IMG-LOGO
Home News ਅਮਰੀਕਾ-ਦੀ-ਵਿਚੋਲਗੀ-ਨਾਲ-ਇਜ਼ਰਾਈਲ-ਅਤੇ-ਲੈਬਨਾਨ-ਵੱਲੋਂ-ਸ਼ਾਂਤੀ-ਸਮਝੌਤੇ-ਦੀ-ਰੂਪ-ਰੇਖਾ-’ਤੇ-ਦਸਤਖ਼ਤ
ਅਮਰੀਕਾ

ਅਮਰੀਕਾ ਦੀ ਵਿਚੋਲਗੀ ਨਾਲ ਇਜ਼ਰਾਈਲ ਅਤੇ ਲੈਬਨਾਨ ਵੱਲੋਂ ਸ਼ਾਂਤੀ ਸਮਝੌਤੇ ਦੀ ਰੂਪ-ਰੇਖਾ ’ਤੇ ਦਸਤਖ਼ਤ

by Admin - 2026-06-26 22:24:19 0 Views 0 Comment
IMG
ਯੇਰੂਸ਼ਲਮ/ਬੇਰੂਤ/ਵਾਸ਼ਿੰਗਟਨ ਅਮਰੀਕਾ ਦੀ ਵਿਚੋਲਗੀ ਹੇਠ ਕਈ ਦਿਨਾਂ ਦੀ ਗੱਲਬਾਤ ਤੋਂ ਬਾਅਦ ਇਜ਼ਰਾਈਲ ਅਤੇ ਲੈਬਨਾਨ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਸ਼ਾਂਤੀ ਸਮਝੌਤੇ ਦੀ ਰੂਪ-ਰੇਖਾ (ਫਰੇਮਵਰਕ) ’ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਸਮਝੌਤੇ ਦਾ ਮਕਸਦ ਇਜ਼ਰਾਈਲ ਅਤੇ ਇਰਾਨ ਸਮਰਥਿਤ ਹਿਜ਼ਬੁੱਲ੍ਹਾ ਵਿਚਾਲੇ ਚੱਲ ਰਹੀ ਲੜਾਈ ਨੂੰ ਸਥਾਈ ਤੌਰ ’ਤੇ ਖ਼ਤਮ ਕਰਨਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦਫਤਰ ਵਿੱਚ ਹੋਏ ਸਮਾਗਮ ਦੌਰਾਨ ਲੈਬਨਾਨ ਦੀ ਰਾਜਦੂਤ ਨਾਦਾ ਮੋਆਵਾਦ ਅਤੇ ਇਜ਼ਰਾਈਲ ਦੇ ਰਾਜਦੂਤ ਯੇਚੀਅਲ ਲਾਈਟਰ ਨੇ ਅਮਰੀਕਾ ਨਾਲ ਮਿਲ ਕੇ ਇਸ ਦਸਤਾਵੇਜ਼ ’ਤੇ ਦਸਤਖ਼ਤ ਕੀਤੇ। ਦਸਤਖ਼ਤ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ, ‘ਅੱਜ ਅਸੀਂ ਇੱਕ ਅਜਿਹੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਜੋ ਮੁਸ਼ਕਲ ਜ਼ਰੂਰ ਹੋਵੇਗਾ, ਪਰ ਇਹ ਬਹੁਤ ਮਹੱਤਵਪੂਰਨ ਅਤੇ ਲਾਜ਼ਮੀ ਕਦਮ ਹੈ।’ ਇਹ ਟਕਰਾਅ 2 ਮਾਰਚ ਨੂੰ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲੇ ਤੋਂ ਕੁਝ ਦਿਨ ਬਾਅਦ ਹਿਜ਼ਬੁੱਲ੍ਹਾ ਨੇ ਇਜ਼ਰਾਈਲ ’ਤੇ ਰਾਕੇਟ ਹਮਲੇ ਕੀਤੇ। ਇਸ ਤੋਂ ਬਾਅਦ ਇਜ਼ਰਾਈਲ ਨੇ ਹਵਾਈ ਅਤੇ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਲੈਬਨਾਨ ਵਿੱਚ 4,000 ਤੋਂ ਵੱਧ ਲੋਕ ਮਾਰੇ ਗਏ ਅਤੇ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਹਾਲਾਂਕਿ ਸਮਝੌਤੇ ਦੀਆਂ ਪੂਰੀਆਂ ਸ਼ਰਤਾਂ ਜਨਤਕ ਨਹੀਂ ਕੀਤੀਆਂ ਗਈਆਂ। ਅਧਿਕਾਰੀਆਂ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਸਮਝੌਤਾ 16 ਅਪਰੈਲ ਦੇ ਜੰਗਬੰਦੀ ਸਮਝੌਤੇ ਨਾਲੋਂ ਕਿਵੇਂ ਵੱਖਰਾ ਹੈ। ਲੈਬਨਾਨ ਦੀ ਰਾਜਦੂਤ ਨਾਦਾ ਮੋਆਵਾਦ ਨੇ ਕਿਹਾ ਕਿ ਇਹ ਸਮਝੌਤਾ ਲੈਬਨਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਬਹਾਲ ਕਰਨ, ਜੰਗ ਨੂੰ ਸਥਾਈ ਤੌਰ 'ਤੇ ਖ਼ਤਮ ਕਰਨ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਵਾਪਸ ਲਿਆਉਣ ਵੱਲ ਪਹਿਲਾ ਕਦਮ ਹੈ। ਇਜ਼ਰਾਈਲ ਦੇ ਰਾਜਦੂਤ ਨੇ ਕਿਹਾ ਕਿ ਇਸ ਸਮਝੌਤੇ ਨਾਲ ਇਰਾਨ ਅਤੇ ਹਿਜ਼ਬੁੱਲ੍ਹਾ ਨੂੰ ਇਸ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਹੁਣ ਇਜ਼ਰਾਈਲ ਅਤੇ ਲੈਬਨਾਨ ਵਿਚਾਲੇ ਸ਼ਾਂਤੀ ਦਾ ਰਾਹ ਖੁੱਲ੍ਹਿਆ ਹੈ। ਗੱਲਬਾਤ ਦੌਰਾਨ ਦੱਖਣੀ ਲੈਬਨਾਨ ਦੇ ਉਨ੍ਹਾਂ ਇਲਾਕਿਆਂ ਬਾਰੇ ਵੀ ਚਰਚਾ ਹੋਈ, ਜਿਨ੍ਹਾਂ 'ਤੇ ਇਸ ਵੇਲੇ ਇਜ਼ਰਾਈਲ ਦਾ ਕਬਜ਼ਾ ਹੈ। ਪ੍ਰਸਤਾਵ ਹੈ ਕਿ ਇਜ਼ਰਾਈਲੀ ਫ਼ੌਜ ਕੁਝ ਇਲਾਕੇ ਲੈਬਨਾਨੀ ਫ਼ੌਜ ਦੇ ਹਵਾਲੇ ਕਰ ਸਕਦੀ ਹੈ। ਹਾਲਾਂਕਿ ਇਜ਼ਰਾਈਲ ਅਤੇ ਲੈਬਨਾਨ ਦੋਵਾਂ ਨੇ ਅਜਿਹੇ ਕਿਸੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ। ਜੰਗਬੰਦੀ ਦੇ ਬਾਵਜੂਦ ਸਰਹੱਦੀ ਇਲਾਕਿਆਂ ਵਿੱਚ ਹਿੰਸਾ ਪੂਰੀ ਤਰ੍ਹਾਂ ਨਹੀਂ ਰੁਕੀ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸ ਦੀ ਫ਼ੌਜ ਨੇ ਕਬਜ਼ੇ ਵਾਲੇ ਇਲਾਕੇ ਨੇੜੇ ਕਾਰਵਾਈ ਕਰ ਰਹੇ ਹਿਜ਼ਬੁੱਲ੍ਹਾ ਦੇ ਸੱਤ ਮੈਂਬਰਾਂ ਨੂੰ ਮਾਰ ਦਿੱਤਾ ਹੈ। ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ। ਇਸੇ ਦੌਰਾਨ ਇਜ਼ਰਾਈਲੀ ਫ਼ੌਜ ਨੇ ਦੱਖਣੀ ਲੈਬਨਾਨ ਦੇ ਮਨਸੂਰੀ ਕਸਬੇ ਉੱਪਰ ਪਰਚੇ ਸੁੱਟ ਕੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ। ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਜ਼ਰਾਈਲ ਨੇ ਕਿਸੇ ਬਸਤੀ ਲਈ ਅਜਿਹੀ ਚਿਤਾਵਨੀ ਜਾਰੀ ਕੀਤੀ ਹੈ। ਲਿਬਨਾਨੀ ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਹਾਲ ਹੀ ਵਿੱਚ ਮਨਸੂਰੀ ਨੂੰ ਆਪਣੇ ਕਬਜ਼ੇ ਵਾਲੇ ਸੁਰੱਖਿਆ ਖੇਤਰ ਵਿੱਚ ਸ਼ਾਮਲ ਕਰ ਲਿਆ ਹੈ। ਦੂਜੇ ਪਾਸੇ ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਇਹ ਸਿਰਫ਼ ਇੱਕ ਯਾਦ-ਦਹਾਨੀ ਹੈ ਕਿ ਇਹ ਇਲਾਕਾ ਸੁਰੱਖਿਆ ਜ਼ੋਨ ਵਿੱਚ ਆਉਂਦਾ ਹੈ ਅਤੇ ਲੋਕ ਆਪਣੀ ਸੁਰੱਖਿਆ ਲਈ ਉੱਥੇ ਨਾ ਜਾਣ।

Leave a Comment

Your email address will not be published. Required fields are marked *