IMG-LOGO
Home News ਨਾਬਾਲਗ-ਬੱਚੀਆਂ-ਦਾ-ਸਰੀਰਕ-ਸੋਸ਼ਣ-ਕਰਨ-ਤੇ-ਭੀਖ-ਮੰਗਵਾਉਣ-ਦੇ-ਮਾਮਲੇ-’ਚ-ਜਲੰਧਰ-ਅਦਾਲਤ-ਦਾ-ਵੱਡਾ-ਫ਼ੈਸਲਾ
ਪੰਜਾਬ

ਨਾਬਾਲਗ ਬੱਚੀਆਂ ਦਾ ਸਰੀਰਕ ਸੋਸ਼ਣ ਕਰਨ ਤੇ ਭੀਖ ਮੰਗਵਾਉਣ ਦੇ ਮਾਮਲੇ ’ਚ ਜਲੰਧਰ ਅਦਾਲਤ ਦਾ ਵੱਡਾ ਫ਼ੈਸਲਾ

by Admin - 2026-01-07 00:07:46 0 Views 0 Comment
IMG
ਅਦਾਲਤ ਨੇ ਮੁਲਜ਼ਮ ਰਾਜੇਸ਼ ਪਾਂਡੇ ਨੂੰ ਮਰਨ ਤੱਕ ਜੇਲ੍ਹ ’ਚ ਰੱਖਣ ਦਾ ਦਿੱਤਾ ਹੁਕਮ ਜਲੰਧਰ : ਜਲੰਧਰ ਤੋਂ ਨਾਬਾਲਗ ਬੱਚੀਆਂ ਦਾ ਅਗਵਾ ਕਰਕੇ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ ਕਰਨ, ਭੀਖ ਮੰਗਵਾਉਣ ਅਤੇ ਅਣਮਨੁੱਖੀ ਅੱਤਿਆਚਾਰ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਉਂਦੇ ਹੋਏ ਹੁਕਮ ਦਿੱਤਾ ਹੈ ਕਿ ਉਸ ਨੂੰ ਮਰਨ ਤੱਕ ਜੇਲ੍ਹ ਵਿੱਚ ਰੱਖਿਆ ਜਾਵੇ। ਦੋਸ਼ੀ ਦੀ ਪਛਾਣ ਰਾਜੇਸ਼ ਪਾਂਡੇ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਥਾਣਾ ਖੇਹਰੀ ਦੇ ਗ੍ਰਾਮ ਪਾਰਾ ਦਾ ਵਾਸੀ ਹੈ ਅਤੇ ਵਾਰਦਾਤ ਦੇ ਸਮੇਂ ਉਹ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਵਿੱਚ ਰਹਿ ਰਿਹਾ ਸੀ। ਅਦਾਲਤ ਨੇ ਦੋਸ਼ੀ ਨੂੰ 1 ਲੱਖ 28 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੇਕਰ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸ ਨੂੰ ਇੱਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਦੋਸ਼ੀ ਨੇ ਨਾਬਾਲਗ ਬੱਚੀਆਂ ਨੂੰ ਸੋਚੀ-ਸਮਝੀ ਸਾਜ਼ਿਸ਼ ਅਧੀਨ ਆਪਣੇ ਜਾਲ ਵਿੱਚ ਫਸਾਇਆ ਅਤੇ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ ਕੀਤਾ। ਅਜਿਹੇ ਅਪਰਾਧ ਸਮਾਜ ਦੀ ਨੀਂਹ ਹਿਲਾ ਦਿੰਦੇ ਹਨ, ਇਸ ਲਈ ਇਸ ਵਿੱਚ ਨਰਮੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਮਾਮਲੇ ਦੀ ਜਾਂਚ ਅਤੇ ਸੁਣਵਾਈ ਦੌਰਾਨ ਸਾਹਮਣੇ ਆਇਆ ਸੀ ਕਿ ਦੋਸ਼ੀ ਨੇ ਬੱਚੀਆਂ ਨੂੰ ਅਗਵਾ ਕਰਨ ਲਈ ਧਾਰਮਿਕ ਆਸਥਾ ਦਾ ਸਹਾਰਾ ਲਿਆ। 6 ਅਪ੍ਰੈਲ 2025 ਨੂੰ ਕੰਜਕ ਪੂਜਾ ਵਾਲੇ ਦਿਨ ਦੋਸ਼ੀ ਨੇ ਏਕਤਾ ਨਗਰ ਤੋਂ 13 ਸਾਲਾ ਬੱਚੀ ਨੂੰ ਕੰਜਕ ਦਿਲਾਉਣ ਅਤੇ ਵੱਧ ਪੈਸੇ ਦਿਵਾਉਣ ਦੇ ਲਾਲਚ ਵਿੱਚ ਆਪਣੇ ਨਾਲ ਲੈ ਗਿਆ। ਇਸੇ ਤਰ੍ਹਾਂ 20 ਫਰਵਰੀ 2025 ਨੂੰ ਹਰਗੋਬਿੰਦ ਨਗਰ ਤੋਂ ਨੌਂ ਸਾਲਾ ਬੱਚੀ ਨੂੰ ਲੰਗਰ ਖੁਆਉਣ ਦੇ ਬਹਾਨੇ ਨਾਲ ਲੈ ਗਿਆ। ਦੋਵਾਂ ਮਾਮਲਿਆਂ ਵਿੱਚ ਬੱਚੀਆਂ ਨੂੰ ਲੈ ਜਾਂਦੇ ਹੋਏ ਦੋਸ਼ੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਸੀ । ਪੁਲਿਸ ਨੇ ਦੋਸ਼ੀ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ ਅਤੇ ਤਿੰਨਾਂ ਬੱਚੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਬੱਚੀਆਂ ਨੇ ਅਦਾਲਤ ਅਤੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਕੋਲ ਤਲਵਾਰ ਸੀ। ਕੰਮ ਤੋਂ ਇਨਕਾਰ ਕਰਨ ਜਾਂ ਘਰ ਜਾਣ ਦੀ ਗੱਲ ਕਰਨ ਉੱਤੇ ਉਹ ਉਨ੍ਹਾਂ ਨੂੰ ਕੁੱਟਦਾ ਸੀ। ਉਨ੍ਹਾਂ ਨੂੰ ਭੁੱਖਾ ਰੱਖਦਾ ਸੀ। ਖਾਣੇ ਦੇ ਨਾਂ ਉੱਤੇ ਤਿੰਨਾਂ ਨੂੰ ਇੱਕ ਛੋਟੀ ਕਟੋਰੀ ਵਿੱਚ ਥੋੜ੍ਹੇ ਜਿਹੇ ਚਾਵਲ ਦਿੱਤੇ ਜਾਂਦੇ ਸਨ। 14-15 ਦਿਨਾਂ ਵਿੱਚ ਹੀ ਇੱਕ ਬੱਚੀ ਦਾ ਵਜ਼ਨ ਕਾਫੀ ਘੱਟ ਗਿਆ ਸੀ। ਇੱਕ ਬੱਚੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਘਰ ਆਇਆ ਸੀ ਅਤੇ ਨਾਲ ਵਾਲਾ ਕਮਰਾ ਕਿਰਾਏ ਉੱਤੇ ਮੰਗਿਆ ਸੀ। ਉਸ ਨਾਲ ਇੱਕ ਬੱਚੀ ਸੀ, ਜਿਸ ਨੂੰ ਉਸ ਨੇ ਆਪਣੀ ਧੀ ਦੱਸਿਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਲੜਕੀ ਅਸਲ ਵਿੱਚ ਉਸ ਦੀ ਭਤੀਜੀ ਸੀ, ਜਿਸ ਨੂੰ ਉਹ ਉੱਤਰ ਪ੍ਰਦੇਸ਼ ਤੋਂ ਅਗਵਾ ਕਰਕੇ ਲਿਆਇਆ ਸੀ। ਬੱਚੀ ਕਾਫੀ ਡਰੀ ਹੋਈ ਸੀ। ਅਗਲੇ ਦਿਨ ਦੋਸ਼ੀ ਉਨ੍ਹਾਂ ਦੀ ਧੀ ਅਤੇ ਆਪਣੀ ਭਤੀਜੀ ਨੂੰ ਲੰਗਰ ਖੁਆਉਣ ਦੇ ਬਹਾਨੇ ਨਾਲ ਲੈ ਗਿਆ ਅਤੇ ਫਿਰ ਕਦੇ ਵਾਪਸ ਨਹੀਂ ਆਇਆ। ਅਗਵੇ ਤੋਂ ਬਾਅਦ ਦੋਸ਼ੀ ਤਿੰਨਾਂ ਬੱਚੀਆਂ ਨੂੰ ਈ-ਰਿਕਸ਼ਾ ਵਿੱਚ ਬਿਠਾ ਕੇ ਕਪੂਰਥਲਾ ਲੈ ਗਿਆ, ਜਿੱਥੇ ਉਹ ਉਨ੍ਹਾਂ ਤੋਂ ਖੇਤਾਂ ਵਿੱਚ ਮਜ਼ਦੂਰੀ ਕਰਵਾਉਣ ਲੱਗ ਪਿਆ। ਬੱਚੀਆਂ ਨੂੰ ਡਰਾਉਂਦਾ ਸੀ। 13 ਸਾਲਾ ਇੱਕ ਬੱਚੀ ਦੀ ਬਹਾਦਰੀ ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ। ਇੱਕ ਬੱਚੀ ਨੇ ਮੌਕਾ ਲੱਭ ਕੇ ਇੱਕ ਗੋਲਗੱਪੇ ਵਾਲੇ ਤੋਂ ਮਦਦ ਮੰਗੀ ਅਤੇ ਆਪਣੀ ਸਲਵਾਰ ਉੱਤੇ ਲਿਖਿਆ ਆਪਣੀ ਮਾਂ ਦਾ ਮੋਬਾਈਲ ਨੰਬਰ ਵਿਖਾਇਆ। ਉਸੇ ਨੰਬਰ ਉੱਤੇ ਫੋਨ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਦੋਸ਼ੀ ਨੂੰ ਮੌਕੇ ਉੱਤੇ ਹੀ ਫੜ ਲਿਆ ਗਿਆ। ਬੱਚੀ ਨੇ ਦੱਸਿਆ ਸੀ ਕਿ ਉਸ ਨੇ ਆਪਣੀ ਮਾਂ ਦਾ ਨੰਬਰ ਹੱਥ ਉੱਤੇ ਲਿਖਿਆ ਸੀ, ਪਰ ਦੋਸ਼ੀ ਵਾਰ-ਵਾਰ ਉਸ ਨੂੰ ਮਿਟਾ ਦਿੰਦਾ ਸੀ। ਡਰ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਖਰਕਾਰ ਨੰਬਰ ਆਪਣੀ ਸਲਵਾਰ ਉੱਤੇ ਲਿਖ ਲਿਆ, ਜਿਸ ਨੂੰ ਪੜ੍ਹ ਕੇ ਉਨ੍ਹਾਂ ਨੇ ਕਾਲ ਕੀਤੀ।

Leave a Comment

Your email address will not be published. Required fields are marked *