IMG-LOGO
Home News blog-detail-01.html
ਦੇਸ਼

ਲੋਕ ਸਭਾ 'ਚ ਗੂੰਜਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

by Admin - 2025-12-03 21:31:38 0 Views 0 Comment
IMG
ਹਰਸਿਮਰਤ ਤੇ ਕੰਗ ਨੇ ਪੰਜਾਬ ਨੂੰ ਬਣਦਾ ਹਿੱਸਾ ਦੇਣ ਦੀ ਕੀਤੀ ਮੰਗ ਨਵੀਂ ਦਿੱਲੀ -ਲੋਕ ਸਭਾ 'ਚ ਬੁੱਧਵਾਰ ਨੂੰ ਉਸ ਵੇਲੇ ਪੰਜਾਬ ਦੇ ਹੜ੍ਹਾਂ ਦਾ ਮੁੱਦਾ ਗੂੰਜਿਆ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪ੍ਰਭਾਵਿਤ ਸੂਬੇ ਦੇ ਲੋਕਾਂ ਨੂੰ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ | ਹਾਲਾਂਕਿ ਜਿੱਥੇ ਕੰਗ ਦੀ ਮੰਗ ਪੰਜਾਬ ਲਈ ਐਲਾਨੇ ਰਾਹਤ ਫੰਡ ਜਾਰੀ ਕਰਨ ਦੀ ਸੀ, ਉਥੇ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਅਤੇ ਸੂਬੇ ਦੀ ਆਪਸੀ ਸ਼ਬਦੀ ਜੰਗ 'ਚ ਪਿਸ ਰਹੇ ਪੰਜਾਬੀਆਂ ਨੂੰ ਇਸ ਆਪਸੀ ਸਿਆਸਤ 'ਚ ਲਪੇਟਣ ਦੀ ਥਾਂ 'ਤੇ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਰਕਮ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ | ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ ਸਿਫਰ ਕਾਲ 'ਚ ਹੜ੍ਹ ਪ੍ਰਭਾਵਿਤ ਪੰਜਾਬ ਦਾ ਮੁੱਦਾ ਉਠਾਉਂਦਿਆਂ ਕੇਂਦਰ ਤੋਂ 50 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ | ਕੰਗ ਨੇ ਕਿਹਾ ਕਿ ਪੰਜਾਬ 'ਚ ਆਏ ਹਾਲੀਆ ਹੜ੍ਹਾਂ 'ਚ 6 ਜ਼ਿਲਿ੍ਹਆਂ ਦੇ 2500 ਤੋਂ ਵੱਧ ਪਿੰਡ ਤਬਾਹ ਹੋਏ ਅਤੇ 5 ਲੱਖ ਏਕੜ ਤੋਂ ਵੱਧ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ | ਕੰਗ ਨੇ ਕੇਂਦਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਮੰਤਰੀ ਆਏ ਪਰ ਭਾਰਤ ਸਰਕਾਰ ਨੇ ਇਕ ਰੁਪਈਆ ਵੀ ਸੂਬਾ ਸਰਕਾਰ ਨੂੰ ਨਹੀਂ ਦਿੱਤਾ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਚੋਣਾਂ ਤੋਂ ਪਹਿਲਾਂ ਉਥੇ ਕਈ ਪੈਕੇਜ ਐਲਾਨਣ ਲਈ ਬੋਲੀਆਂ ਲਗਾਉਂਦੇ ਫਿਰਦੇ ਸਨ, ਪਰ ਪੰਜਾਬ ਲਈ ਐਲਾਨੇ 1600 ਕਰੋੜ ਰੁਪਏ ਦਾ ਪੈਕੇਜ ਵੀ ਉਸ ਨੂੰ ਨਹੀਂ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਪੰਜਾਬ ਨੂੰ ਫੌਰਨ 50 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕਰੇ | ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਜਮ੍ਹਾਂ ਕਰੇ ਕੇਂਦਰ-ਹਰਸਿਮਰਤ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਹੜ੍ਹਾਂ ਦੀ ਇੰਨੀ ਤਬਾਹੀ ਦੇ ਬਾਵਜੂਦ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਆਪਸੀ ਬਿਆਨਬਾਜ਼ੀ 'ਚ ਉਲਝੀ ਹੋਈ ਹੈ | ਉਨ੍ਹਾਂ ਕਿਹਾ ਕਿ ਬਿਆਸ, ਰਾਵੀ ਅਤੇ ਸਤਲੁਜ ਦੇ ਪਾਣੀ ਨੇ ਇੰਨੀ ਤਬਾਹੀ ਕੀਤੀ ਹੈ ਕਿ ਹੜ੍ਹਾਂ ਕਾਰਨ ਆਈ ਰੇਤ ਦੇ ਕਾਰਨ ਕਿਸਾਨ ਅਗਲੀਆਂ 2-3 ਫ਼ਸਲਾਂ ਵੀ ਨਹੀਂ ਬੀਜ ਸਕਣਗੇ | ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਲਈ ਫੰਡ ਐਸ.ਡੀ.ਆਰ.ਐਫ. ਲਈ 12.500 ਕਰੋੜ ਰੁਪਏ ਦੀ ਰਕਮ ਸੂਬਾ ਸਰਕਾਰ ਕੋਲ ਹੈ, ਜਦਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਐਲਾਨੀ ਗਈ 1600 ਕਰੋੜ ਰੁਪਏ ਦੀ ਰਾਹਤ ਫੰਡ ਦੀ ਰਕਮ ਵੀ ਅਜੇ ਨਹੀਂ ਮਿਲੀ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਆਪਸੀ ਬਿਆਨਬਾਜ਼ੀ ਕਾਰਨ ਕਿਸਾਨ ਅਜੇ ਵੀ ਮੁਆਵਜ਼ੇ ਦੀ ਉਡੀਕ ਕਰ ਰਿਹਾ ਹੈ | ਉਨ੍ਹਾਂ ਕੇਂਦਰ ਨੂੰ ਹੜ੍ਹਾਂ ਦੀ ਤਬਾਹੀ ਕਾਰਨ ਫ਼ਸਲਾਂ ਦੇ ਮੁਆਵਜ਼ੇ ਨੂੰ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ |

Leave a Comment

Your email address will not be published. Required fields are marked *