ਪੰਜਾਬ
ਪੰਜਾਬ ਵਿੱਚ ਕਈ ਥਾਵਾਂ 'ਤੇ CM ਮਾਨ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਵਾਲੇ ਹੋਰਡਿੰਗ ਲੱਗੇ
ਹਸ਼ਿਆਰਪੁਰ/ਚੰਡੀਗੜ੍ਹ
ਪੰਜਾਬ ਦੇ ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਵਾਲੇ ਹੋਰਡਿੰਗ ਲਗਾਏ ਗਏ ਹਨ।
ਇਨ੍ਹਾਂ ਹੋਰਡਿੰਗਾਂ ਵਿੱਚ 15 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਉਸ ਹੁਕਮਨਾਮੇ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਵਿਵਾਦਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਖਾਲਸਾ ਪੰਥ ਵਿਰੋਧੀ' ਐਲਾਨਿਆ ਗਿਆ ਸੀ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਹੋਰਡਿੰਗ ਕਈ ਥਾਵਾਂ 'ਤੇ ਲਗਾਏ ਗਏ ਹਨ। ਇਨ੍ਹਾਂ ਵਿੱਚ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਬਜਰਾਵਰ ਦੇ ਕੋਲ ਗੁਰਦੁਆਰਾ ਹਰੀਆਂ ਵੇਲਾਂ, ਚੱਬੇਵਾਲ ਬੱਸ ਸਟੈਂਡ ਦੇ ਨੇੜੇ, ਮਾਹਿਲਪੁਰ ਵਿੱਚ ਗੁਰਦੁਆਰਾ ਸ਼ਹੀਦਾਂ ਲਾਡੇਵਾਲੀ ਦੇ ਬਿਲਕੁਲ ਸਾਹਮਣੇ, ਪਿੰਡ ਟੂਟੋ ਮਾਜਰਾ, ਮਾਹਿਲਪੁਰ ਦੇ ਪੁਰਾਣੇ ਬੱਸ ਅੱਡੇ ਅਤੇ ਦਸੂਹਾ ਵਿੱਚ ਬਣੇ ਗੁਰਦੁਆਰਾ ਗਰਨਾ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਸ਼ਾਮਲ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ ਕਿ ਮੁੱਖ ਮੰਤਰੀ ਨਾਲ ਜੁੜੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਬਾਰੇ ਸੰਗਤ ਨੂੰ ਜਾਗਰੂਕ ਕਰਨ ਲਈ ਇਹ ਹੋਰਡਿੰਗ ਲਗਾਏ ਗਏ ਹਨ। ਮਾਨ ਦੇ ਖ਼ਿਲਾਫ਼ 15 ਜੂਨ ਨੂੰ ਹੁਕਮ ਸੁਣਾਉਂਦੇ ਹੋਏ ਅਕਾਲ ਤਖ਼ਤ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ "ਉਨ੍ਹਾਂ ਨਾਲ ਕੋਈ ਸਬੰਧ ਨਾ ਰੱਖਣ।"
ਦੂਜੇ ਪਾਸੇ, ਵੀਰਵਾਰ ਨੂੰ ਮਾਨ ਨੇ ਅਜਿਹੇ ਬੋਰਡ ਲਗਾਏ ਜਾਣ ਨੂੰ ਲੈ ਕੇ ਐੱਸ ਜੀ ਪੀ ਸੀ (SGPC) ਦੀ ਭੂਮਿਕਾ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, "ਜਦੋਂ ਸੁਖਬੀਰ ਬਾਦਲ ਨੂੰ 'ਤਨਖ਼ਾਹੀਆ' ਐਲਾਨਿਆ ਗਿਆ ਸੀ, ਉਦੋਂ ਉਨ੍ਹਾਂ ਦੇ ਖ਼ਿਲਾਫ਼ ਅਜਿਹੇ ਬੋਰਡ ਕਿਉਂ ਨਹੀਂ ਲਗਾਏ ਗਏ? ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲੀਸ ਗੋਲੀਬਾਰੀ ਦੇ ਜ਼ਿੰਮੇਵਾਰ ਲੋਕਾਂ ਦੇ ਸਮਾਜਿਕ ਬਾਈਕਾਟ ਦੀ ਅਪੀਲ ਕਿਉਂ ਨਹੀਂ ਕੀਤੀ ਗਈ?"