ਪੰਜਾਬ
ਗੁਰੂ ਰਵਿਦਾਸ ਨੇ ਮਨੁੱਖਤਾ ਨੂੰ ਵੰਡਣ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ: ਗਿੱਲ
ਅਮਲੋਹ
ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਪਿੰਡ ਪੰਜੌਲੀ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ’ਚ ਸੈਮੀਨਾਰ ਹੋਇਆ। ਸੈਮੀਨਾਰ ’ਚ ਕੁੰਜੀਵਤ ਭਾਸ਼ਣ ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਮਨੁੱਖਤਾ ਨੂੰ ਊਚ ਨੀਚ ’ਚ ਵੰਡਣ ਖ਼ਿਲਾਫ਼ ਗੁਰੂ ਰਵਿਦਾਸ ਤੇ ਸ਼੍ਰੋਮਣੀ ਸੰਤ ਕਬੀਰ ਆਦਿ ਨੇ ਆਵਾਜ਼ ਬੁਲੰਦ ਕੀਤੀ ਤਾਂ ਉਸ ਵੇਲੇ ਸਮਾਂ ਬਹੁਤ ਭਿਆਨਕ ਸੀ। ਮੁੱਖ ਪੇਪਰ ਪੜ੍ਹਦਿਆਂ ਉੱਘੇ ਲੇਖਕ ਤੇ ਚਿੰਤਕ ਨਵਤੇਜ ਗੜ੍ਹਦੀਵਾਲਾ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਮਨੁੱਖ ਨੂੰ ਸਾਰੇ ਅਡੰਬਰ, ਵਹਿਮਾਂ ਭਰਮਾਂ ਤੋਂ ਦੂਰ ਕਰਦਿਆਂ ਸਿੱਧਾ ‘ਸਤਿਨਾਮ’ ਨਾਲ ਜੋੜਿਆ, ਜਿਸ ਦਾ ਸ਼ਬਦ ਗੁਰੂ ਸੰਕਲਪ ਸਾਰੇ ਕਰਮ ਕਾਂਡਾਂ ਨੂੰ ਤਹਿਸ ਨਹਿਸ ਕਰ ਗਿਆ। ਉਨ੍ਹਾਂ ਦੀ ਬਾਣੀ ਦੀ ਚੇਤਨਾ ਦੀ ਅੱਜ ਦੁਖਾਂਤ ’ਚੋਂ ਗੁਜ਼ਰ ਰਹੇ ਸਮਾਜ ਨੂੰ ਬਹੁਤ ਲੋੜ ਹੈ। ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਗੁਰੂ ਰਵਿਦਾਸ ਸਮੇਤ ਸਾਰੇ ਗੁਰੂਆਂ ਦੇ ਜੀਵਨ ਬਾਰੇ ਜਾਣਨ ਦੀ ਲੋੜ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਫਤਿਹਜੰਗ ਸਿੰਘ ਚੰਡੀਗੜ੍ਹ ਨੇ ਕਿਹਾ ਜਾਤ-ਪਾਤ ਦਾ ਕਹਿਰ ਅੱਜ ਵੀ ਜ਼ੁਲਮ ਕਰ ਰਿਹਾ ਹੈ, ਜਿਸ ਦੀਆਂ ਮਿਸਾਲਾਂ ਭਾਰਤ ’ਚ ਕਈ ਥਾਵਾਂ ’ਤੇ ਮਿਲਦੀਆਂ ਹਨ ਜਿਸ ਪੱਥਰ ਯੁੱਗ ਵਿਚੋਂ ਗੁਰੂ ਰਵਿਦਾਸ ਤੇ ਹੋਰ ਗੁਰੂਆਂ ਨੇ ਕੱਢਿਆ ਸੀ ਲੋਕ ਅੱਜ ਫਿਰ ਉਸੇ ਪਾਸੇ ਵੱਧ ਰਹੇ ਹਨ। ਮੰਚ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ’ਚ ਹੋਏ ਸੈਮੀਨਾਰ ਦਾ ਸੈਮੀਨਾਰ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਰਭੈ ਸਿੰਘ ਰੁੜਕੀ ਨੇ ਸਾਰਾ ਪ੍ਰਬੰਧ ਸੰਭਾਲਿਆ। ਧੰਨਵਾਦ ਡਾ. ਗੁਰਮੀਤ ਕਲੱਰਮਾਜਰੀ ਨੇ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਪ੍ਰੋ. ਬਲਦੇਵ ਸਿੰਘ ਬੱਲੀ, ਤਹਿਸੀਲਦਾਰ ਗੁਰਨਾਮ ਸਿੰਘ, ਤਰਸੇਮ ਦੀਵਾਨਾ, ਇੰਜ. ਸਤਨਾਮ ਸਿੰਘ ਮੱਟੂ, ਬਾਬਾ ਦਰਸ਼ਨ ਸਿੰਘ ਟੌਹੜਾ ਅਤੇ ਬਾਬਾ ਹਰਜਿੰਦਰ ਸਿੰਘ ਭੱਲਮਾਜਰਾ ਆਦਿ ਨੇ ਸੰਬੋਧਨ ਕੀਤਾ।