IMG-LOGO
Home News blog-detail-01.html
ਸੰਸਾਰ

ਵਿਸ਼ਵ ਬਜ਼ੁਰਗ ਦਿਵਸ ਮੌਕੇ ਸਮਾਗਮ

by Admin - 2025-10-14 22:38:05 0 Views 0 Comment
IMG
ਵੈਨਕੂਵਰ : ਸਨਸਿਟ ਇੰਡੋ ਕੈਨੇਡੀਅਨਜ਼ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਵਿਸ਼ਵ ਬਜ਼ੁਰਗ ਦਿਵਸ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਰੰਭ ਸੁਰਜੀਤ ਸਿੰਘ ਮਿਨਹਾਸ ਦੇ ਧਾਰਮਿਕ ਸ਼ਬਦ ਨਾਲ ਹੋਇਆ। ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਵਿਸ਼ਵ ਬਜ਼ੁਰਗ ਦਿਵਸ ਪਹਿਲੀ ਅਕਤੂਬਰ 1991 ਤੋਂ ਯੂਐੱਨਓ ਦੇ ਇੱਕ ਫੈਸਲੇ ਅਨੁਸਾਰ ਮਨਾਇਆ ਜਾਂਦਾ ਹੈ ਤਾਂਕਿ ਇਸ ਉਮਰ ਦੇ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਿਹਤ ਸਹੂਲਤਾਂ ਅਤੇ ਜੀਵਨ ਪੱਧਰ ਵਿੱਚ ਆਈ ਤਬਦੀਲੀ ਨੇ ਲੋਕਾਂ ਦੀ ਉਮਰ ਵਿੱਚ ਵਾਧਾ ਕੀਤਾ ਹੈ, ਪਰ ਪਿਛਲੇ ਤਿੰਨ-ਚਾਰ ਦਹਾਕਿਆਂ ਵਿੱਚ ਸਾਡੀ ਜੀਵਨ ਸ਼ੈਲੀ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਅਜਿਹਾ ਵਿਗਾੜ ਆਇਆ ਹੈ ਕਿ ਬਜ਼ੁਰਗ ਸਾਨੂੰ ‘ਭਾਰ’ ਵਾਂਗ ਲੱਗਣ ਲੱਗ ਪਏ ਹਨ। ਜਦੋਂ ਕਿ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਅਤੇ ਸੁਰੱਖਿਆ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਮੌਕੇ ’ਤੇ ਮੁਖਤਿਆਰ ਸਿੰਘ ਬੋਪਾਰਾਏ (78 ਸਾਲ), ਦਿਨੇਸ਼ ਕੁਮਾਰ ਮਲਹੋਤਰਾ (72 ਸਾਲ), ਸੁਰਜੀਤ ਸਿੰਘ ਭੱਟੀ (80 ਸਾਲ), ਹਰਦਿਆਲ ਸਿੰਘ ਗਿੱਲ (77 ਸਾਲ) ਅਤੇ ਰਾਮ ਧੀਰ (76 ਸਾਲ) ਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ’ਤੇ ਤੋਹਫ਼ੇ ਦਿੱਤੇ ਗਏ। ਮਨਜੀਤ ਢਿੱਲੋਂ, ਗੁਰਮੀਤ ਸਿੰਘ ਕਾਲਕਟ, ਅੰਦਰੇਸ ਬਾਜਵਾ, ਗੁਰਪਾਲ ਸਿੰਘ ਪੰਧੇਰ, ਕੁਲਦੀਪ ਸਿੰਘ ਜਗਪਾਲ, ਗੁਰਦਰਸ਼ਨ ਸਿੰਘ ਮਠਾੜੂ ਆਦਿ ਨੇ ਗੀਤਾਂ ਤੇ ਕਵਿਤਾਵਾਂ ਰਾਹੀਂ ਮਨੋਰੰਜਨ ਕੀਤਾ। ਦਿਨੇਸ਼ ਕੁਮਾਰ ਮਲਹੋਤਰਾ ਨੇ ਦਸਹਿਰੇ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਗੁਰਦਿੱਤ ਸਿੰਘ ਸੰਧੂ ਅਤੇ ਸੁੱਚਾ ਸਿੰਘ ਕਲੇਰ ਨੇ ਦੇਸ਼-ਵਿਦੇਸ਼ ਦੇ ਮਸਲੇ ਸਾਂਝੇ ਕੀਤੇ। ਅੰਤ ਵਿੱਚ ਸਭਾ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਬਾਰੇ ਕਿਹਾ ਕਿ ਭਗਤ ਸਿੰਘ ਸਿਰਫ਼ ਇੱਕ ਆਜ਼ਾਦੀ ਸੈਨਾਨੀ ਨਹੀਂ ਸਨ, ਸਗੋਂ ਉਹ ਇੱਕ ਵਿਚਾਰਕ ਅਤੇ ਇਨਕਲਾਬੀ ਫਿਲਾਸਫਰ ਸਨ, ਜਿਨ੍ਹਾਂ ਦੇ ਵਿਚਾਰ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ। ਉਹ ਇੱਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਸਨ, ਜਿੱਥੇ ਲੁੱਟ-ਖਸੋਟ, ਗ਼ਰੀਬੀ, ਬੇਰੁਜ਼ਗਾਰੀ ਅਤੇ ਜਾਤੀਵਾਦ ਦਾ ਅੰਤ ਹੋਵੇ-ਇੱਕ ਅਜਿਹਾ ਸਮਾਜ ਜਿੱਥੇ ਮਿਹਨਤੀ ਲੋਕਾਂ ਦੀ ਸਰਦਾਰੀ ਹੋਵੇ।

Leave a Comment

Your email address will not be published. Required fields are marked *