ਫਿਲਮਾਂ
ਲਾਹੌਰ ਦੇ ਫਿਲਮ ਸਟੂਡੀਓ: ਸੁਨਹਿਰੇ ਯੁੱਗ ਤੋਂ ਉਜਾੜੇ ਤੱਕ
Angrej Singh Virdi
ਅਬਦੁਰ ਰਸ਼ੀਦ ਕਾਰਦਾਰ ਉਰਫ਼ ਏ. ਆਰ. ਕਾਰਦਾਰ ਤੇ ਉਨ੍ਹਾਂ ਦੇ ਜਿਗਰੀ ਯਾਰ ਅਦਾਕਾਰ ਐੱਮ. ਇਸਮਾਇਲ ਨੇ ਯੂਨਾਈਟਿਡ ਪਲੇਅਰਜ਼ ਕਾਰਪੋਰੇਸ਼ਨ ਨਾਂ ਦੀ ਫਿਲਮ ਕੰਪਨੀ ਸ਼ੁਰੂ ਕਰਕੇ ਲਾਹੌਰ ਫਿਲਮ ਇੰਡਸਟਰੀ ਦੀ ਨੀਂਹ ਰੱਖੀ। 1929 ਵਿੱਚ ਏ. ਆਰ. ਕਾਰਦਾਰ ਨੇ ਆਪਣੀ ਇਸ ਕੰਪਨੀ ਦੀ ਪਹਿਲੀ ਪ੍ਰੋਡਕਸ਼ਨ ਫਿਲਮ ‘ਹੁਸਨ ਕਾ ਡਾਕੂ’ ਦਾ ਨਿਰਮਾਣ ਕੀਤਾ ਤੇ ਇਸ ਤਰ੍ਹਾਂ ਇਸ ਫਿਲਮ ਦੇ ਬਣਨ ਨਾਲ ਲਾਹੌਰ ਸ਼ਹਿਰ ਜਿੱਥੇ ਏ. ਆਰ. ਕਾਰਦਾਰ ਨੇ ਫਿਲਮ ਸਟੂਡੀਓ ਵੀ ਬਣਾ ਲਿਆ ਸੀ, ਫਿਲਮਾਂ ਬਣਾਉਣ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ। ਸ਼ਹਿਰ ਵਿੱਚ ਨਵੀਂ ਫਿਲਮ ਇੰਡਸਟਰੀ ਨੂੰ ਤਰੱਕੀ ਕਰਦਿਆਂ ਵੇਖ ਹੋਰ ਵੀ ਕਾਰੋਬਾਰੀ ਤੇ ਫਿਲਮਾਂ ਬਣਾਉਣ ਦੇ ਸ਼ੌਕੀਨ ਲਾਹੌਰ ਫਿਲਮ ਇੰਡਸਟਰੀ ਵੱਲ ਖਿੱਚੇ ਆਉਣ ਲੱਗੇ।
ਫਿਲਮਾਂ ਨਾਲ ਸਬੰਧਿਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਲਾਹੌਰ ਫਿਲਮ ਇੰਡਸਟਰੀ ਦਾ ਹਿੱਸਾ ਬਣਨ ਲੱਗੀਆਂ। ਠੀਕ ਉਸੇ ਸਮੇਂ ਦਲਸੁਖ ਐੱਮ. ਪੰਚੋਲੀ ਵੀ ਏ. ਆਰ. ਕਾਰਦਾਰ ਦੇ ਨਾਲ ਫਿਲਮ ਨਿਰਮਾਣ ਵਿੱਚ ਸ਼ਾਮਿਲ ਹੋ ਗਏ, ਹਾਲਾਂਕਿ ਉਨ੍ਹਾਂ ਦੇ ਪਿਤਾ ਰੇਵਾ ਸ਼ੰਕਰ ਪੰਚੋਲੀ ਫਿਲਮ ਕਾਰੋਬਾਰ ਨਾਲ ਪਹਿਲਾਂ ਹੀ ਜੁੜੇ ਹੋਏ ਸਨ। ਰੇਵਾ ਸ਼ੰਕਰ 1920 ਦੇ ਦਹਾਕੇ ਵਿੱਚ ਫਿਲਮ ਡਿਸ਼ਟਰੀਬਿਊਸ਼ਨ ਅਤੇ ਪ੍ਰਦਰਸ਼ਨ ਦੇ ਕਾਰੋਬਾਰ ਨਾਲ ਜੁੜੇ ਹੋਏ ਵੱਡੇ ਕਾਰੋਬਾਰੀ ਵਿਅਕਤੀ ਸਨ, ਜਿਨ੍ਹਾਂ ਦੇ ਕਰਾਚੀ ਵਿੱਚ ਇੰਪੀਰੀਅਲ ਅਤੇ ਪਿਕਚਰ ਹਾਊਸ ਨਾਂ ਦੇ ਦੋ ਸਿਨੇਮਾ ਘਰ ਸਨ। ਇਸੇ ਤਰ੍ਹਾਂ ਬਰਾਂਡਰੇਥ ਰੋਡ ਲਾਹੌਰ ਦੇ ਵਸਨੀਕ ਸ਼ੌਰੀ ਪਰਿਵਾਰ ਰੌਸ਼ਨ ਲਾਲ ਸ਼ੌਰੀ ਅਤੇ ਉਨ੍ਹਾਂ ਦਾ ਪੁੱਤਰ ਰੂਪ ਕੇ. ਸ਼ੌਰੀ ਵੀ ਇਸ ਨਵੀਂ ਇੰਡਸਟਰੀ ਦਾ ਹਿੱਸਾ ਬਣ ਗਏ, ਜਿਨ੍ਹਾਂ ਦੀਆਂ ਫਿਲਮਾਂ ਨੇ ਪੰਜਾਬੀ ਸਿਨੇਮਾ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ।
ਵੰਡ ਤੋਂ ਪਹਿਲਾਂ ਲਾਹੌਰ ਫਿਲਮ ਇੰਡਸਟਰੀ ਵਿੱਚ ਅੱਠ ਵੱਡੇ ਫਿਲਮ ਸਟੂਡੀਓ ਹੁੰਦੇ ਸਨ ਜਿਨ੍ਹਾਂ ਦੀ ਮਾਲਕੀ ਹਿੰਦੂ ਸੇਠਾਂ ਕੋਲ ਸੀ। 1947 ਦੇ ਰੌਲਿਆਂ ਵਿੱਚ ਅੱਠਾਂ ਵਿੱਚੋਂ ਤਿੰਨ ਫਿਲਮ ਸਟੂਡੀਓ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਜਿਨ੍ਹਾਂ ਦੇ ਨਾਂ ਸਨ ਪ੍ਰੈਜ਼ੀਡੈਂਟ ਫਿਲਮ ਸਟੂਡੀਓ, ਇੰਪੀਰੀਅਲ ਫਿਲਮ ਸਟੂਡੀਓ ਅਤੇ ਨਾਰਦਰਨ ਇੰਡੀਆ ਫਿਲਮ ਸਟੂਡੀਓ ਜਿੱਥੇ ਰਾਗਿਨੀ ਅਤੇ ਨਜ਼ਮੁਲ ਹਸਨ ਦੀ ਮਸ਼ਹੂਰ ਪੀਰੀਅਡ ਹਿੰਦੀ/ਉਰਦੂ ਫਿਲਮ ‘ਦਾਸੀ’ (1944) ਦਾ ਨਿਰਮਾਣ ਹੋਇਆ ਸੀ।
ਲਾਹੌਰ ਦੇ ਪੰਜ ਮਸ਼ਹੂਰ ਫਿਲਮ ਸਟੂਡੀਓ ਜਿੱਥੇ ਵੰਡ ਤੋਂ ਪਹਿਲਾਂ ਕਈ ਸੁਪਰਹਿੱਟ ਪੰਜਾਬੀ ਤੇ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋਈ ਸੀ, ਉਨ੍ਹਾਂ ਬਾਰੇ ਗੱਲ ਕਰਦੇ ਹਾਂ;
ਪਲੇਅ ਆਰਟ ਫੋਟੋਟੋਨ ਫਿਲਮ ਸਟੂਡੀਓ: ਇਸ ਫਿਲਮ ਸਟੂਡੀਓ ਦਾ ਪਹਿਲਾ ਨਾਮ ਯੂਨਾਈਟਿਡ ਪਲੇਅਰਜ਼ ਕਾਰਪੋਰੇਸ਼ਨ ਫਿਲਮ ਕੰਪਨੀ ਸੀ। ਇਸ ਸਟੂਡੀਓ ਦਾ ਨਿਰਮਾਣ ਅਬਦੁਰ ਰਸ਼ੀਦ ਕਾਰਦਾਰ ਨੇ 1929-30 ਦੇ ਕਰੀਬ ਕੀਤਾ ਸੀ ਜਿਸ ਨੇ ਲਾਹੌਰ ਫਿਲਮ ਇੰਡਸਟਰੀ ਨੂੰ ਬਣਾਉਣ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਸੀ। ਮੂਕ ਫਿਲਮਾਂ ਤੋਂ ਸ਼ੁਰੂਆਤ ਕਰਕੇ ਪਹਿਲੀ ਪੰਜਾਬੀ ਸਾਊਂਡ ਫਿਲਮ ਬਣਾਉਣ ਲਈ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਨ ਵਾਲੇ ਏ. ਆਰ. ਕਾਰਦਾਰ ਦਾ ਇਹ ਫਿਲਮ ਸਟੂਡੀਓ ਪਹਿਲਾ ਅਜਿਹਾ ਰਾਹ ਦਿਸੇਰਾ ਫਿਲਮ ਸਟੂਡੀਓ ਸੀ ਜਿਸ ਦੇ ਫਿਲਮ ਨਿਰਮਾਣ ਦੇ ਕੰਮ ਨੂੰ ਵੇਖ ਕੇ ਦਲਸੁਖ ਪੰਚੋਲੀ ਅਤੇ ਰੂਪ ਕੇ ਸ਼ੌਰੀ ਵਰਗੇ ਫਿਲਮ ਨਿਰਮਾਤਾਵਾਂ ਨੇ ਵੀ ਬਾਅਦ ਵਿੱਚ ਲਾਹੌਰ ਫਿਲਮ ਇੰਡਸਟਰੀ ਵਿੱਚ ਆਪਣੇ ਆਪਣੇ ਫਿਲਮ ਸਟੂਡੀਓ ਕਾਇਮ ਕਰ ਲਏ। ਇਸ ਫਿਲਮ ਸਟੂਡੀਓ ਨੂੰ ਵੀ ਵੰਡ ਤੋਂ ਬਾਅਦ ਏ. ਆਰ. ਕਾਰਦਾਰ ਦੇ ਭਾਰਤ ਆਉਣ ਕਾਰਨ ਪਾਕਿਸਤਾਨ ਸਰਕਾਰ ਨੇ ਆਪਣੀ ਮਲਕੀਅਤ ਬਣਾ ਲਿਆ।
ਪੰਚੋਲੀ ਆਰਟ ਪਿਕਚਰਜ਼, ਸਟੂਡੀਓ: ਇਸ ਸਟੂਡੀਓ ਦੇ ਸੰਸਥਾਪਕ ਸਨ ਦਲਸੁੱਖ ਐੱਮ. ਪੰਚੋਲੀ ਜਿਨ੍ਹਾਂ ਨੇ 1930 ਵਿੱਚ ਇਸ ਸਟੂਡੀਓ ਦਾ ਨਿਰਮਾਣ ਕੀਤਾ ਸੀ। ਵੰਡ ਤੋਂ ਪਹਿਲਾਂ ਇਹ ਸਟੂਡੀਓ ਲਾਹੌਰ ਫਿਲਮ ਇੰਡਸਟਰੀ ਦਾ ਸਭ ਤੋਂ ਵੱਧ ਸਫਲ ਤੇ ਪ੍ਰਭਾਵਸ਼ਾਲੀ ਫਿਲਮ ਸਟੂਡੀਓ ਸੀ। ਇਸ ਸਟੂਡੀਓ ਵਿੱਚ ਬਣੀ ਪੰਜਾਬੀ ਫਿਲਮ ‘ਗੁਲ ਬਕਾਵਲੀ’ (1939) ਨੇ ਪੰਜਾਬੀ ਫਿਲਮਾਂ ਦੇ ਸ਼ੁਰੂਆਤੀ ਦੌਰ ਵਿੱਚ ਸਫਲਤਾ ਦੀ ਨਵੀਂ ਇਬਾਰਤ ਲਿਖੀ। ਇਸੇ ਸਟੂਡੀਓ ਦੀ ਪ੍ਰੋਡਕਸ਼ਨ 1941 ਵਿੱਚ ਬਣੀ ਉਰਦੂ ਫਿਲਮ ‘ਖਜ਼ਾਨਚੀ’ ਇੱਕ ਪ੍ਰਮੁੱਖ ਸੰਗੀਤਕ ਹਿੱਟ ਫਿਲਮ ਸੀ ਜਿਸਨੇ ਭਾਰਤੀ ਫਿਲਮਾਂ ਵਿੱਚ ਧੁਨੀ ਡਿਜ਼ਾਇਨ ਵਿੱਚ ਕ੍ਰਾਂਤੀ ਲੈ ਆਂਦੀ ਸੀ। ਵੰਡ ਦੇ ਦੌਰਾਨ ਹੋਈ ਫ਼ਿਰਕੂ ਹਿੰਸਾਂ ਵਿੱਚ ਇਸ ਸਟੂਡੀਓ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਮਗਰੋਂ ਸਟੂਡੀਓ ਨੂੰ ਪਾਕਿਸਤਾਨ ਦੇ ਆਲ੍ਹਾ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਜੋ ਬਾਅਦ ਵਿੱਚ ਇਹ ਸਟੂਡੀਓ ਆਗਾ ਜੀ. ਏ. ਗੁਲ ਨੂੰ ਦੇ ਦਿੱਤਾ ਗਿਆ ਅਤੇ ਇਹ ਐਵਰਨਿਊ ਸਟੂਡੀਓ ਦੇ ਨਾਂ ਨਾਲ ਮਸ਼ਹੂਰ ਹੋਇਆ।
ਕਮਲਾ ਮੂਵੀਟੋਨ (ਸ਼ੌਰੀ ਪਿਕਚਰਜ਼) ਫਿਲਮ ਸਟੂਡੀਓ: 1920 ਦੇ ਦਹਾਕੇ ਵਿੱਚ ਬਣਾਇਆ ਗਿਆ ਇਹ ਫਿਲਮ ਸਟੂਡੀਓ ਰੌਸ਼ਨ ਲਾਲ ਸ਼ੌਰੀ ਵੱਲੋਂ ਕਨਾਲ ਰੋਡ (ਬੈਂਕ), ਲਾਹੌਰ ਕੋਲ ਬਣਾਇਆ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋਇਆ ਕਰਦੀ ਸੀ। ਰੌਸ਼ਨ ਲਾਲ ਸ਼ੌਰੀ ਦੇ ਪੁੱਤਰ ਰੂਪ ਕੇ. ਸ਼ੌਰੀ ਨੇ ਵੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਇਸੇ ਸਟੂਡੀਓ ਤੋਂ ਹੀ ਇੱਕ ਸਿਨੇਮੈਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਵਜੋਂ ਕੀਤੀ ਸੀ ਜੋ ਬਾਅਦ ਵਿੱਚ ਪੰਜਾਬੀ ਦੇ ਸਭ ਤੋਂ ਵੱਧ ਸਫਲ ਫਿਲਮ ਨਿਰਦੇਸ਼ਕ ਵਜੋਂ ਜਾਣੇ ਜਾਣ ਲੱਗੇ। ਇਸ ਸਟੂਡੀਓ ਦੇ ਬੈਨਰ ਹੇਠ ਰੂਪ ਕੇ ਸ਼ੌਰੀ ਨੇ ‘ਸੋਹਣੀ ਮਹੀਂਵਾਲ’ (1939), ‘ਦੁੱਲਾ ਭੱਟੀ’ (1940) ਅਤੇ ‘ਇੱਕ ਮੁਸਾਫ਼ਿਰ’ (1940) ਨਾਂ ਦੀਆਂ ਵੱਡੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ। 1940 ਤੋਂ ਬਾਅਦ ਸ਼ੌਰੀ ਪਿਕਚਰਜ਼ ਦੇ ਨਾਂ ਨਾਲ ਜਾਣੇ ਜਾਂਦੇ ਇਸ ਸਟੂਡੀਓ ਦੇ ਬੈਨਰ ਹੇਠ ਸੁਪਰਹਿੱਟ ਫਿਲਮ ‘ਮੰਗਤੀ’ (1942) ਦਾ ਨਿਰਮਾਣ ਕੀਤਾ ਗਿਆ। ਪੰਜਾਬੀ ਸਿਨੇਮਾ ਦੀ ਇਹ ਇੱਕ ਅਜਿਹੀ ਫਿਲਮ ਹੈ ਜਿਸ ਨੇ ਗੋਲਡਨ ਜੁਬਲੀ ਮਨਾਈ ਅਤੇ ਲਾਹੌਰ ਦੇ ਪ੍ਰਭਾਤ ਸਿਨੇਮਾ (ਸਨੋਬਰ ਸਿਨੇਮਾ) ਵਿੱਚ ਇਸ ਫਿਲਮ ਨੇ ਰਿਕਾਰਡ 60 ਹਫ਼ਤੇ ਪੂਰੇ ਕੀਤੇ ਜੋ ਕਿ ਲਾਹੌਰ ਵਿੱਚ ਕਿਸੇ ਫਿਲਮ ਦਾ ਇੱਕ ਰਿਕਾਰਡ ਕਾਰੋਬਾਰ ਸੀ।
