IMG-LOGO
Home News blog-detail-01.html
ਪੰਜਾਬ

ਸਰਕਾਰ ਨੇ ਰਾਸ਼ਨ ਕਾਰਡ ਕੱਟਿਆ- ਗੁਰਬਤ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਸ਼ਹੀਦ ਜਵਾਨ ਦੇ ਮਾਪੇ

by Admin - 2023-03-18 00:39:08 0 Views 0 Comment
IMG
ਮੋਗਾ- ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ-ਚੀਨ ਦੀ ਸਰਹੱਦ ’ਤੇ ਨਦੀ ਉੱਤੇ ਲੱਕੜ ਦੇ ਪੁਲ ਨੂੰ ਪਾਰ ਕਰਦਿਆਂ ਪੈਰ ਤਿਲਕਣ ਕਾਰਨ 22 ਜੁਲਾਈ 2020 ਨੂੰ ਨਦੀ ’ਚ ਡੁੱਬਣ ਨਾਲ ਸ਼ਹੀਦ ਜਵਾਨ ਲਖਬੀਰ ਸਿੰਘ ਦੇ ਬਜ਼ੁਰਗ ਮਾਪੇ ਗੁਰਬਤ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਮਿਲਦੇ ਸਸਤੇ ਅਨਾਜ ਦਾ ਸਮਰਾਟ ਰਾਸ਼ਨ ਕਾਰਡ ਵੀ ਰੱਦ ਕਰ ਦਿੱਤਾ ਗਿਆ ਹੈ। ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਡੇਮਰੂ ਖੁਰਦ ਦੇ ਸ਼ਹੀਦ ਸਿਪਾਹੀ ਲਖਬੀਰ ਸਿੰਘ ਦੀ ਮਾਤਾ ਜਸਬੀਰ ਕੌਰ ਅਤੇ ਪਿਤਾ ਨੇ ਦੱਸਿਆ ਕਿ ਪੁੱਤਰ ਦੇ ਸ਼ਹੀਦ ਹੋਣ ਮਗਰੋਂ ਮਿਲੀ ਗਰਾਂਟ ਦੀ 30 ਲੱਖ ਰੁਪਏ ਰਾਸ਼ੀ ਵਿਚੋਂ 14 ਲੱਖ ਰੁਪਏ ਕਰਜ਼ਾ ਅਦਾ ਕਰ ਦਿੱਤਾ ਗਿਆ ਅਤੇ ਬਾਕੀ ਪੈਸਾ ਉਨ੍ਹਾਂ ਦੀ ਨੂੰਹ ਕੋਲ ਸੀ ਅਤੇ ਉਸਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਉਹ ਉਨ੍ਹਾਂ ਦੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਪੇਕੇ ਰਹਿ ਰਹੀ ਹੈ। ਬੁਢਾਪੇ ਦੇ ਇਸ ਦੌਰ ’ਚ ਉਨ੍ਹਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਅਤੇ ਉਹ ਹੁਣ ਗੁਮਨਾਮੀ ਦੀ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਮਰਾਟ ਰਾਸ਼ਨ ਕਾਰਡ ਵੀ ਰੱਦ ਕਰ ਦਿੱਤਾ ਹੈ। ਬਜ਼ੁਰਗ ਜੋੜਾ ਨੇ ਪੁੱਤਰ ਦੀਆਂ ਉਸ ਵੇਲੇ ਦੀਆਂ ਯਾਦਾਂ, ਤਸਵੀਰਾਂ, ਸ਼ਹੀਦ ਹੋਣ ’ਤੇ ਭਾਰਤੀ ਫੌਜ ਵੱਲੋਂ ਦਿੱਤੀ ਸਲਾਮੀ ਅਤੇ ਹੋਰ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ ਹਨ। ਪੁੱਤਰ ਦੀ ਸ਼ਹਾਦਤ ਮੌਕੇ ਬਜ਼ੁਰਗ ਜੋੜੇ ਨੂੰ ਉਹ ਹੀ ਸਨਮਾਨ ਦਿੱਤਾ ਗਿਆ ਜੋ ਹਰ ਸ਼ਹੀਦ ਪਰਿਵਾਰ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੁੰਦੀ ਹੈ ਪਰ ਅੱਜ ਬਜ਼ੁਰਗ ਜੋੜੇ ਦੇ ਹਾਲਾਤ ਦੇਖ ਹਰ ਇਨਸਾਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮਾਲੀ ਮੱਦਦ ਦੀ ਅਪੀਲ ਕਰਦਿਆਂ ਸਮਰਾਟ ਰਾਸ਼ਨ ਕਾਰਡ ਵੀ ਬਹਾਲ ਕਰਨ ਦੀ ਮੰਗ ਕੀਤੀ ਹੈ। ਸ਼ਹੀਦ ਜਵਾਨ ਲਖਬੀਰ ਸਿੰਘ 2014 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਾਲ 2019 ਵਿੱਚ ਉਸ ਦਾ ਵਿਆਹ ਹੋਇਆ ਸੀ। 22 ਜੁਲਾਈ 2020 ਨੂੰ ਆਪਣੇ ਸਾਥੀ ਨਾਲ ਲੱਕੜੀ ਦਾ ਪੁਲ ਪਾਰ ਕਰਦੇ ਸਮੇਂ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ-ਚੀਨ ਦੀ ਸਰਹੱਦ ’ਤੇ ਸ਼ਹੀਦ ਹੋ ਗਿਆ ਸੀ। ਪਿੰਡ ਦੇ ਸਰਪੰਚ ਪਵਨਦੀਪ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੈ। ਲਖਬੀਰ ਸਿੰਘ ਦੇ ਸ਼ਹੀਦ ਹੋਣ ਮਗਰੋਂ ਪਰਿਵਾਰ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੈ। ਮਾਪੇ ਬਿਮਾਰ ਰਹਿੰਦੇ ਹਨ। ਅਚਾਨਕ ਸਰਕਾਰ ਨੇ ਰਾਸ਼ਨ ਕਾਰਡ ਸੂਚੀ ਤੋਂ ਨਾਂ ਵੀ ਹਟਾ ਦਿੱਤਾ। ਰਾਸ਼ਨ ਕਾਰਡ ਤੋਂ ਮਿਲਣ ਵਾਲੀ ਕਣਕ ਨਾਲ ਪਰਿਵਾਰ ਦੀ ਥੋੜ੍ਹੀ ਮਦਦ ਹੋ ਜਾਂਦੀ ਸੀ।

Leave a Comment

Your email address will not be published. Required fields are marked *