IMG-LOGO
Home News ਅਮਰੀਕੀ-ਫੌ਼ਜ-ਵਿੱਚ-ਜਵਾਨਾਂ-ਦੇ-ਦਾੜ੍ਹੀ-ਰੱਖਣ-’ਤੇ-ਪਾਬੰਦੀ
ਅਮਰੀਕਾ

ਅਮਰੀਕੀ ਫੌ਼ਜ ਵਿੱਚ ਜਵਾਨਾਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ

by Admin - 2025-10-04 23:36:46 0 Views 0 Comment
IMG
ਰੱਖਿਆ ਮੰਤਰੀ ਦੇ ਫ਼ੈਸਲੇ ਨਾਲ ਸਿੱਖ ਫ਼ੌਜੀਆਂ ਲੲੀ ਨਵੀਂ ਚੁਣੌਤੀ ਪੈਦਾ ਹੋਈ ਅੰਮ੍ਰਿਤਸਰ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਸਖ਼ਤ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਰਹੇ ਜਵਾਨਾਂ ਤੇ ਅਧਿਕਾਰੀਆਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ ਲਗਾਈ ਗਈ ਹੈ। ਸਿਰਫ਼ ਵਿਸ਼ੇਸ਼ ਬਲਾਂ ਨੂੰ ਹੀ ਇਸ ਨੀਤੀ ਤੋਂ ਛੋਟ ਦਿੱਤੀ ਗਈ ਹੈ। ਹੈਗਸੈਥ ਨੇ 30 ਸਤੰਬਰ ਨੂੰ ਸਾਰੀਆਂ ਸ਼ਾਖਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪਦੰਡਾਂ ’ਤੇ ਵਾਪਸ ਅਮਲ ਕਰਨ ਸਬੰਧੀ ਜਾਰੀ ਕੀਤੇ ਆਪਣੇ ਹੁਕਮਾਂ ਵਿੱਚ ਦਾੜ੍ਹੀ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਛੋਟ ਦੇਣ ਤੋਂ ਇਨਕਾਰ ਕੀਤਾ ਹੈ। ਇਸ ਫੈਸਲੇ ਨਾਲ ਸਿੱਖਾਂ ਵਰਗੇ ਘੱਟ ਗਿਣਤੀ ਵਰਗ ਦੇ ਜਵਾਨਾਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਗਿਆ ਹੈ। ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮਰੀਕਾ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਇੱਕ ਜਮਹੂਰੀ ਦੇਸ਼ ਜੋ ਕਿ ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਦਾਅਵਾ ਕਰਦਾ ਹੈ, ਦੇ ਅਕਸ ਨੂੰ ਢਾਹ ਲੱਗੇਗੀ। ਉਨ੍ਹਾਂ ਪਿਛਲੇ ਨਿਯਮਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਜੋ ਕਿ ਸਿੱਖ ਸੈਨਿਕਾਂ ਨੂੰ ਆਪਣੀ ਫੌਜੀ ਡਿਊਟੀ ਨਿਭਾਉਂਦੇ ਹੋਏ ਆਪਣੇ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਦੀ ਇਜਾਜ਼ਤ ਵੀ ਦਿੰਦੇ ਸਨ। ਉਨ੍ਹਾਂ ਚੇਤੇ ਕਰਵਾਇਆ ਕਿ ਸਿੱਖ ਸੈਨਿਕਾਂ ਨੇ ਦੋ ਵਿਸ਼ਵ ਜੰਗਾਂ ਵਿੱਚ ਆਪਣਾ ਫ਼ਰਜ਼ ਬਾਖੂਬੀ ਨਿਭਾਇਆ ਸੀ। ਹਾਲਾਂਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਅਧਿਕਾਰੀਆਂ ਨੇ ਇਸ ਕਦਮ ਬਾਰੇ ਪੂਰੀ ਸਪੱਸ਼ਟਤਾ ਮਿਲਣ ਤੱਕ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ ਇਸ ਆਦੇਸ਼ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਅਮਰੀਕੀ ਫੌਜ ਵਿੱਚ ਸੇਵਾ ਨਿਭਾਅ ਰਹੇ ਮੌਜੂਦਾ ਸਿੱਖ ਸੈਨਿਕਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਟਿੱਪਣੀ ਕਰਨਗੀਆਂ। ਉੱਧਰ, ਇਸ ਕਦਮ ਦੀ ਅਮਰੀਕਾ ਵਿਚਲੇ ਨਾਗਰਿਕ ਅਧਿਕਾਰ ਸਮੂਹਾਂ, ਸਾਬਕਾ ਫੌਜੀਆਂ ਅਤੇ ਧਾਰਮਿਕ ਆਜ਼ਾਦੀ ਦੇ ਸਮਰਥਕਾਂ ਵੱਲੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਨਵੀਂ ਨੀਤੀ ਕਈ ਸੇਵਾ ਮੈਂਬਰਾਂ, ਖ਼ਾਸ ਕਰ ਕੇ ਸਿੱਖਾਂ, ਮੁਸਲਮਾਨਾਂ, ਯਹੂਦੀਆਂ ਅਤੇ ਸਿਆਹਫਾਮ ਸੈਨਿਕਾਂ ਨੂੰ ਆਪਣੇ ਫੌਜੀ ਕਰੀਅਰ ਅਤੇ ਆਪਣੇ ਧਾਰਮਿਕ ਵਿਸ਼ਵਾਸਾਂ ਜਾਂ ਸਿਹਤ ਲੋੜਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਕਰ ਸਕਦੀ ਹੈ।

Leave a Comment

Your email address will not be published. Required fields are marked *