IMG-LOGO
Home News index.html
ਦੇਸ਼

ਬਿਹਾਰ ਚੋਣਾਂ ਤੋਂ ਪਹਿਲਾਂ 62 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਆਗ਼ਾਜ਼

by Admin - 2025-10-04 23:22:00 0 Views 0 Comment
IMG
ਕਰਪੂਰੀ ਠਾਕੁਰ ਦਾ ਜਨ ਨਾਇਕ ਸਨਮਾਨ ‘ਚੋਰੀ ਕਰਨ ਦੀ ਕੋਸ਼ਿਸ਼’: ਮੋਦੀ ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ’ਚ ਰਾਸ਼ਟਰੀ ਜਨਤਾ ਦਲ ਦੀ ਸਰਕਾਰ ਸਮੇਂ ‘ਸਿੱਖਿਆ ਦੇ ਘਾਣ’ ਨੂੰ ਸੂਬੇ ’ਚੋਂ ਵੱਡੇ ਪੱਧਰ ’ਤੇ ਹਿਜਰਤ ਦਾ ਇਕ ਅਹਿਮ ਕਾਰਨ ਦੱਸਿਆ। ਉਨ੍ਹਾਂ ਹਾਲਾਤ ’ਚ ਸੁਧਾਰ ਲਿਆਉਣ ਅਤੇ ਸੂਬੇ ਨੂੰ ਤਰੱਕੀ ਦੇ ਰਾਹ ’ਤੇ ਪਾਉਣ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਐੱਨ ਡੀ ਏ ਸਰਕਾਰ ਦੀ ਸ਼ਲਾਘਾ ਕੀਤੀ। ਮੋਦੀ ਨੇ ਬਿਹਾਰ ਸਣੇ ਨੌਜਵਾਨਾਂ ’ਤੇ ਕੇਂਦਰਤ ਸਿੱਖਿਆ ਅਤੇ ਹੁਨਰ ਵਿਕਾਸ ਸਮੇਤ 62 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਰਚੁਅਲੀ ਉਦਘਾਟਨ ਕੀਤਾ। ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵੀ ਅਸਿੱਧੇ ਢੰਗ ਨਾਲ ਨਿਸ਼ਾਨਾ ਸੇਧਿਆ ਜਿਨ੍ਹਾਂ ਨੂੰ ਕਾਂਗਰਸ ਅਕਸਰ ‘ਜਨ ਨਾਇਕ’ ਆਖਦੀ ਹੈ। ਬਿਹਾਰ ’ਚ ਜਨ ਨਾਇਕ ਦੀ ਵਰਤੋਂ ਓ ਬੀ ਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਲਈ ਵਰਤਿਆ ਜਾਂਦਾ ਰਿਹਾ ਹੈ। ਮੋਦੀ ਨੇ ਰਾਹੁਲ ਦਾ ਨਾਮ ਲਏ ਬਿਨਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਠਾਕੁਰ ਨਾਲ ਜੁੜੇ ਸਨਮਾਨ ਨੂੰ ‘ਚੋਰੀ’ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਬਿਹਾਰ ਦੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਠਾਕੁਰ ਨੂੰ ਜਨ ਨਾਇਕ ਦੀ ਉਪਾਧੀ ਸੋਸ਼ਲ ਮੀਡੀਆ ਟਰੌਲ ਨੇ ਨਹੀਂ ਦਿੱਤੀ ਸਗੋਂ ਇਹ ਉਨ੍ਹਾਂ ਪ੍ਰਤੀ ਲੋਕਾਂ ਦੇ ਪਿਆਰ ਦਾ ਪ੍ਰਤੀਕ ਹੈ। ਮੋਦੀ ਨੇ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਹਾਰ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਨਵੇਂ ਅਹਿਦ ਲਏ ਹਨ ਅਤੇ ਬੀਤੇ 20 ਸਾਲਾਂ ਦੇ ਮੁਕਾਬਲੇ ’ਚ ਅਗਲੇ ਪੰਜ ਸਾਲਾਂ ’ਚ ਰੁਜ਼ਗਾਰ ਹਾਸਲ ਕਰਨ ਵਾਲਿਆਂ ਦੀ ਗਿਣਤੀ ਦੁਗਣੀ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨਿਸ਼ਚੈ ਸਵਯਮ ਸਹਾਇਤਾ ਭੱਤਾ ਯੋਜਨਾ ਵੀ ਲਾਂਚ ਕੀਤੀ ਜਿਸ ਤਹਿਤ ਕਰੀਬ ਪੰਜ ਲੱਖ ਗਰੈਜੂਏਟਾਂ ਨੂੰ ਦੋ ਸਾਲਾਂ ਲਈ ਇਕ-ਇਕ ਹਜ਼ਾਰ ਰੁਪਏ ਹਰ ਮਹੀਨੇ ਮਿਲਣਗੇ। ਉਨ੍ਹਾਂ ਬਿਹਾਰ ਸਟੂਡੈਂਟ ਕ੍ਰੈਡਿਟ ਕਾਰਡ ਯੋਜਨਾ ਦਾ ਵੀ ਆਗ਼ਾਜ਼ ਕੀਤਾ ਜਿਸ ਤਹਿਤ ਸਿੱਖਿਆ ਲਈ ਚਾਰ ਲੱਖ ਤੱਕ ਦਾ ਵਿਆਜ ਮੁਕਤ ਕਰਜ਼ਾ ਮਿਲੇਗਾ।

Leave a Comment

Your email address will not be published. Required fields are marked *