ਪੰਜਾਬ
ਹਾਈ ਕਮਾਨ ਨੂੰ ਮਿਲੇ ਬਿਨਾਂ ਪਰਤੇ ਸਿੱਧੂ
ਪ੍ਰਿਯੰਕਾ ਗਾਂਧੀ ਨੂੰ ਮਿਲਣ ਦਿੱਲੀ ਗਏ ਸਨ; ਸਿੱਧੂ ਜੋੜੇ ਨੇ ਨਵੇਂ ਵਿਵਾਦ ’ਤੇ ਰਣਨੀਤੀ ਤਿਆਰ ਕੀਤੀ
ਚੰਡੀਗਡ਼੍ਹ,
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਹਾਈ ਕਮਾਨ ਨੂੰ ਮਿਲਣ ਲਈ ਦਿੱਲੀ ਪਹੁੰਚੇ, ਪਰ ਉਨ੍ਹਾਂ ਦੀ ਕਿਸੇ ਵੀ ਸੀਨੀਅਰ ਆਗੂ ਨਾਲ ਮੁਲਾਕਾਤ ਨਹੀਂ ਹੋ ਸਕੀ। ਸੂਤਰਾਂ ਮੁਤਾਬਕ ਸਿੱਧੂ ਹਾਈ ਕਮਾਨ ਨੂੰ ਮਿਲਣ ਲਈ ਸਾਰਾ ਦਿਨ ਦਿੱਲੀ ਵਿੱਚ ਰਹੇ ਅਤੇ ਅਖੀਰ ਦੇਰ ਸ਼ਾਮ ਖਾਲੀ ਹੱਥ ਮੁੰਬਈ ਲਈ ਰਵਾਨਾ ਹੋ ਗਏ। ਉਹ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਮੌਜੂਦਾ ਵਿਵਾਦ ’ਤੇ ਆਪਣਾ ਪੱਖ ਅਤੇ ਤੱਥ ਰੱਖਣਾ ਚਾਹੁੰਦੇ ਸਨ।
ਦੂਜੇ ਪਾਸੇ, ਕਾਂਗਰਸ ਹਾਈ ਕਮਾਨ ਨੇ ਸੂਬਾ ਇੰਚਾਰਜ ਭੁਪੇਸ਼ ਬਘੇਲ ਤੋਂ ਪੰਜਾਬ ਕਾਂਗਰਸ ਦੇ ਅੰਦਰੂਨੀ ਵਿਵਾਦ ਬਾਰੇ ਰਿਪੋਰਟ ਮੰਗੀ ਹੈ। ਪਤਾ ਲੱਗਿਆ ਹੈ ਕਿ ਸੰਸਦ ਦਾ ਸੈਸ਼ਨ ਖਤਮ ਹੋਣ ਮਗਰੋਂ ਹਾਈ ਕਮਾਨ ਇਸ ਮਸਲੇ ਵੱਲ ਧਿਆਨ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਬੀਤੇ ਦਿਨ ਦਿੱਲੀ ਜਾਣ ਲਈ ਰਵਾਨਾ ਹੋਏ ਸਨ ਪਰ ਉਹ ਬਾਅਦ ’ਚ ਦਿੱਲੀ ਦੀ ਥਾਂ ਪਟਿਆਲਾ ਪਹੁੰਚ ਗਏ। ਨਵਜੋਤ ਸਿੰਘ ਸਿੱਧੂ ਬੀਤੇ ਦਿਨ ਮੁੰਬਈ ਤੋਂ ਸਿੱਧਾ ਅੰਮ੍ਰਿਤਸਰ ਪੁੱਜ ਗਏ ਸਨ। ਅੱਜ ਨਵਜੋਤ ਕੌਰ ਸਿੱਧੂ ਵੀ ਅੰਮ੍ਰਿਤਸਰ ਆਏ। ਸਿੱਧੂ ਜੋੜੇ ਨੇ ਨਵੇਂ ਵਿਵਾਦ ’ਤੇ ਰਣਨੀਤੀ ਵੀ ਤਿਆਰ ਕੀਤੀ ਹੈ। ਸੂਤਰਾਂ ਅਨੁਸਾਰ ਅੱਜ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਨ ਨੂੰ ਮਿਲਣ ਲਈ ਸਵੇਰ 10 ਵਜੇ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ ਸਨ।
ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਉਸ ਵੇਲੇ ਨਿਸ਼ਾਨੇ ’ਤੇ ਲਿਆ ਹੈ ਜਦੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦਾ ਪ੍ਰਚਾਰ ਸਿਖਰ ’ਤੇ ਹੈ। ਸੀਨੀਅਰ ਆਗੂ ਚੋਣ ਪ੍ਰਚਾਰ ਦੀ ਥਾਂ ਇਸ ਅੰਦਰੂਨੀ ਵਿਵਾਦ ਵਿੱਚ ਉਲਝ ਗਏ ਹਨ।
ਪੰਜਾਬ ਕਾਂਗਰਸ ਵਿਚਲੇ ਕਲੇਸ਼ ਨੂੰ ਪੰਜਾਬ ਸਰਕਾਰ ਨੇੜਿਓਂ ਦੇਖ ਰਹੀ ਹੈ। ਕਾਂਗਰਸ ਦਾ ਅੰਦਰੂਨੀ ਵਿਵਾਦ ਵਿਰੋਧੀ ਧਿਰਾਂ ਨੂੰ ਮੌਕਾ ਦੇ ਰਿਹਾ ਹੈ ਜਿਸ ਕਰ ਕੇ ਕਾਂਗਰਸ ਦੇ ਕਲੇਸ਼ ਨੂੰ ਸਾਰੀਆਂ ਧਿਰਾਂ ਸਿਆਸੀ ਤੌਰ ’ਤੇ ਲਾਹੇਵੰਦ ਮੰਨ ਰਹੀਆਂ ਹਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਬੋਲ ਬਾਣੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਬੀਬੀ ਸਿੱਧੂ ਨੇ ਵੜਿੰਗ ਤੇ ਰੰਧਾਵਾ ਨੂੰ ਲੰਮੇ ਹੱਥੀਂ ਲਿਆ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਜੱਦੀ ਘਰ ਵਿੱਚ ਅੱਜ ਸਿਆਸੀ ਸਰਗਰਮੀ ਦੇਖਣ ਨੂੰ ਮਿਲੀ। ਰਿਹਾਇਸ਼ ’ਤੇ ਭਾਵੇਂ ਬਹੁਤਾ ਇਕੱਠ ਨਹੀਂ ਸੀ ਪਰ ਕੁੱਝ ਸਿਆਸੀ ਆਗੂ ਤੇ ਨੈਸ਼ਨਲ ਮੀਡੀਆ ਦੇ ਪੱਤਰਕਾਰ ਮੌਕੇ ’ਤੇ ਜ਼ਰੂਰ ਨਜ਼ਰ ਆਏ। ਇਸ ਦੌਰਾਨ ਡਾ. ਸਿੱਧੂ ਨੇ ਐਕਸ ’ਤੇ ਪੋਸਟਾਂ ਪਾ ਕੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੰਮੇ ਹੱਥੀ ਲਿਆ। ਡਾ. ਸਿੱਧੂ ਨੇ ਵੜਿੰਗ ’ਤੇ ਪਾਰਟੀ ਖ਼ਿਲਾਫ਼ ਕੰਮ ਕਰਨ ਅਤੇ ਚੰਗੇ ਆਗੂਆਂ ਨੂੰ ਪਾਰਟੀ ਛੱਡਣ ਲਈ ਮਜਬੂਰ ਕਰਨ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ 70 ਫ਼ੀਸਦੀ ਇਮਾਨਦਾਰ ਆਗੂ ਹਾਲੇ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ, ‘‘ਅਸੀਂ ਕਾਂਗਰਸ ਨਾਲ ਸੀ, ਹਾਂ ਅਤੇ ਹਮੇਸ਼ਾ ਰਹਾਂਗੇ, ਪੰਜਾਬ ਜਿੱਤਾਂਗੇ ਅਤੇ ਆਪਣੇ ਨਿਮਰ, ਪਿਆਰੇ ਤੇ ਕੁਰਬਾਨੀਆਂ ਵਾਲੇ ਗਾਂਧੀ ਪਰਿਵਾਰ ਨੂੰ ਸੌਂਪਾਂਗੇ।’’ ਰੰਧਾਵਾ ਦਾ ਨਾਮ ਲਏ ਬਿਨਾਂ ਉਨ੍ਹਾਂ ਦੋਸ਼ ਲਾਇਆ ਕਿ ਗੁਜਰਾਤ ਵਿੱਚ ਟਿਕਟਾਂ ਵੇਚਣ ਕਾਰਨ ਉਨ੍ਹਾਂ ਨੂੰ ਕੱਢਿਆ ਗਿਆ ਸੀ। ਬਰਗਾੜੀ ਮੋਰਚੇ ਦੀ ਵੀਡੀਓ ਸਾਂਝੀ ਕਰਦਿਆਂ ਡਾ. ਸਿੱਧੂ ਨੇ ਸਵਾਲ ਕੀਤਾ ਕਿ ਇਨਸਾਫ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਧਰਨਾ ਕਿਉਂ ਚੁੱਕਿਆ ਸੀ। 500 ਕਰੋੜ ਵਾਲੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਲ ਤੋੜ-ਮਰੋੜ ਕੇ ਪੇਸ਼ ਕੀਤੀ ਗਈ ਹੈ। ਦੂਜੇ ਪਾਸੇ ਸਿੱਧੂ ਪਰਿਵਾਰ ਦੇ ਕਰੀਬੀ ਰਹੇ ਨਰਿੰਦਰ ਲਾਲੀ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ। ਲਾਲੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਥਾਪੇ ਗਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਹੀ ਹੁਣ ਉਨ੍ਹਾਂ ਦੇ ਅਸਲੀ ਨੇਤਾ ਹਨ।
ਨਵਜੋਤ ਕੌਰ ਨੇ ਰੰਧਾਵਾ ਦਾ ਕਾਨੂੰਨੀ ਨੋਟਿਸ ਨਕਾਰਿਆ
ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਨੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਨੂੰ ਤੱਥਹੀਣ ਅਤੇ ਕਾਨੂੰਨੀ ਤੌਰ ’ਤੇ ਗਲਤ ਕਰਾਰ ਦਿੰਦਿਆਂ ਮੁੱਢੋਂ ਰੱਦ ਕਰ ਦਿੱਤਾ ਹੈ। ਆਪਣੇ ਵਕੀਲ ਰਾਹੀਂ ਭੇਜੇ ਜਵਾਬ ਵਿੱਚ ਨਵਜੋਤ ਕੌਰ ਨੇ ਰੰਧਾਵਾ ਨੂੰ ਨੋਟਿਸ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨਹੀਂ ਤਾਂ ਉਹ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੇ ਦੋਸ਼ ਲਾਉਣ ਬਦਲੇ ਜਵਾਬੀ ਕੇਸ ਕਰਨਗੇ। ਜ਼ਿਕਰਯੋਗ ਹੈ ਕਿ ਰੰਧਾਵਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਨਵਜੋਤ ਕੌਰ ਤੋਂ ਮੁਆਫ਼ੀ ਦੀ ਮੰਗ ਕੀਤੀ ਸੀ।