ਪੰਜਾਬ
ਸਿੱਖ ਭਾਈਚਾਰੇ ਵਲੋਂ ਯੋਗੀ ਆਦਿੱਤਿਆਨਾਥ ਵਿਰੁੱਧ ਮੌਲਵੀ ਦੀ ਅਪਮਾਨਜਨਕ ਟਿੱਪਣੀ ਦਾ ਵਿਰੋਧ
ਲਖਨਊ
ਮਹਾਰਾਸ਼ਟਰ ਦੇ ਇਕ ਮੌਲਵੀ ਵਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੁੱਧ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਵਿਰੋਧ 'ਚ ਅੱਜ ਲਖਨਊ 'ਚ ਰਾਜ ਦੇ 45 ਜ਼ਿਲਿ੍ਹਆਂ ਦੇ ਸਿੱਖ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ | ਪਰਿਵਰਤਨ ਚੌਕ 'ਤੇ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਨੇ ਮੌਲਵੀ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਸੌਂਪਿਆ | ਵਿਰੋਧ ਪ੍ਰਦਰਸ਼ਨ ਦੌਰਾਨ ਲਖਨਊ ਦੀ ਸਾਬਕਾ ਮੇਅਰ ਸੰਯੁਕਤਾ ਭਾਟੀਆ ਵੀ ਮੌਜੂਦ ਸਨ | ਗੁਰੂ ਗੋਬਿੰਦ ਸਿੰਘ ਸੇਵਾ ਸਮਿਤੀ, ਉੱਤਰ ਪ੍ਰਦੇਸ਼ ਦੇ ਜਨਰਲ ਸਕੱਤਰ ਐਡਵੋਕੇਟ ਪਰਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਹਮੇਸ਼ਾ ਰਾਸ਼ਟਰ ਪ੍ਰਤੀ ਸਮਰਪਿਤ ਹੈ | ਮਹਾਰਾਸ਼ਟਰ ਦੇ ਮੌਲਵੀ ਵਲੋਂ ਮੁੱਖ ਮੰਤਰੀ ਵਿਰੁੱਧ ਵਰਤੇ ਗਏ ਅਪਮਾਨਜਨਕ ਸ਼ਬਦ ਬਹੁਤ ਨਿੰਦਣਯੋਗ ਤੇ ਅਸਹਿਣਯੋਗ ਹਨ | ਉਨ੍ਹਾਂ ਕਿਹਾ ਕਿ ਅੱਜ ਇੱਥੇ ਇਕੱਠੇ ਹੋਏ ਉੱਤਰ ਪ੍ਰਦੇਸ਼ ਦੇ ਸਿੱਖ ਭਾਈਚਾਰਾ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ, ਜਿਨ੍ਹਾਂ ਨੂੰ ਸਿੱਖ ਗੁਰੂਆਂ 'ਚ ਡੂੰਘੀ ਸ਼ਰਧਾ ਤੇ ਵਿਸ਼ਵਾਸ ਹੈ ਤੇ ਸੰਤ ਸੁਭਾਅ ਦੇ ਹਨ, ਅਜਿਹੇ ਕਰਮ ਯੋਗੀ ਵਿਰੁੱਧ ਕਿਸੇ ਵੀ ਅਨੈਤਿਕ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਢਾਲ ਬਣ ਕੇ ਖੜ੍ਹੇ ਰਹਿਣਗੇ |