ਪੰਜਾਬ
ਨਸ਼ੇ ਦੀ ਓਵਰਡੋਜ਼ ਨਾਲ ਇਕੋ ਰਾਤ 3 ਨੌਜਵਾਨਾਂ ਦੀ ਮੌਤ
ਮਮਦੋਟ/ਗੁਰੂਹਰਸਹਾਏ (ਫਿਰੋਜ਼ਪੁਰ)
ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਪੈਂਦੇ ਪਿੰਡ ਲੱਖੋਂ ਕੇ ਬਹਿਰਾਮ ਵਿਖੇ ਬੀਤੀ ਮੰਗਲਵਾਰ ਦੀ ਇਕੋ ਰਾਤ ਨੂੰ ਨਸ਼ੇ ਦੀ ਓਵਰਡੋਜ਼ ਲੈਣ ਨਾਲ ਹੋਈਆਂ ਤਿੰਨ ਮੌਤਾਂ ਕਾਰਨ ਇਲਾਕੇ ਵਿਚ ਮਾਤਮ ਫੈਲ ਗਿਆ ਹੈ | ਜਾਣਕਾਰੀ ਅਨੁਸਾਰ ਰਣਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਉਮੈਦ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਰਮਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਉਮਰ ਕਰੀਬ 24 ਤੋਂ 27 ਸਾਲ ਕੁਝ ਸਮੇਂ ਤੋਂ ਨਸ਼ੇ ਦਾ ਸੇਵਨ ਕਰਦੇ ਆ ਰਹੇ ਸਨ ਅਤੇ ਬੀਤੀ ਰਾਤ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਾਰਨ ਇਕ-ਇਕ ਕਰਕੇ ਉਨ੍ਹਾਂ ਦੀ ਮੌਤ ਹੋ ਗਈ | ਇਥੇ ਦੱਸਣਯੋਗ ਹੈ ਕਿ ਹਾਲੇ ਦੋ ਦਿਨ ਪਹਿਲਾਂ ਵੀ ਇਸ ਪਿੰਡ ਦਾ ਇਕ ਹੋਰ ਨੌਜਵਾਨ ਸੰਦੀਪ ਸਿੰਘ ਪੁੱਤਰ ਵੀਰ ਸਿੰਘ ਜੋ ਕਿ ਵਾਟਰ ਸਪਲਾਈ ਵਿਭਾਗ ਵਿਚ ਨੌਕਰੀ ਕਰਦਾ ਸੀ, ਦੀ ਵੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ | ਮਿ੍ਤਕ ਦੀ ਸਿਰਫ਼ ਦੋ ਸਾਲ ਦੀ ਛੋਟੀ ਜਿਹੀ ਲੜਕੀ ਹੈ, ਜਿਸ ਦੀ ਮੌਤ ਨੂੰ ਹਾਲੇ ਲੋਕ ਭੁੱਲੇ ਵੀ ਨਹੀਂ ਸਨ ਕਿ ਉਕਤ ਘਟਨਾ ਵਾਪਰ ਗਈ | ਇਸ ਘਟਨਾ ਤੋਂ ਬਾਅਦ ਗ਼ੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਪਰਿਵਾਰਾਂ ਸਮੇਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਸੜਕ 'ਤੇ ਤਿੰਨੋਂ ਲਾਸ਼ਾਂ ਰੱਖ ਕੇ ਧਰਨਾ ਲਗਾ ਦਿੱਤਾ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ | ਇਸ ਦੌਰਾਨ ਐਸ.ਪੀ. (ਡੀ) ਫ਼ਿਰੋਜ਼ਪੁਰ ਮਨਜੀਤ ਸਿੰਘ ਅਤੇ ਡੀ.ਐਸ.ਪੀ. ਗੁਰੂਹਰਸਹਾਏ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ, ਜਿੰਨਾ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ | ਪੁਲਿਸ ਅਧਿਕਾਰੀਆਂ ਵਲੋਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਮੰਗ ਅਨੁਸਾਰ ਮੈਡੀਕਲ ਸਟੋਰ ਮਾਲਕਾਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪਿੰਡ ਲੱਖੋਂ ਕੇ ਬਹਿਰਾਮ ਇਕ ਪਿੰਡ ਹੈ, ਜਿਸ ਵਿਚ ਕੋਈ ਵੀ ਹਸਪਤਾਲ ਨਹੀਂ ਹੈ ਫਿਰ ਵੀ ਪਿੰਡ ਵਿਚ ਛੇ-ਸੱਤ ਮੈਡੀਕਲ ਸਟੋਰ ਖੁੱਲ੍ਹੇ ਹੋਏ ਹਨ ਅਤੇ ਇਕ ਸਟੋਰ ਨੂੰ ਛੱਡ ਕੇ ਬਾਕੀਆਂ 'ਤੇ ਕਥਿਤ ਤੌਰ 'ਤੇ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ | ਉਨ੍ਹਾਂ ਦਾ ਦੋਸ਼ ਸੀ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਮੈਡੀਕਲ ਸਟੋਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਕੁਝ ਦਿਨਾਂ ਲਈ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਮੈਡੀਕਲ ਸਟੋਰ ਫਿਰ ਆਮ ਵਾਂਗ ਖੁੱਲ ਜਾਂਦੇ ਹਨ, ਜਿਸ ਦੀ ਵਜ੍ਹਾ ਨਾਲ ਅੱਜ਼ ਪਿੰਡ ਵਿਚ ਇਕੋ ਸਮੇਂ ਤਿੰਨ ਨੌਜਵਾਨਾਂ ਦੀ ਨਸ਼ੇ ਦਾ ਟੀਕੇ ਲਾਉਣ ਨਾਲ ਮੌਤ ਹੋ ਗਈ | ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪਿਛਲੇ 10 ਸਾਲਾਂ ਵਿਚ ਇਸ ਪਿੰਡ ਦੇ ਕਰੀਬ 85 ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ |