IMG-LOGO
Home News index.html
ਪੰਜਾਬ

ਸਾਂਝੀਵਾਲਤਾ ਦਾ ਪੈਗ਼ਾਮ ਦਿੰਦੀ ਦੀਵਾਲੀ

by Admin - 2025-10-17 22:31:40 0 Views 0 Comment
IMG
ਲੋਕ ਨਾਥ ਸ਼ਰਮਾ ਚਿਰਾਗ ਦਾ ਆਪਣਾ ਕੋਈ ਮੁਕਾਮ ਨਹੀਂ ਹੁੰਦਾ, ਜਿੱਥੇ ਵੀ ਚਲਾ ਜਾਂਦਾ ਹੈ, ਰੋਸ਼ਨੀ ਫੈਲਾਉਂਦਾ ਹੈ। ਇੱਕ ਤਿਉਹਾਰ ਅਜਿਹਾ ਹੈ, ਜਿਸ ਦਿਨ ਚਿਰਾਗ ਅਤੇ ਮੋਮਬੱਤੀਆਂ ਚੌਗਿਰਦੇ ਨੂੰ ਰੋਸ਼ਨ ਕਰਦੀਆਂ ਹਨ। ਆਪਣੇ ਸੰਗ ਖ਼ੁਸ਼ੀਆਂ, ਖੇੜਿਆਂ, ਮੁਹੱਬਤਾਂ ਤੇ ਭਾਈਚਾਰਕ ਸਾਂਝਾ ਦਾ ਪੈਗ਼ਾਮ ਲੈ ਕੇ ਆਉਣ ਵਾਲੀ, ਝੂਠ ਉੱਤੇ ਸੱਚ, ਅਧਰਮ ਉੱਤੇ ਧਰਮ, ਅਨਿਆਂ ’ਤੇ ਨਿਆਂ, ਬਦੀ ’ਤੇ ਨੇਕੀ ਅਤੇ ਹਨੇਰੇ ’ਤੇ ਚਾਨਣ ਦੀ ਫ਼ਤਹਿ ਦਾ ਡੰਕਾ ਵਜਾਉਣ ਵਾਲੀ ਤਿਉਹਾਰਾਂ ਦੀ ਰਾਣੀ ਦਾ ਨਾਂ ਹੈ- ਰੋਸ਼ਨੀਆਂ ਵਾਲੀ, ਆਸਾਂ ਵਾਲੀ, ਦੀਵਿਆਂ ਵਾਲੀ, ਪਟਾਕਿਆਂ ਵਾਲੀ ਦੀਵਾਲੀ। ਦੀਵਾਲੀ ਵਾਲੇ ਦਿਹਾੜੇ ਦਾ ਪ੍ਰਕਾਸ਼ ਰੋਸ਼ਨੀ ਤੇ ਜਗਮਗਾਹਟ ਹੈ। ਇਹ ਗੱਲ ਕਮਾਲ ਦੀ ਤਾਂ ਹੈ, ਪਰ ਹੈ ਤਾਂ ਪ੍ਰਤੀਕ ਮਾਤਰ ਤੇ ਇੱਕ ਦਿਵਸੀ। ਯਕੀਨਨ, ਸਾਡੀ ਲੋੜ ਮੁਤਾਬਕ ਇਹ ਨਾਕਾਫ਼ੀ ਹੈ। ਸਰਬਪ੍ਰਥਮ ਇੱਕ ਦਿਨ ਦੀਵੇ, ਮੋਮਬੱਤੀਆਂ ਤੇ ਬੱਲਬ ਜਗਾ ਕੇ ਸਾਰਾ ਸਾਲ ਆਲਾ-ਦੁਆਲਾ ਪ੍ਰਕਾਸ਼ਿਤ ਨਹੀਂ ਹੋਣਾ। ਗੁੜ ਦੀ ਇੱਕ ਡਲੀ ਨਾਲ ਟੋਭਾ ਮਿੱਠਾ ਨਹੀਂ ਹੋਣਾ। ਇੱਕ ਦਿਨ ਝਾੜੂ ਲਗਾ ਕੇ ਭਾਰਤ ਸਵੱਛ ਨਹੀਂ ਹੋਣਾ ਬਲਕਿ ਹਰ ਰੋਜ਼ ਸਫ਼ਾਈ ਰੱਖ ਕੇ, ਹਰ ਦਿਨ ਗਿਆਨ ਦੇ ਦੀਵੇ ਬਾਲ ਕੇ ਦੀਵਾਲੀ ਵਰਗਾ ਵਾਤਾਵਰਨ ਸਿਰਜਣ ਦੀ ਲੋੜ ਹੈ। ਬਣਾਉਟੀ ਚਾਨਣ ਨਾਲ ਮਨ-ਮਸਤਕ ਦਾ ਹਨੇਰਾ ਦੂਰ ਨਹੀਂ ਹੋਣਾ। ਸ਼ਾਇਰ ਦੇ ਦਿਲਕਸ਼ ਸ਼ਬਦ ਧਿਆਨ ਖਿੱਚਦੇ ਨੇ; ਨਾ ਤਾਰੀਕੀ (ਹਨੇਰਾ) ਮੇਰੇ ਦਿਲ ਕੀ ਗਈ ਚਮਕਤੇ ਸਿਤਾਰੇ ਕੋ ਮੈਂ ਕਿਆ ਕਰੂੰ ਦੇ ਸਕੇ ਤੋ ਦੇ ਦੇ ਦਿਲ ਕੀ ਖੁਸ਼ੀ ਲਾਖੋਂ ਹਜ਼ਾਰੋਂ ਕੋ ਮੈਂ ਕਿਆ ਕਰੂੰ। ਯਕੀਨਨ, ਦੀਵਾਲੀ ਸਾਂਝੀਵਾਲਤਾ ਦਾ ਪੈਗ਼ਾਮ ਤਾਂ ਦਿੰਦੀ ਹੈ, ਪ੍ਰੰਤੂ ਕੀ ਮਹਿਲਾਂ ਵਾਲਿਆਂ ਦੀ ਤੇ ਢੋਕਾਂ, ਝੁੱਗੀ-ਝੌਂਪੜੀ ਵਾਲਿਆਂ ਦੀ ਦੀਵਾਲੀ ਵਿੱਚ ਸਮਾਨਤਾ ਤੇ ਸਾਂਝੀਵਾਲਤਾ ਨਜ਼ਰ ਆਉਂਦੀ ਹੈ? ਬਿਲਕੁਲ ਨਹੀਂ। ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਜ਼ਰਾ ਸੋਚੋ, ਕੀ ਸਭਨਾਂ ਦੀ ਸਮਾਨ ਸ਼ਮੂਲੀਅਤ ਬਗੈਰ ਦੀਵਾਲੀ ਦੇ ਜਸ਼ਨ ਬੌਣੇ, ਊਣੇ ਤੇ ਲੰਗੜੇ ਨਹੀਂ? ਕਿੱਡੀ ਸ਼ਰਮਨਾਕ ਤੇ ਅਫ਼ਸੋਸਨਾਕ ਹਕੀਕਤ ਹੈ ਕਿ ਪੌਣੀ ਸਦੀ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ ਅੱਜ ਵੀ ਭੁੱਖੇ ਢਿੱਡ ਸੌਣ ਵਾਲਿਆਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਮਜ਼ਲੂਮਾਂ, ਨਿਮਾਣਿਆਂ-ਨਿਤਾਣਿਆਂ, ਸਤਾਇਆਂ ਤੇ ਲਤਾੜਿਆਂ ਨੂੰ ਦੀਵਾਲੀ ਮੁਬਾਰਕ ਕਹਿਣਾ, ਉਨ੍ਹਾਂ ਨੂੰ ਮਖ਼ੌਲ ਕਰਨ ਦੇ ਸਮਾਨ ਹੈ। ਮਨੁੱਖ-ਮਨੁੱਖ ਵਿਚਲਾ ਪਾੜਾ ਨਹੀਂ ਘਟਿਆ। ਅਸੀਂ ਅਗਿਆਨਤਾ, ਅਨਪੜ੍ਹਤਾ, ਅਨੁਸਾਸ਼ਨਹੀਣਤਾ ਤੇ ਅਸ਼ਲੀਲਤਾ ਤੋਂ ਉੱਪਰ ਉੱਠ ਕੇ ਗਿਆਨ, ਸਾਖ਼ਰ, ਅਨੁਸਾਸ਼ਿਤ, ਸੰਜਮ, ਨਿਮਰ ਤੇ ਨਿਰਵੈਰ ਸਮਾਜ ਨਹੀਂ ਉਸਾਰ ਸਕੇ। ਸਾਡੇ ਜੀਵਨ ਵਿੱਚ ਈਰਖਾ, ਸਾੜਾ, ਵੈਰ-ਵਿਰੋਧ, ਬੇਈਮਾਨੀ, ਘਪਲੇਬਾਜ਼ੀ, ਭਾਈ-ਭਤੀਜਾਵਾਦ, ਖੇਤਰਵਾਦ, ਭਾਸ਼ਾਵਾਦ, ਜਾਤੀਵਾਦ, ਸ਼੍ਰੇਣੀਵਾਦ, ਵੱਖਵਾਦ ਤੇ ਭ੍ਰਿਸ਼ਟਾਚਾਰ ਵਰਗੇ ਅਗਿਆਨਤਾ ਭਰੇ ਰੂੜੀਵਾਦੀ ਵਿਚਾਰਾਂ ਦਾ ਦਖਲ ਬੇਹੱਦ ਹੈ। ਅਸੀਂ ਪਿਆਰ-ਮੁਹੱਬਤ, ਸਦਭਾਵਨਾ, ਆਪਸੀ-ਭਾਈਚਾਰੇ ਤੇ ਸਹਿਯੋਗ ਦੀਆਂ ਪੌੜੀਆ ਨਹੀਂ ਚੜ੍ਹ ਸਕੇ। ਗੱਲ ਸੋਚ ਬਦਲਣ ਦੀ ਹੈ। ਨਜ਼ਰੀਆ ਬਦਲਣ ਨਾਲ ਨਜ਼ਾਰੇ ਬਦਲ ਜਾਂਦੇ ਨੇ। ਕਿਸ਼ਤੀਆਂ ਦੇ ਬਦਲਣ ਨਾਲ ਗੱਲ ਨਹੀਂ ਬਣਨੀ, ਦਿਸ਼ਾ ਬਦਲੋ, ਕਿਨਾਰੋ ਬਦਲ ਜਾਂਦੇ ਨੇ। ਦੀਵਾਲੀ ਮਨਾਉਣ ਦੇ ਕਲਿਆਣਕਾਰੀ ਢੰਗ ਤਲਾਸ਼ੇ ਜਾਣ। ਕਰੋੜਾਂ ਰੁਪਏ ਦਾ ਬਾਰੂਦ ਫੂਕ ਕੇ ਵਾਤਾਵਰਨ ਨੂੰ ਦੂਸ਼ਿਤ-ਪ੍ਰਦੂਸ਼ਿਤ ਨਾ ਕੀਤਾ ਜਾਵੇ। ਬੰਬ-ਪਟਾਕੇ, ਸ਼ੋਰ-ਸ਼ਰਾਬੇ ਦੇ ਆਲਮ ਵਿੱਚ ਵਾਧਾ ਕਰਕੇ ਸਾਨੂੰ ਕਿਤੇ ਅੰਨ੍ਹੇ-ਬਹਿਰੇ ਨਾ ਬਣਾ ਦੇਣ। ਜੂਆ-ਸੱਟਾ, ਪਵਿੱਤਰ ਤਿਉਹਾਰ ਦੀ ਪਵਿੱਤਰਤਾ ਨੂੰ ਭੰਗ ਨਾ ਕਰ ਦੇਵੇ। ਅਮੀਰਜ਼ਾਦਿਆਂ ਦੀਆਂ ਰੀਸਾਂ ਕਰਕੇ ਦੀਵਾਲੀ ਵਾਲੇ ਦਿਨ ਦੀਵਾਲਾ ਨਾ ਕੱਢੋ। ਚਾਦਰ ਦੇਖ ਕੇ ਪੈਰ ਪਸਾਰੋ। ਵਪਾਰਕ ਪੱਧਰ ’ਤੇ ਤਿਆਰ, ਗਰਦ, ਧੂੜ ਤੇ ਮੱਛਰ ਮੱਖੀਆਂ ਦੀ ਰਾਖੀ ਰੱਖੀਆਂ, ਨੰਗੀਆਂ ਮਠਿਆਈਆਂ ਦਾ ਸੇਵਨ ਨਾ ਕਰੋ। ਉਪਹਾਰ ਵਜੋਂ ਪੁਸਤਕਾਂ ਤੇ ਪੌਦਿਆਂ ਦਾ ਆਦਾਨ-ਪ੍ਰਦਾਨ ਕਰਨਾ ਸਿਆਣਪ ਹੈ। ਫੌਕੇ ਤੇ ਝੂਠੇ ਵਾਅਦਿਆਂ ਤੇ ਐਲਾਨਾਂ ਨਾਲ ਤਸਵੀਰ ਨਹੀਂ ਬਦਲਣੀ। ਹਨੇਰੇ ਵਿੱਚ ਬੈਠੇ ਗੁਰਬਤ ਦੇ ਮਾਰਿਆਂ ਦੀ ਬਿਹਤਰੀ ਲਈ ਕੁੱਲੀ, ਜੁੱਲੀ ਤੇ ਗੁੱਲੀ ਹਰ ਇੱਕ ਦੇ ਢਿੱਡ ਤੱਕ ਪਹੁੰਚਾਉਣ ਲਈ ਠੋਸ ਕਦਮਾਂ ਨੂੰ ਅਮਲੀਜਾਮਾ ਪਹਿਨਾਉਣ ਦੀ ਫੌਰੀ ਲੋੜ ਹੈ। ਆਓ, ਦੀਵਾਲੀ ਦੇ ਯਾਦਗਾਰੀ, ਇਤਿਹਾਸਕ ਤੇ ਪਵਿੱਤਰ ਦਿਹਾੜੇ ’ਤੇ ਸਾਂਝੀਵਾਲਤਾ ਦਾ ਹੋਕਾ ਦੇਈਏ, ਏਕ ਪਿਤਾ ਏਕਸ ਕੇ ਹਮ ਬਾਰਕ ਦੀ ਹਕੀਕਤ ਨੂੰ ਜਾਣੀਏ ਤੇ ਮਾਨਸ ਦੀ ਜਾਤ ਨੂੰ ਇੱਕ ਹੀ ਪਹਿਚਾਣੀਏ। ਜਾਤ ਨਹੀਂ, ਜੋਤ ਨੂੰ ਪਹਿਚਾਣੀਏ। ਰੰਗ, ਨਸਲ, ਭੇਦਭਾਵ ਵਾਲੀ ਕੌੜੀ ਤੇ ਸੌੜੀ ਸੋਚ ਮਨਾਂ ’ਚੋਂ ਕੱਢੀਏ। ਮਨੁੱਖਤਾ ਵਿਚਲੀ ਸੰਕੀਰਣਤਾ ਖ਼ਤਮ ਕਰੀਏ, ਮਿਲਜੁਲ ਕੇ ਚੱਲੀਏ, ਜੁੜ ਕੇ ਵੱਸੀਏ, ਰਲ ਕੇ ਹੱਸੀਏ। ਦਿਆ, ਧਰਮ, ਸਦਭਾਵਨਾ ਅਤੇ ਗਿਆਨ ਦਾ ਚੌਮੁਖਾ ਦੀਵਾ ਬਾਲੀਏ। ਮਨੁੱਖਤਾ ਦੇ ਮਨਾਂ ਅੰਦਰਲਾ ਹਨੇਰਾ ਇੱਕ ਦਿਨ ਜ਼ਰੂਰ ਦੂਰ ਹੋ ਜਾਵੇਗਾ ਅਤੇ ਸਾਰਾ ਸੰਸਾਰ ਆਪ ਮੁਹਾਰੇ ਹੀ ਜਗਮਗਾ ਉੱਠੇਗਾ।

Leave a Comment

Your email address will not be published. Required fields are marked *