ਪੰਜਾਬ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਯੋਗਾ ਗੁਰੂ ਸਵਾਮੀ ਰਾਮਦੇਵ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ 1 ਕਰੋੜ ਰੁਪਏ ਦਾ ਸੌਂਪਿਆ ਚੈੱਕ
ਅੰਮਿ੍ਤਸਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਪਤੰਜਲੀ ਯੋਗ ਪੀਠ ਹਰਿਦੁਆਰ ਦੇ ਮੁਖੀ ਤੇ ਯੋਗਾ ਗੁਰੂ ਸਵਾਮੀ ਰਾਮਦੇਵ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਕਮੇਟੀ ਵਲੋਂ ਹੜ੍ਹ ਪੀੜਤਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ | ਇਸ ਮੌਕੇ ਪ੍ਰਧਾਨ ਧਾਮੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਵਾਮੀ ਰਾਮਦੇਵ ਅਤੇ ਉਨ੍ਹਾਂ ਨਾਲ ਮੁੰਬਈ ਤੋਂ ਆਏ ਹਰਪ੍ਰੀਤ ਸਿੰਘ ਮਿਨਹਾਸ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਲੋਈ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਪ੍ਰਧਾਨ ਧਾਮੀ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਸਮੇਂ ਸ਼ਮੂਲੀਅਤ ਲਈ ਸਵਾਮੀ ਰਾਮਦੇਵ ਨੂੰ ਸੱਦਾ ਵੀ ਦਿੱਤਾ | ਸਵਾਮੀ ਰਾਮਦੇਵ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਬੇਹੱਦ ਸ਼ਾਂਤੀ ਮਿਲੀ ਹੈ | ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਹੜ੍ਹਾਂ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਪਤੰਜਲੀ ਯੋਗ ਪੀਠ ਵਲੋਂ ਵੀ ਸਹਿਯੋਗ ਕਰਨ ਦੀ ਵਚਨਬੱਧਤਾ ਪ੍ਰਗਟਾਈ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਮੋਹਨ ਸਿੰਘ ਬੰਗੀ, ਓ. ਐੱਸ. ਡੀ. ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਐਡਵੋਕੇਟ ਪ੍ਰਦੀਪ ਗੋਇਲ, ਮੈਨੇਜਰ ਜਸਪਾਲ ਸਿੰਘ ਢੱਡੇ, ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ, ਰਣਧੀਰ ਸਿੰਘ ਤੇ ਸਰਬਜੀਤ ਸਿੰਘ ਆਦਿ ਮੌਜੂਦ ਸਨ |