IMG-LOGO
Home News blog-detail-01.html
ਰਾਏ-ਖ਼ਬਰਾਂ

ਖੇਤੀ ਅਤੇ ਸੰਤੁਲਿਤ ਭੋਜਨ ਵਿਚ ਸਬਜ਼ੀਆਂ ਦੀ ਅਹਿਮੀਅਤ

by Admin - 2022-11-20 22:05:51 0 Views 0 Comment
IMG
ਡਾ. ਰਣਜੀਤ ਸਿੰਘ ਇਹ ਮੰਨਿਆ ਜਾਂਦਾ ਹੈ ਕਿ ਦੇਸ਼ ਦੇ ਬਾਕੀ ਲੋਕਾਂ ਨਾਲੋਂ ਪੰਜਾਬੀ ਚੰਗਾ ਖਾਂਦੇ ਅਤੇ ਚੰਗਾ ਪਹਿਨਦੇ ਹਨ ਪਰ ਅੰਕੜੇ ਦੱਸਦੇ ਹਨ ਕਿ ਜਿੱਥੋਂ ਤੱਕ ਸੰਤੁਲਿਤ ਭੋਜਨ ਦਾ ਸਬੰਧ ਹੈ, ਪੰਜਾਬੀ ਵਿਸ਼ੇਸ਼ ਕਰ ਕੇ ਪਿੰਡਾਂ ਦੇ ਲੋਕ ਭਾਰਤ ਦੇ ਬਾਕੀ ਲੋਕਾਂ ਦੇ ਬਰਾਬਰ ਹੀ ਹਨ। ਇਸ ਅਨੁਸਾਰ ਪੰਜਾਬ ਦੀ ਵੀ ਅੱਧੀ ਆਬਾਦੀ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ। ਬੱਚਿਆਂ ਅਤੇ ਔਰਤਾਂ ਨੂੰ ਲੋੜੀਂਦੀ ਖ਼ੁਰਾਕ ਨਹੀਂ ਮਿਲਦੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਾਸੀਆਂ ਦੀ ਖ਼ੁਰਾਕ ਵਿਚ ਦੁੱਧ, ਸਬਜ਼ੀਆਂ ਅਤੇ ਫਲਾਂ ਦੀ ਘਾਟ ਹੈ। ਖੇਤੀ ਦੇ ਮਸ਼ੀਨੀਕਰਨ ਤੋਂ ਪਹਿਲਾਂ ਪਿੰਡਾਂ ਦੇ ਲਗਭਗ ਹਰ ਘਰ ਵਿਚ ਲਵੇਰਾ ਹੁੰਦਾ ਸੀ। ਬੇਜ਼ਮੀਨੇ ਖੇਤ-ਕਾਮੇ ਵੀ ਲਵੇਰੇ ਰੱਖਦੇ ਸਨ। ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਦਾ ਰਿਵਾਜ ਸੀ। ਸਵੇਰੇ ਲੱਸੀ ਤੇ ਮੱਖਣ ਨਾਲ ਰੋਟੀ ਖਾਧੀ ਜਾਂਦੀ ਸੀ। ਹਰ ਕਿਸਾਨ ਖੂਹ ਦੇ ਲਾਗੇ ਕੁਝ ਰਕਬੇ ਵਿਚ ਸਬਜ਼ੀਆਂ ਦੀ ਕਾਸ਼ਤ ਕਰਦਾ ਸੀ। ਗਰਮੀਆਂ ਵਿਚ ਖਰਬੂਜ਼ੇ, ਤਰਾਂ, ਕੱਦੂ, ਕਰੇਲੇ, ਭਿੰਡੀ ਆਦਿ ਦੀ ਬਿਜਾਈ ਕੀਤੀ ਜਾਂਦੀ ਸੀ ਜਦੋਂਕਿ ਸਰਦੀਆਂ ਵਿਚ ਮੂਲੀ, ਗਾਜਰ, ਸ਼ਲਗਮ, ਲਸਣ, ਪਿਆਜ਼, ਸੋਏ, ਸੌਂਫ ਤੇ ਅਜਵਾਇਣ ਦੀ ਬਿਜਾਈ ਹੁੰਦੀ ਸੀ। ਮੂਲੀਆਂ ਤੇ ਸ਼ਲਗਮ ਤਾਂ ਬਰਸੀਮ ਦੀਆਂ ਵੱਟਾਂ ਉੱਤੇ ਹੀ ਬੀਜ ਦਿੱਤੇ ਜਾਂਦੇ ਸਨ। ਉਦੋਂ ਹਲਟ ਨਾਲ ਸਿੰਜਾਈ ਹੋਣ ਕਰ ਕੇ ਕਿਆਰੇ ਛੋਟੇ ਬਣਾਏ ਜਾਂਦੇ ਸਨ। ਹੁਣ ਤਾਂ ਕਈ ਘਰਾਂ ਨੇ ਲਵੇਰੇ ਰੱਖਣੇ ਹੀ ਬੰਦ ਕਰ ਦਿੱਤੇ ਹਨ ਜਿਹੜੇ ਰੱਖਦੇ ਵੀ ਹਨ, ਉਹ ਚਾਹ ਜੋਗਾ ਦੁੱਧ ਰੱਖ ਕੇ ਬਾਕੀ ਦੋਧੀ ਨੂੰ ਪਾ ਦਿੰਦੇ ਹਨ। ਸਬਜ਼ੀਆਂ ਬੀਜਣ ਦਾ ਤਾਂ ਰਿਵਾਜ ਘਟ ਰਿਹਾ ਹੈ। ਪੰਜਾਬੀਆਂ ਵਿਚ ਵਧ ਰਹੀਆਂ ਬਿਮਾਰੀਆਂ ਦਾ ਇੱਕ ਕਾਰਨ ਇਹ ਵੀ ਹੈ, ਇਸ ਲਈ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਹਾੜ੍ਹੀ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਸਮਾਂ ਆ ਰਿਹਾ ਹੈ। ਇਸ ਵਾਰ ਜ਼ਰੂਰ ਕੁਝ ਰਕਬੇ ਵਿਚ ਕਾਸ਼ਤ ਕਰੋ। ਪੂਰੇ ਖ਼ੁਰਾਕੀ ਤੱਤ ਤਾਜ਼ੀਆਂ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਤੋਂ ਹੀ ਪ੍ਰਾਪਤ ਹੁੰਦੇ ਹਨ। ਸਬਜ਼ੀਆਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ। ਰੂੜੀ ਦੀ ਵਰਤੋਂ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10 ਕੁ ਟਨ ਦੇਸੀ ਰੂੜੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਵੇ ਕੋਸ਼ਿਸ਼ ਕਰੋ ਕਿ ਨਦੀਨਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ। ਪੰਜਾਬੀ ਲਈ ਠੰਢ ਵਿਚ ਮਟਰ ਸਭ ਤੋਂ ਵਧ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਵਿਚੋਂ ਇੱਕ ਹੈ। ਅਗੇਤੀ ਫ਼ਸਲ ਦੀ ਬਿਜਾਈ ਸਤੰਬਰ ਦੇ ਅਖ਼ੀਰ ਵਿਚ ਕੀਤੀ ਜਾ ਸਕਦੀ ਹੈ। ਮਟਰ ਅਗੇਤ-7, ਮਟਰ ਅਗੇਤ-6 ਅਤੇ ਅਰਕਲ ਏਪੀ 3 ਅਗੇਤੀਆਂ ਕਿਸਮਾਂ ਹਨ। ਜੇ ਅਕਤੂਬਰ ਦੇ ਅੱਧ ਵਿਚ ਬਿਜਾਈ ਕੀਤੀ ਜਾਵੇ ਤਾਂ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਇਸ ਮੌਸਮ ਵਿਚ ਪੰਜਾਬ 89 ਅਤੇ ਮਿੱਠੀ ਫ਼ਲੀ ਸਿਫ਼ਾਰਸ਼ ਕੀਤੀ ਗਈ ਹੈ। ਅਗੇਤੀ ਬਿਜਾਈ ਲਈ 45 ਕਿਲੋ ਅਤੇ ਮੁੱਖ ਸਮੇਂ ਲਈ 30 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਸਮੇਂ ਅਗੇਤੀਆਂ ਕਿਸਮਾਂ ਦੀ ਬਿਜਾਈ 30×7.5 ਸੈਂਟੀਮੀਟਰ ਦੇ ਫ਼ਾਸਲੇ ਉੱਤੇ ਅਤੇ ਮੁੱਖ ਸਮੇਂ ਦੀ ਬਿਜਾਈ ਸਮੇਂ 30×10 ਸੈਂਟੀਮੀਟਰ ਫ਼ਾਸਲੇ ਤੇ ਕੀਤੀ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਮਟਰ ਧਰਤੀ ਦੀ ਸਿਹਤ ਵਿਚ ਸੁਧਾਰ ਕਰਦੇ ਹਨ। ਫਿਰ ਵੀ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਈ ਜਾਵੇ। ਮਟਰਾਂ ਦੀ ਬਿਜਾਈ ਤੋਂ ਇਕ ਮਹੀਨੇ ਪਿੱਛੋਂ ਤੇ ਫਿਰ ਦੂਜੇ ਮਹੀਨੇ ਗੋਡੀ ਜ਼ਰੂਰ ਕਰੋ। ਬਿਜਾਈ ਤੋਂ ਤਿੰਨ ਮਹੀਨਿਆਂ ਪਿੱਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਵਿਚੋਂ 60 ਕੁਇੰਟਲ ਤਕ ਹਰੀਆਂ ਫ਼ਲੀਆਂ ਪ੍ਰਾਪਤ ਹੋ ਸਕਦੀਆਂ ਹਨ। ਗੋਭੀ ਦੀ ਪਨੀਰੀ ਪੁੱਟ ਕੇ ਵੀ ਇਸੇ ਮਹੀਨੇ ਖੇਤ ਵਿਚ ਲਗਾਈ ਜਾ ਸਕਦੀ ਹੈ। ਪਨੀਰੀ ਲਗਾਉਣ ਸਮੇਂ ਬੂਟਿਆਂ ਅਤੇ ਲਾਈਨਾਂ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 50 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਇਕ ਮਹੀਨੇ ਪਿੱਛੋਂ ਲੋੜ ਅਨੁਸਾਰ ਹੋਰ ਯੂਰੀਆ ਪਾਇਆ ਜਾ ਸਕਦਾ ਹੈ। ਪਨੀਰੀ ਲਗਾਉਣ ਤੋਂ ਤੁਰੰਤ ਪਿੱਛੋਂ ਪਾਣੀ ਦਿੱਤਾ ਜਾਵੇ। ਬੰਦ ਗੋਭੀ ਦੀ ਲੁਆਈ ਵੀ ਇਸੇ ਤਰ੍ਹਾਂ ਕੀਤੀ ਜਾ ਸਕਦੀ ਹੈ। ਬਰੌਕਲੀ ਦੇ ਵੀ ਕੁਝ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਵਿਚ ਵਿਟਾਮਿਨ, ਲੋਹਾ ਅਤੇ ਕੈਲਸ਼ੀਅਮ ਹੁੰਦੇ ਹਨ। ਪੰਜਾਬ ਬਰੌਕਲੀ-1 ਅਤੇ ਪਾਲਮ ਸਮਰਿਧੀ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਦੀ ਲੁਆਈ ਵੀ ਗੋਭੀ ਵਾਂਗ ਹੀ ਕੀਤੀ ਜਾਂਦੀ ਹੈ। ਗਾਜਰ, ਮੂਲੀ ਸ਼ਲਗਮ ਜੜ੍ਹਾਂ ਵਾਲੀਆਂ ਹਨ। ਗਾਜਰ ਅਤੇ ਸ਼ਲਗਮ ਦੀ ਵਰਤੋਂ ਸਬਜ਼ੀ ਲਈ ਜਦੋਂਕਿ ਮੂਲੀ ਨੂੰ ਸਲਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਗਾਜਰ ਦਾ ਰਸ ਅਤੇ ਗਾਜਰਪਾਕ ਮਠਿਆਈ ਵੀ ਬਣਾਈ ਜਾਂਦੀ ਹੈ। ਗਾਜਰ ਅਤੇ ਸ਼ਲਗਮ ਦਾ ਆਚਾਰ ਵੀ ਪਇਆ ਜਾਂਦਾ ਹੈ। ਪੰਜਾਬ ਕੈਰਟ ਰੈੱਡ, ਪੀਸੀ 161, ਪੰਜਾਬ ਬਲੈਕ ਬਿਊਟੀ ਅਤੇ ਪੀਸੀ-34 ਗਾਜਰ ਦੀਆਂ ਉੱਨਤ ਕਿਸਮਾਂ ਹਨ। ਗਾਜਰ ਦਾ ਇੱਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਐਲ-1 ਸ਼ਲਗਮ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਸ਼ਲਗਮ ਦਾ ਇੱਕ ਏਕੜ ਵਿਚ ਦੋ ਕਿਲੋ ਬੀਜ ਪਾਇਆ ਜਾਵੇ। ਮੂਲੀ ਦੀ ਤਾਂ ਹੁਣ ਸਾਰਾ ਸਾਲਾ ਕਾਸ਼ਤ ਕੀਤੀ ਜਾ ਸਕਦੀ ਹੈ। ਹੁਣ ਪੰਜਾਬ ਪਸੰਦ, ਜਪਾਨੀ ਵਾਈਟ ਅਤੇ ਆਰ ਬੀ-21 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਸ ਦਾ ਵੀ ਪੰਜ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜਿਵੇਂ ਪਹਿਲਾਂ ਲਿਖਿਆ ਸੀ, ਸਬਜ਼ੀਆਂ ਲਈ ਦੇਸੀ ਰੂੜੀ ਜ਼ਰੂਰੀ ਹੈ। ਫਿਰ ਵੀ ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਇਆ ਜਾਵੇ। ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਵਿਚ ਵਧੇਰੇ ਖ਼ੁਰਾਕੀ ਤੱਤ ਹੁੰਦੇ ਹਨ। ਇਨ੍ਹਾਂ ਵਿਚ ਪਾਲਕ, ਮੇਥੀ, ਸਲਾਦ ਅਤੇ ਧਨੀਆ ਮੁੱਖ ਹਨ। ਪਾਲਕ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਕਿਸਮ ਬੀਜਣੀ ਚਾਹੀਦੀ ਹੈ। ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਪੰਜਾਬੀ ਸਲਾਦ ਦੀ ਬਹੁਤ ਘੱਟ ਵਰਤੋਂ ਕਰਦੇ ਹਨ। ਇਸ ਦੇ ਕੁਝ ਬੂਟੇ ਘਰ ਵਿਚ ਜ਼ਰੂਰ ਲਗਾਏ ਜਾਣ। ਕਸੂਰੀ ਸੁਪਰੀਮ ਕਸੂਰੀ ਮੇਥੀ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਧਨੀਆ ਵੀ ਜ਼ਰੂਰ ਬੀਜੋ, ਪਹਿਲਾਂ ਹਰੇ ਪਤਿਆਂ ਦੀ ਵਰਤੋਂ ਕਰੋ ਪੱਕਣ ’ਤੇ ਇਸ ਦਾਣੇ ਪ੍ਰਾਪਤ ਕਰੋ। ਪੰਜਾਬ ਸੁਗੰਧ ਸਿਫ਼ਾਰਸ਼ ਕੀਤੀ ਕਿਸਮ ਹੈ। ਕੁਝ ਰਕਬੇ ਵਿਚ ਲਸਣ ਵੀ ਜ਼ਰੂਰ ਬੀਜੋ। ਇਸ ਦੀ ਬਿਜਾਈ ਤੁਰੀਆਂ ਨਾਲ ਕੀਤੀ ਜਾਂਦੀ ਹੈ। ਪੀਜੀ-18 ਅਤੇ ਪੀਜੀ-17 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਤੁਰੀਆਂ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲ ਰੱਖੋ। ਚੀਨੀ ਬੰਦ ਗੋਭੀ ਅਜਿਹੀ ਸਬਜ਼ੀ ਹੈ ਜਿਸ ਦਾ ਸਾਗ ਵਧੀਆ ਬਣਦਾ ਹੈ। ਪੰਜਾਬ ਵਿਚ ਕਾਸ਼ਤ ਲਈ ਸਾਗ ਸਰਸੋਂ ਅਤੇ ਚੀਨੀ ਸਰ੍ਹੋਂ-1 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਕ ਮਹੀਨੇ ਪਿੱਛੋਂ ਪੱਤਿਆਂ ਦੀ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਇਸ ਦੀਆਂ ਅੱਠ ਕੁ ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ। ਇਕ ਏਕੜ ਵਿਚੋਂ ਕਰੀਬ 200 ਕੁਇੰਟਲ ਤਕ ਸਾਗ ਪ੍ਰਾਪਤ ਕੀਤਾ ਜਾ ਸਕਦਾ ਹੈ। ਖਾਦਾਂ ਅਤੇ ਖੇਤ ਦੀ ਤਿਆਰੀ ਵਾਂਗ ਹੀ ਕੀਤੀ ਜਾਵੇ। ਉਮੀਦ ਕਰਦੇ ਹਾਂ ਕਿ ਇਸ ਵਾਰ ਕੁਝ ਰਕਬੇ ਵਿਚ ਸਬਜ਼ੀ ਕਾਸ਼ਤ ਜ਼ਰੂਰ ਕੀਤੀ ਜਾਵੇਗਾ।

Leave a Comment

Your email address will not be published. Required fields are marked *