ਲਕਸ਼ਮੀ ਸਟੂਡੀਓ, ਲਾਹੌਰ: ਇਸ ਸਟੂਡੀਓ ਨੂੰ ਬੀ.ਆਰ. ਓਬਰਾਏ ਨਾਂ ਦੇ ਕਾਰੋਬਾਰੀ ਨੇ 1940 ਵਿੱਚ ਬਣਾਇਆ ਸੀ। ਇਸ ਸਟੂਡੀਓ ਦਾ ਸ਼ੁਮਾਰ ਵੀ ਲਾਹੌਰ ਫਿਲਮ ਇੰਡਸਟਰੀ ਦੇ ਆਲ੍ਹਾ ਮਿਆਰੀ ਸਟੂਡੀਓਜ਼ ਵਿੱਚ ਹੁੰਦਾ ਸੀ। ਵੰਡ ਤੋਂ ਬਾਅਦ ਇਸ ਸਟੂਡੀਓ ਦੇ ਮਾਲਕ ਵੀ ਲਾਹੌਰ ਤੋਂ ਭਾਰਤ ਚਲੇ ਗਏ ਸਨ। ਜਦੋਂ ਪਾਕਿਸਤਾਨੀ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਤਾਂ ਇਸ ਸਟੂਡੀਓ ਨੂੰ ਕਈ ਫਿਲਮਸਾਜ਼ਾਂ ਨੇ ਸ਼ੂਟਿੰਗ ਲਈ ਵਰਤਿਆ।
ਸ਼ੌਰੀ ਸਟੂਡੀਓ: ਰੂਪ ਲਾਲ ਸ਼ੌਰੀ ਵੱਲੋਂ ਬਣਾਇਆ ਇਹ ਸਟੂਡੀਓ ਪੰਜਾਬੀ ਫਿਲਮ ‘ਮੰਗਤੀ’ ਦੇ ਰਿਕਾਰਡ ਕਾਰੋਬਾਰ ਤੋਂ ਬਾਅਦ ਬਣਾਇਆ ਗਿਆ ਸੀ। ਅਸਲ ਵਿੱਚ ਇਹ ਸਟੂਡੀਓ ਪਹਿਲੇ ਸ਼ੌਰੀ ਪਿਕਚਰਜ਼ ਸਟੂਡੀਓ ਜੋ ਕਿ ਕਨਾਲ ਬੈਂਕ ਲਾਹੌਰ ਕੋਲ ਸਥਿਤ ਸੀ, ਨੂੰ ਨਿਊ ਥੀਏਟਰ ਹਾਲ ਮੁਲਤਾਨ ਰੋਡ ਜਿਹੜਾ ਹੁਣ ਮੁਸਲਿਮ ਟਾਊਨ ਰਿਹਾਇਸ਼ੀ ਏਰੀਏ ਵਿੱਚ ਤਬਦੀਲ ਹੋ ਚੁੱਕਾ, ਵਿਖੇ ਦੁਬਾਰਾ ਬਣਾਇਆ ਗਿਆ ਸੀ, ਪਰ ਬਦਕਿਸਮਤੀ ਨਾਲ ਇਹ ਸਟੂਡੀਓ ਲਾਹੌਰ ਵਿੱਚ 1947 ਨੂੰ ਹੋਈ ਫ਼ਿਰਕੂ ਹਿੰਸਾ ਦੀ ਭੇਟ ਚੜ੍ਹ ਗਿਆ ਸੀ। ਫਿਰਕੂ ਭੀੜ ਨੇ ਇਸ ਸਟੂਡੀਓ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਸ਼ੌਰੀ ਪਰਿਵਾਰ ਨੂੰ ਭਾਰਤ ਆਉਣ ਕਾਰਨ ਇਹ ਸਟੂਡੀਓ ਛੱਡਣਾ ਪਿਆ ਤੇ ਪਾਕਿਸਤਾਨ ਬਣਨ ਤੋਂ ਬਾਅਦ ਇਹ ਸਟੂਡੀਓ ਅਦਾਕਾਰਾ, ਗਾਇਕਾ ਮੈਡਮ ਨੂਰਜਹਾਂ ਤੇ ਉਸ ਦੇ ਨਿਰਮਾਤਾ ਨਿਰਦੇਸ਼ਕ ਪਤੀ ਸ਼ੌਕਤ ਹੁਸੈਨ ਰਿਜ਼ਵੀ ਨੂੰ ਅਲਾਟ ਹੋ ਗਿਆ ਸੀ, ਜਿਸ ਨੂੰ ਮਗਰੋਂ ਸ਼ਾਹਨੂਰ ਸਟੂਡੀਓ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
ਲਾਹੌਰ ਫਿਲਮ ਇੰਡਸਟਰੀ ਦਾ ਪੰਜਾਬੀ ਸਿਨੇਮਾ ਵਿੱਚ ਵੱਡਾ ਯੋਗਦਾਨ ਹੈ। ਪੰਜਾਬੀ ਸਿਨੇਮਾ ਵਿੱਚ ਜਿੰਨੀਆਂ ਵੀ ਬਿਹਤਰੀਨ ਫਿਲਮਾਂ ਬਣੀਆਂ, ਉਹ ਜ਼ਿਆਦਾਤਰ ਲਾਹੌਰ ਫਿਲਮ ਇੰਡਸਟਰੀ ਦੀ ਹੀ ਦੇਣ ਸਨ। ਲਾਹੌਰ ਸਾਂਝੇ ਪੰਜਾਬ ਦੀ ਰਾਜਧਾਨੀ, ਪੰਜਾਬੀ ਸਭਿਆਚਾਰ ਦੀ ਤਰਜ਼ਮਾਨੀ ਕਰਦਾ ਇੱਕ ਐਸਾ ਖੂਬਸੂਰਤ ਸ਼ਹਿਰ ਸੀ ਜੋ ਕਲਾ ਅਤੇ ਸਾਹਿਤਕ ਸਰਗਰਮੀਆਂ ਦਾ ਵੱਡਾ ਕੇਂਦਰ ਰਿਹਾ, ਜਿਸ ਦਾ ਅਸਰ ਉਸ ਵੇਲੇ ਦੇ ਪੰਜਾਬੀ ਸਿਨੇਮਾ ’ਤੇ ਵੀ ਦਿਖਾਈ ਦਿੰਦਾ ਸੀ।
ਪੰਜਾਬੀ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਕੇਂਦਰ ਲਾਹੌਰ ਸ਼ਹਿਰ ਪਾਕਿਸਤਾਨ ਦੇ ਹਿੱਸੇ ਆਉਣ ਅਤੇ 1947 ਦੀ ਵੰਡ ਵੇਲੇ ਹੋਈ ਫ਼ਿਰਕੂ ਹਿੰਸਾ ਕਾਰਨ ਇੱਥੇ ਸਥਿਤ ਕਈ ਖੂਬਸੂਰਤ ਸਟੂਡੀਓ ਅੱਗ ਦੀ ਭੇਟ ਚੜ੍ਹ ਗਏ। ਸਾਰੇ ਹਿੰਦੂ ਅਤੇ ਸਿੱਖ ਫਿਲਮੀ ਕਲਾਕਾਰਾਂ ਅਤੇ ਸਟੂਡੀਓ ਮਾਲਕਾਂ ਨੂੰ ਲਾਹੌਰ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਮਜਬੂਰੀ ਵਿੱਚ ਭਾਰਤ ਆਉਣਾ ਪਿਆ। ਇਸ ਨਾਲ ਲਾਹੌਰ ਫਿਲਮ ਇੰਡਸਟਰੀ ਪੂਰੀ ਤਰ੍ਹਾਂ ਉੱਜੜ ਗਈ। ਦੇਸ਼ ਵੰਡ ਕਰਕੇ ਪੰਜਾਬੀਆਂ ਵਾਂਗ ਲਾਹੌਰ ਦੀ ਪੰਜਾਬੀ ਫਿਲਮ ਇੰਡਸਟਰੀ ਵੀ ਘਰੋਂ ਬੇਘਰ ਹੋ ਗਈ ਤੇ ਮੁੜ ਕੇ ਉਸ ਨੂੰ ਕਦੇ ਲਾਹੌਰ ਵਰਗਾ ਆਪਣਾ ਸਾਂਝਾ ਘਰ ਨਸੀਬ ਨਾ ਹੋਇਆ।