IMG-LOGO
Home News blog-detail-01.html
ਦੇਸ਼

ਅੰਡੇਮਾਨ-ਨਿਕੋਬਾਰ ਦੇ 21 ਟਾਪੂਆਂ ਦੇ ਨਾਂ ਪਰਮਵੀਰ ਚੱਕਰ ਜੇਤੂਆਂ ’ਤੇ ਰੱਖੇ

by Admin - 2023-01-23 21:17:54 0 Views 0 Comment
IMG
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ‘ਪਰਾਕ੍ਰਮ’ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਕੀਤਾ ਐਲਾਨ ਪੋਰਟ ਬਲੇਅਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜ਼ੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ‘ਪਰਾਕ੍ਰਮ’ ਦਿਵਸ ਮੌਕੇ ਅੱਜ ਅੰਡੇਮਾਨ ਤੇ ਨਿਕੋਬਾਰ ਦੇ 21 ਟਾਪੂਆਂ ਦੇ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਂ ’ਤੇ ਰੱਖ ਦਿੱਤੇ ਹਨ। ਉਨ੍ਹਾਂ ਬੋਸ ਨੂੰ ਸਮਰਪਿਤ ਤਜਵੀਜ਼ਤ ਯਾਦਗਾਰ ਦੇ ਮਾਡਲ ਦੀ ਅੱਜ ਵਰਚੁਅਲੀ ਘੁੰਡ ਚੁਕਾਈ ਵੀ ਕੀਤੀ। ਇਹ ਯਾਦਗਾਰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਸਥਾਪਿਤ ਕੀਤੀ ਜਾਣੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵਧੇਗੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ, ਮੇਰੇ ਲਈ ਗੌਰਵ ਦੇ ਪਲ ਹਨ ਕਿ ਮੈਂ ਅੰਡੇਮਾਨ ਦੇ ਲੋਕਾਂ ਨੂੰ ਸੰਬੋਧਨ ਕਰ ਰਿਹਾਂ ਕਿਉਂਕਿ ਇਹ ਉਹ ਧਰਤੀ ਹੈ, ਜਿੱਥੇ ਸੁਭਾਸ਼ ਚੰਦਰ ਬੋਸ ਨੇ 1943 ਵਿੱਚ ਪਹਿਲੀ ਵਾਰ ਕੌਮੀ ਝੰਡਾ ਲਹਿਰਾਇਆ ਸੀ।’’ ਅਜ਼ਾਦੀ ਘੁਲਾਈਏ ਬੋਸ ਨੇ 30 ਦਸੰਬਰ 1943 ਨੂੰ ਟਾਪੂਆਂ ਦੀ ਇਸ ਧਰਤੀ ’ਤੇ ਤਿਰੰਗਾ ਚੜ੍ਹਾਇਆ ਸੀ। ਸ੍ਰੀ ਮੋਦੀ ਨੇ ਕਿਹਾ ਇਨ੍ਹਾਂ ਟਾਪੂਆਂ ਦੇ ਨਾਂ ਮਕਬੂਲ ਫੌਜੀਆਂ, ਜਿਨ੍ਹਾਂ ਵਿੱਚ ਮੇਜਰ ਸੋਮਨਾਥ ਸ਼ਰਮਾ, ਲੈਫਟੀਨੈਂਟ ਕਰਨਲ (ਹੁਣ ਮੇਜਰ) ਧਾਨ ਸਿੰਘ ਥਾਪਾ, ਸੂਬੇਦਾਰ ਜੋਗਿੰਦਰ ਸਿੰਘ, ਮੇਜਰ ਸ਼ੈਤਾਨ ਸਿੰਘ, ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ, ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਤੇ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ ਵੀ ਸ਼ਾਮਲ ਹਨ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਇਨ੍ਹਾਂ 