅਸਪੱਸ਼ਟਤਾ ਦੇ ਤਰਕ ਦੇ ਹੁਣ ਬਹੁਤੇ ਚੰਗੇ ਸਿੱਟੇ ਨਹੀਂ ਨਿਕਲਦੇ। ਸਥਿਰਤਾ ਹੁਣ ਅਣਕਹੀ ’ਤੇ ਨਿਰਭਰ ਨਹੀਂ ਕਰਦੀ ਸਗੋਂ ਇਸ ਬਾਰੇ ਤੈਅ ਕਰਨਾ ਲਾਜ਼ਮੀ ਹੈ। ਸਮਾਂ-ਸੀਮਾਵਾਂ ਦਾ ਟਕਰਾਅ ਹੀ ਕਿਸੇ ਫ਼ੈਸਲੇ ਦੀ ਲੋੜ ਨੂੰ ਨਿਰਧਾਰਤ ਕਰਦਾ ਹੈ। ਚੀਨ ਦੀ ਸਰਕਾਰ ਨੇ ਆਪਣੇ ਦੇਸ਼ ਦੇ ਕਾਇਆ ਕਲਪ ਲਈ ਸਾਲ 2035 ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ ਜਦੋਂਕਿ ਭਾਰਤ ਦਾ ਸਾਲ 2047 ਦੇ ਆਜ਼ਾਦੀ ਦਿਹਾੜੇ ਤੱਕ ਮਿੱਥੇ ਟੀਚੇ ਹਾਸਲ ਕਰਨ ਦਾ ਇਰਾਦਾ ਹੈ। ਕੋਈ ਵੀ ਦੂਜਿਆਂ ਵੱਲੋਂ ਤੈਅ ਸਮਾਂ-ਸੀਮਾਵਾਂ ਮੁਤਾਬਿਕ ਦੇਸ਼ ਦੀ ਮਜ਼ਬੂਤੀ ਦਾ ਟੀਚਾ ਹਾਸਲ ਨਹੀਂ ਕਰ ਸਕਦਾ। ਜਦੋਂ ਇੱਕ ਪੱਖ ਦਹਾਕਿਆਂ ਲਈ ਯੋਜਨਾ ਬਣਾਉਂਦਾ ਹੈ ਅਤੇ ਦੂਜਾ ਰੁਕ ਰੁਕ ਕੇ ਕਦੇ-ਕਦਾਈਂ ਜਵਾਬ ਦਿੰਦਾ ਹੈ ਤਾਂ ਰਣਨੀਤਕ ਅਸਪੱਸ਼ਟਤਾ ਦੀ ਨੀਤੀ ਨਿਰਪੱਖ ਨਹੀਂ ਰਹਿੰਦੀ; ਇਹ ਦੂਜੇ ਦੀ ਮਹੱਤਵਕਾਂਖਿਆ ਲਈ ਸਹਾਇਕ ਬਣ ਜਾਂਦੀ ਹੈ। ਹੁਣ ਸਮਾਂ ਕਿਉਂ ਮਾਅਨੇ ਰੱਖਦਾ ਹੈ ਯੋਜਨਾਬੰਦੀ ਲਈ ਸਮੇਂ ਮੁਤਾਬਿਕ ਅਨੁਸ਼ਾਸਨ ’ਚ ਰਹਿੰਦਿਆਂ ਕੰਮ ਕਰਨ ਦੀ ਲੋੜ ਹੁੰਦੀ ਹੈ। ਸਮਾਂ-ਸੀਮਾ ਵਾਲੇ ਢਾਂਚੇ ’ਚ ਦੇਰੀ ਨਾਲ ਲਾਭ ਨਹੀਂ ਹੁੰਦਾ। ਜਦੋਂ ਇੱਕ ਵਾਰ ਸਮਾਂ-ਸੀਮਾ ਤੈਅ ਕਰ ਕੇ ਸਰਹੱਦਾਂ ਮਿਥੀਆਂ ਜਾਂਦੀਆਂ ਹਨ ਤਾਂ ਸੰਜਮ ਦਿਖਾਉਣ ਵਾਲੀ ਧਿਰ ਨੂੰ ਨਹੀਂ ਸਗੋਂ ਉਲੰਘਣਾ ਕਰਨ ਵਾਲੀ ਧਿਰ ਨੂੰ ਆਪਣੀ ਸਫ਼ਾਈ ਦੇਣ ਦੀ ਲੋੜ ਪੈਂਦੀ ਹੈ। ਵਿਹਾਰਕ ਰੂਪ ਵਿੱਚ ਇਹ ਤਰਕ ਲੰਮੇ ਸਮੇਂ ਦੀ ਸਮਾਂ-ਸੀਮਾ ਵਾਲੀ ਪਕੜ ਵੱਲ ਇਸ਼ਾਰਾ ਕਰਦਾ ਹੈ, ਜਿਸ ਨੂੰ ਮਹੀਨਿਆਂ ਵਿੱਚ ਨਹੀਂ ਸਗੋਂ ਦਹਾਕਿਆਂ ਵਿੱਚ ਮਾਪਿਆ ਜਾਂਦਾ ਹੈ। ਇਸ ਨਾਲ ਮੌਜੂਦਾ ਸਥਿਤੀ ਜਿਉਂ ਦੀ ਤਿਉਂ ਰਹਿੰਦੀ ਹੈ ਅਤੇ ਇਸ ਦਾ ਹੱਲ ਬਾਅਦ ਵਿੱਚ ਵਧੇਰੇ ਢੁਕਵੇਂ ਸਮੇਂ ਤੱਕ ਮੁਲਤਵੀ ਕਰ ਦਿੱਤਾ ਜਾਂਦਾ ਹੈ। ਪੰਦਰਾਂ ਤੋਂ ਵੀਹ ਸਾਲ ਦਾ ਸਮਾਂ ਖੇਤਰੀ ਸਥਿਰਤਾ ਲਈ ਰਿਆਇਤ ਨਹੀਂ ਹੈ ਸਗੋਂ ਇਹ ਸਬਰ ਦਾ ਪ੍ਰਗਟਾਵਾ ਹੈ। ਇਹ ਗੱਲਬਾਤ ਨੂੰ ਰੋਕ ਕੇ ਜਾਂ ਇਕਪਾਸੜ ਤਬਦੀਲੀ ਨੂੰ ਜਾਇਜ਼ ਠਹਿਰਾਏ ਬਿਨਾਂ ਰਣਨੀਤਕ ਅਸਪੱਸ਼ਟਤਾ ਨੂੰ ਜ਼ਿੰਮੇਵਾਰੀ ਅਤੇ ਜਵਾਬਦੇਹੀ ਵਿੱਚ ਬਦਲ ਦਿੰਦਾ ਹੈ। ਇੱਕ ਨਿਸ਼ਚਿਤ ਸਮੇਂ ਲਈ ਸਥਿਤੀ ਨੂੰ ਜਿਉਂ ਦੀ ਤਿਉਂ ਰੱਖਣਾ ਮਜ਼ਬੂਤ ​​ਧਿਰ ਨੂੰ ਹੌਲੀ-ਹੌਲੀ ਅੱਗੇ ਵਧਣ ਤੋਂ ਰੋਕਦਾ ਹੈ ਅਤੇ ਸੁਧਾਰਵਾਰ ਨੂੰ ਚੁੱਪ-ਚੁਪੀਤੀ ਮੁਹਿੰਮ ਦੀ ਬਜਾਏ ਸੋਚੀ ਸਮਝੀ ਕਾਰਵਾਈ ਵਜੋਂ ਉਭਾਰਦਾ ਹੈ। ਕਿਸੇ ਵੇਲੇ ਸ਼ਕਤੀਸ਼ਾਲੀ ਧਿਰ ਦੁਆਰਾ ਹਥਿਆਰ ਵਜੋਂ ਵਰਤਿਆ ਜਾਂਦਾ ਸਮਾਂ ਉਸ ਦੇ ਇਰਾਦੇ ਦੇ ਰਾਹ ’ਚ ਰੁਕਾਵਟ ਬਣ ਜਾਂਦਾ ਹੈ। ਜਾਂ ਤਾਂ ਸਬਰ ਦੂਜੀ ਧਿਰ ਦੀ ਇੱਛਾ ਦੀ ਪੂਰਤੀ ਨੂੰ ਛੇਤੀ ਕੀਤਿਆਂ ਪੂਰੀ ਹੋਣ ਤੋਂ ਰੋਕਦਾ ਹੈ ਜਾਂ ਫਿਰ ਸਰਹੱਦਾਂ ’ਤੇ ਉਲੰਘਣਾਵਾਂ ਉਸ ਦੇ ਇਰਾਦਿਆਂ ਨੂੰ ਪ੍ਰਗਟ ਕਰ ਦਿੰਦੀਆਂ ਹਨ। ਯੋਜਨਾਬੰਦੀ ਨਾਲ ਮਸਲਾ ਲਟਕਦਾ ਨਹੀਂ ਯੋਜਨਾਬੰਦੀ ਨਾਲ ਮਸਲੇ ਲਟਕਦੇ ਨਹੀਂ। ਇਹ ਇੱਕ ਐਲਾਨ ਹੁੰਦੀ ਹੈ। ਇਹ ਸੋਚੀ ਸਮਝੀ ਕਾਰਵਾਈ ਹੁੰਦੀ ਹੈ, ਜਿਸ ਰਾਹੀਂ ਕੋਈ ਜਮਹੂਰੀਅਤ ਜਨਤਕ ਤੌਰ ’ਤੇ ਸਪੱਸ਼ਟ ਦੱਸਦੀ ਹੈ ਕਿ ਹੁਣ ਕਿਸ ਮਸਲੇ ਬਾਰੇ ਸਮਝੌਤਾ ਨਹੀਂ ਕੀਤਾ ਜਾਵੇਗਾ, ਕਿਸ ਗੱਲ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਕਿਸ ਕਦਮ ਦੇ ਕੀ ਸਿੱਟੇ ਨਿਕਲਣਗੇ? ਯੋਜਨਾਬੰਦੀ ਦਾ ਮਕਸਦ ਆਪਣੀ ਗੱਲ ’ਤੇ ਅੜਨਾ ਨਹੀਂ ਹੁੰਦਾ ਸਗੋਂ ਇਹ ਰਣਨੀਤਕ ਅਸਪੱਸ਼ਟਤਾ ਕਾਰਨ ਦੂਜੀ ਧਿਰ ਲਈ ਨੈਤਿਕ ਤੌਰ ’ਤੇ ਬਚ ਨਿਕਲਣ ਲਈ ਰਾਹ ਨਹੀਂ ਛੱਡਦੀ। ਸੰਜਮ ਤੋਂ ਜ਼ਿੰਮੇਵਾਰੀ ਤੱਕ ਸਮਾਂ-ਬੱਧ ਯੋਜਨਾਬੰਦੀ ਸ਼ਾਂਤੀ ਨੂੰ ਭੰਗ ਨਹੀਂ ਕਰਦੀ। ਇਹ ਜ਼ਿੰਮੇਵਾਰੀ ਤੈਅ ਕਰਦੀ ਹੈ। ਜਦੋਂ ਸਮੇਂ ਮੁਤਾਬਿਕ ਸੀਮਾਵਾਂ ਤੈਅ ਕੀਤੀਆਂ ਜਾਂਦੀਆਂ ਹਨ ਤਾਂ ਸੰਜਮ ਦਾ ਰਾਹ ਅਪਣਾਉਣ ਲਈ ਅਫ਼ਸੋਸ ਨਹੀਂ ਹੁੰਦਾ ਸਗੋਂ ਹੱਦ ਉਲੰਘਣ ਵਾਲੇ ਮੁਲਕ ’ਤੇ ਨੈਤਿਕ ਬੋਝ ਹੁੰਦਾ ਹੈ। ਸਪੱਸ਼ਟਤਾ ਭੜਕਾਹਟ ਨਹੀਂ ਹੈ; ਇਹ ਜਵਾਬਦੇਹ ਬਣਾਉਣ ਦੀ ਕਾਰਵਾਈ ਹੈ। ਰਣਨੀਤਕ ਉਡੀਕ ਦਾ ਅੰਤ ਕਿਸੇ ਵੇਲੇ ਰਣਨੀਤਕ ਅਸਪੱਸ਼ਟਤਾ ਨਾਲ ਤਵਾਜ਼ਨ ਕਾਇਮ ਰਹਿੰਦਾ ਸੀ। ਅੱਜ ਇਹ ਉਨ੍ਹਾਂ ਧਿਰਾਂ ਲਈ ਲਾਹੇਵੰਦ ਹੁੰਦੀ ਹੈ, ਜੋ ਦੇਰੀ ਤੋਂ ਲਾਭ ਉਠਾਉਂਦੇ ਹਨ। ਖਾਕਾ ਮੁੜ ਉਲੀਕਣ ਦਾ ਮਤਲਬ ਟਕਰਾਅ ਦੇ ਰਾਹ ਪੈਣਾ ਨਹੀਂ; ਇਸ ਦਾ ਅਰਥ ਹੈ ਆਪਣਾ ਭਵਿੱਖ ਆਪ ਤੈਅ ਕਰਨਾ। ਆਪਣੀਆਂ ਸ਼ਰਤਾਂ ਆਪ ਤੈਅ ਨਾ ਕਰਨ ਵਾਲੇ ਸ਼ਾਂਤੀ ਕਾਇਮ ਨਹੀਂ ਰੱਖਦੇ ਸਗੋਂ ਉਹ ਆਪਣਾ ਭਵਿੱਖ ਦੂਜਿਆਂ ਦੇ ਹੱਥੀਂ ਦੇ ਦਿੰਦੇ ਹਨ। ਵਿਹਾਰਕ ਤੌਰ ’ਤੇ ਸਮਾਂ-ਬੱਧ ਜਾਂ ਨਿਯਮਿਤ ਵਕਫੇ ’ਤੇ ਕੀਤੀ ਸਮੀਖਿਆ ਆਧਾਰਿਤ ਯੋਜਨਾਬੰਦੀ ਸੰਜਮ ਨੂੰ ਸਬਰ ਕਰਨ ਦੀ ਥਾਂ ਜ਼ਿੰਮੇਵਾਰ ਢਾਂਚੇ ਵਿੱਚ ਬਦਲਦੀ ਹੈ। ਸੰਜਮ ਉਦੋਂ ਆਪਣੀ ਨੈਤਿਕ ਉੱਚਤਾ ਗੁਆ ਬੈਠਦਾ ਹੈ ਜਦੋਂ ਕੋਈ ਦੂਜਾ ਇਸ ’ਤੇ ਆਪਣੀ ਮਰਜ਼ੀ ਥੋਪ ਦੇਵੇ। ਜਦੋਂ ਇਕਪਾਸੜ ਲਾਭ ਹੀ ਹੋਵੇ ਤਾਂ ਸੰਵਾਦ ਵੀ ਨਿਰਜਿੰਦ ਹੁੰਦਾ ਹੈ। ਮਸਲੇ ਦੇ ਹੱਲ ਵਿੱਚ ਦੇਰੀ ਨਾਲ ਹੁਣ ਸੁਰੱਖਿਆ ਨਹੀਂ ਕੀਤੀ ਜਾ ਸਕਦੀ; ਇਹ ਸਿਰਫ਼ ਚਰਵਾਹੇ ਤੋਂ ਲੈ ਕੇ ਗਸ਼ਤ ਅਤੇ ਸਿਪਾਹੀ ਤੱਕ ਨੂੰ ਜੋਖ਼ਮ ਵਿੱਚ ਪਾ ਸਕਦੀ ਹੈ। ਸੁਨ ਜ਼ੂ ਨੇ ਅਸਪੱਸ਼ਟਤਾ ਨੂੰ ਧੋਖੇ ਨਾਲ ਜੋੜਿਆ। ਚਾਣਕਿਆ ਨੇ ਚਿਤਾਵਨੀ ਦਿੱਤੀ ਸੀ ਕਿ ਦੇਰੀ ਨਾਲ ਲਏ ਗਏ ਫ਼ੈਸਲੇ ਰਾਜ ਖੁੱਸਣ ਤੱਕ ਦਾ ਕਾਰਨ ਬਣ ਸਕਦੇ ਹਨ। ਕਲਾਜ਼ਵਿਟਜ਼ ਨੇ ਸਾਨੂੰ ਚੇਤੇ ਕਰਵਾਇਆ ਕਿ ਝਿਜਕ ਦੁਸ਼ਮਣ ਨੂੰ ਪਹਿਲਕਦਮੀ ਤੇ ਕਬਜ਼ਾ ਕਰਨ ਦਾ ਮੌਕਾ ਦਿੰਦੀ ਹੈ। ਰਣਨੀਤਕ ਉਡੀਕ ਦਾ ਯੁੱਗ ਖ਼ਤਮ ਹੋ ਗਿਆ ਹੈ। ਭਵਿੱਖ ਵਿੱਚ ਯੋਜਨਾਬੰਦੀ ਹੀ ਕਾਰਗਰ ਹੋਵੇਗੀ।

Leave a Comment

Your email address will not be published. Required fields are marked *