21 ਟਾਪੂਆਂ ਦਾ ਨਾਮ ਪਰਮ ਵੀਰ ਚੱਕਰ ਜੇਤੂ ਫੌਜੀਆਂ ਦੇ ਨਾਂ ’ਤੇ ਰੱਖਣ ਦਾ ਐਲਾਨ ਕਰਨ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ (ਜਿਸ ਨੂੰ ਪਹਿਲਾਂ ਰੌਸ ਟਾਪੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ) ’ਤੇ ਤਜਵੀਜ਼ਤ ਯਾਦਗਾਰ ਦੇ ਮਾਡਲ ਦੀ ਘੁੰਡ ਚੁਕਾਈ ਕਰਦਿਆਂ ਵੱਡਾ ਫ਼ਖ਼ਰ ਮਹਿਸੂਸ ਕਰ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਇਨ੍ਹਾਂ 21 ਟਾਪੂਆਂ ਦੇ ਨਾਵਾਂ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਜਨਾ ਵਜੋਂ ਲੈਣਾ ਚਾਹੀਦਾ ਹੈ ਤੇ ਤਜਵੀਜ਼ਤ ਯਾਦਗਾਰ ਲੋਕਾਂ ਦੇ ਦਿਲਾਂ ’ਚ ਦੇਸ਼ ਭਗਤੀ ਦੀ ਭਾਵਨਾ ਦੀ ਚਿਣਗ ਲਾਏਗੀ।’’ ਸ੍ਰੀ ਮੋਦੀ ਨੇ ਕਿਹਾ ਕਿ ਨੇਤਾਜੀ ਵੱਲੋਂ ਆਜ਼ਾਦੀ ਲਈ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ‘ਘਟਾ ਕੇ ਦੱਸਣ’ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਪੂਰਾ ਦੇਸ਼, ਦਿੱਲੀ ਅਤੇ ਬੰਗਾਲ ਤੋਂ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਤੱਕ, ਅੱਜ ਇਸ ਮਹਾਨ ਨਾਇਕ ਤੇ ਉਸ ਨਾਲ ਜੁੜੇ ਇਤਿਹਾਸ ਤੇ ਵਿਰਾਸਤ ਨੂੰ ਸਾਂਭ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਨੇਤਾਜੀ ਵੱਲੋਂ ਆਜ਼ਾਦੀ ਦੀ ਲੜਾਈ ’ਚ ਪਾੲੇ ਯੋਗਦਾਨ ਨੂੰ ਦਬਾਉਣ ਲਈ ਕੋਸ਼ਿਸ਼ਾਂ ਹੋਈਆਂ, ਪਰ ਅੱਜ ਪੂਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਨੇਤਾਜੀ ਨੂੰ ਬਸਤੀਵਾਦੀ ਰਾਜ ਖਿਲਾਫ਼ ਉਨ੍ਹਾਂ ਦੇ ਜੋਸ਼ੀਲੇ ਟਾਕਰੇ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਵਿਚਾਰਾਂ ਦਾ ਮੇਰੇ ਧੁਰ ਅੰਦਰ ਤੱਕ ਪ੍ਰਭਾਵ ਪਿਆ ਹੈ।’’ ਉਨ੍ਹਾਂ ਕਿਹਾ ਕਿ ਨੇਤਾਜੀ ਦੀਆਂ ਫਾਈਲਾਂ ਨੂੰ ਜਨਤਕ ਕੀਤੇ ਜਾਣ ਦੀ ਮੰਗ ਲੰਮੇ ਸਮੇਂ ਤੋਂ ਹੋ ਰਹੀ ਹੈ ਤੇ ਇਹ ਉਨ੍ਹਾਂ ਦੀ ਹੀ ਸਰਕਾਰ ਸੀ, ਜਿਸ ਨੇ ਇਨ੍ਹਾਂ ਫਾਈਲਾਂ ਵਿਚਲੀ ਗੁਪਤ ਜਾਣਕਾਰੀ ਨੂੰ ਜਨਤਕ ਕੀਤਾ। ਸ੍ਰੀ ਮੋਦੀ ਨੇ ਅੱਜ ਜਿਸ ਤਜਵੀਜ਼ਤ ਮਾਡਲ ਦੀ ਅੱਜ ਘੁੰਡ ਚੁਕਾਈ ਕੀਤੀ ਹੈ, ਉਹ ਰੌਸ ਟਾਪੂ ’ਤੇ ਸਥਾਪਿਤ ਕੀਤਾ ਜਾਣਾ ਹੈ। ਇਸ ਟਾਪੂ ਨੂੰ 2018 ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦਵੀਪ ਦਾ ਨਾਂ ਦਿੱਤਾ ਗਿਆ ਸੀ। ਨੀਲ ਟਾਪੂ ਤੇ ਹੈਵਲੋਕ ਟਾਪੂ ਨੂੰ ਵੀ ਸ਼ਹੀਦ ਦਵੀਪ ਤੇ ਸਵਰਾਜ ਦਵੀਪ ਦੇ ਨਾਂ ਦਿੱਤੇ ਗਏ ਹਨ। ਇਨ੍ਹਾਂ ਟਾਪੂਆਂ ਦੇ ਨਾਮਕਰਣ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ ਕਿ ਇਹ ਟਾਪੂ ਪਹਿਲਾਂ ਗੁਲਾਮੀ ਦੇ ਸੰਕੇਤ ਨਾਲ ਜੁੜੇ ਹੋੲੇ ਸਨ, ਜਿਸ ਕਰਕੇ ਸਰਕਾਰ ਨੇ ਇਨ੍ਹਾਂ ਦੇ ਨਵੇਂ ਸਿਰੇ ਤੋਂ ਨਾਮ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਾਪੂਆਂ ਦੀ ਇਸ ਧਰਤੀ ’ਤੇ ਸੈਰ-ਸਪਾਟੇ ਦੀਆਂ ਵੱਡੀਆਂ ਸੰਭਾਵਨਾਵਾਂ ’ਤੇ ਵੀ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿੱਚ ਅੰਡੇਮਾਨ ਵਿੱਚ ਵੱਖ ਵੱਖ ਮੌਕਿਆਂ ਦੀ ਪਛਾਣ ਕਰਕੇ ਇਸ ਥਾਂ ਨੂੰ ਬੜੀ ਸਖ਼ਤ ਮਿਹਨਤ ਨਾਲ ਵਿਕਸਤ ਕੀਤਾ ਹੈ ਤਾਂ ਕਿ ਕੁੱਲ ਆਲਮ ਦੇ ਲੋਕ ਇਕ ਵਾਰ ‘ਇਸ ਥਾਂ ’ਤੇ ਜ਼ਰੂਰ ਆਉਣ।’ ਇਸ ਦੌਰਾਨ ਕੋਲਕਾਤਾ ਵਿੱਚ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸੱਜੇਪੱਖੀ ਜਥੇਬੰਦੀਆਂ ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਭਾਰਤ ਨੂੰ ਮਹਾਨ ਰਾਸ਼ਟਰ ਬਣਾਉਣ ਲਈ ਮਿੱਥੇ ਟੀਚੇ ਇਕੋ ਜਿਹੇ ਸਨ। ਭਾਗਵਤ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂਕਿ ਆਰਐੱਸਐੱਸ ਤੇ ਆਜ਼ਾਦੀ ਘੁਲਾਟੀਏ ਦੀਆਂ ਵਿਚਾਰਧਾਰਾਵਾਂ ਵੱਖੋ ਵੱਖਰੀਆਂ ਹੋਣ ਨੂੰ ਲੈ ਕੇ ਨੁਕਤਾਚੀਨੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 21 ਟਾਪੂਆਂ ਦੇ ਨਾਮਕਰਨ ਨਾਲ ਜੁੜੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਦੇਸ਼ ਦੇ ਹਥਿਆਰਬੰਦ ਬਲਾਂ ਲਈ ਹੱਲਾਸ਼ੇਰੀ ਦਾ ਸਰੋਤ ਬਣਨਗੇ। ਉਨ੍ਹਾਂ ਕਿਹਾ ਕਿ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿਚਲੀ ਸੈਲੂਲਰ ਜੇਲ੍ਹ, ਜਿੱਥੇ ਕਈ ਆਜ਼ਾਦੀ ਘੁਲਾਟੀਆਂ ਨੇ ਕੈਦ ਕੱਟੀ ਹੈ, ਕਿਸੇ ‘ਤੀਰਥ ਅਸਥਾਨ’ ਤੋਂ ਘੱਟ ਨਹੀਂ ਹੈ।

Leave a Comment

Your email address will not be published. Required fields are marked *