IMG-LOGO
Home News blog-detail-01.html
ਅਮਰੀਕਾ

US Iran Peace Talks: ਅਮਰੀਕਾ ਇਰਾਨ ਨਾਲ ਰਿਸ਼ਤੇ ਸੁਧਾਰਨ ਲਈ ਤਿਆਰ: JD Vance

by Admin - 2026-06-21 20:55:27 0 Views 0 Comment
IMG
ਸਵਿਟਜ਼ਰਲੈਂਡ ਵਿੱਚ ਉੱਚ ਪੱਧਰੀ ਵਾਰਤਾ ਸ਼ੁਰੂ ਬਰਜਨਸਟੌਕ (ਸਵਿਟਜ਼ਰਲੈਂਡ), ਪੱਛਮੀ ਏਸ਼ੀਆ ਵਿੱਚ ਅਮਨ ਬਹਾਲੀ ਲਈ ਸਵਿਟਜ਼ਰਲੈਂਡ ਦੇ ਬੁਰਜਨਸਟੌਕ ’ਚ ਅਮਰੀਕਾ ਅਤੇ ਇਰਾਨ ਦੇ ਉੱਚ ਪੱਧਰੀ ਵਫ਼ਦਾਂ ਵਿਚਾਲੇ ‘ਲੇਕ ਲੂਸਰਨ ਸੰਮੇਲਨ’ ਤਹਿਤ ਵਾਰਤਾ ਸ਼ੁਰੂ ਹੋ ਗਈ ਹੈ। ਇਸ ਉੱਚ ਪੱਧਰੀ ਵਾਰਤਾ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਸਾਫ਼ ਕੀਤਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਪੂਰੇ ਖੇਤਰ ਵਿੱਚ ਜੰਗਬੰਦੀ ਲਾਗੂ ਕਰਨ ਲਈ ਵਚਨਬੱਧ ਹਨ। ਵੈਂਸ ਨੇ ਮੰਨਿਆ ਕਿ ਜ਼ਮੀਨੀ ਪੱਧਰ ਉੱਤੇ ਕੁਝ ਅੜਿੱਕੇ ਜ਼ਰੂਰ ਹਨ, ਪਰ ਖੇਤਰ ਵਿੱਚ ਸਥਿਰਤਾ ਲਿਆਉਣ ਦੀ ਕੋਸ਼ਿਸ਼ ਸਹੀ ਦਿਸ਼ਾ ਵੱਲ ਵਧ ਰਹੀ ਹੈ। ਬਹੁ-ਧਿਰੀ ਸਮਝੌਤੇ ਲਾਗੂ ਕਰਨਾ ਹਮੇਸ਼ਾ ਗੁੰਝਲਦਾਰ ਹੁੰਦਾ ਹੈ ਅਤੇ ਜੰਗਬੰਦੀ ਵਿੱਚ ਥੋੜ੍ਹੀ ਖਿੱਚੋਤਾਣ ਵੀ ਸੁਭਾਵਕ ਹੈ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਪਿਛਲੇ ਕੁਝ ਦਿਨਾਂ ਦੌਰਾਨ ਲੈਬਨਾਨ ਵਿੱਚ ਜੰਗਬੰਦੀ ਕਾਇਮ ਰੱਖਣ ਪੱਖੋਂ ਵੱਡੀ ਕਾਮਯਾਬੀ ਮਿਲੀ ਹੈ, ਜੋ ਖੇਤਰ ਵਿੱਚ ਸ਼ਾਂਤੀ ਲਈ ਅਹਿਮ ਸ਼ਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਰੰਪ ਪ੍ਰਸ਼ਾਸਨ ਫ਼ੌਜੀ ਟਕਰਾਅ ਦੀ ਥਾਂ ਗੱਲਬਾਤ ਨੂੰ ਤਰਜੀਹ ਦਿੰਦਾ ਹੈ। ਇਸ ਮੀਟਿੰਗ ਤੋਂ ਪਹਿਲਾਂ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਕਿ ਜੇ ਇਰਾਨ ਖੇਤਰੀ ਅਸਥਿਰਤਾ ਫੈਲਾਉਣੀ ਬੰਦ ਕਰੇ ਅਤੇ ਪਰਮਾਣੂ ਪ੍ਰੋਗਰਾਮ ਛੱਡ ਦੇਵੇ, ਤਾਂ ਅਮਰੀਕਾ ਤਹਿਰਾਨ ਨਾਲ ਆਪਣੇ ਲੰਮੇ ਸਮੇਂ ਤੋਂ ਤਣਾਅਪੂਰਨ ਚੱਲ ਰਹੇ ਸਬੰਧ ਪੂਰੀ ਤਰ੍ਹਾਂ ਬਦਲਣ ਲਈ ਤਿਆਰ ਹੈ। ਉਨ੍ਹਾਂ ਇਸ ਮੀਟਿੰਗ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਪਹਿਲਾਂ ਕਦੇ ਇੰਨੇ ਉੱਚ ਪੱਧਰ ’ਤੇ ਨਹੀਂ ਮਿਲੀ। ਉੱਧਰ, ਇਰਾਨੀ ਕੂਟਨੀਤਕ ਇਸਮਾਈਲ ਬਗ਼ਾਈ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਸਮਝੌਤੇ ਨੂੰ ਅਮਲੀ ਰੂਪ ਦੇਣ ਲਈ ਸਾਰੇ ਮੋਰਚਿਆਂ ’ਤੇ ਜੰਗ ਦਾ ਖ਼ਾਤਮਾ ਜ਼ਰੂਰੀ ਹੈ, ਜਿਸ ਤੋਂ ਬਿਨਾਂ ਅੰਤਿਮ ਸਮਝੌਤੇ ਲਈ ਅਗਲੇ ਪੜਾਅ ਵਿੱਚ ਦਾਖ਼ਲ ਹੋਣਾ ਮੁਮਕਿਨ ਨਹੀਂ ਹੈ। ਅਮਰੀਕੀ ਵਫ਼ਦ ਦੀ ਅਗਵਾਈ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਇਰਾਨੀ ਵਫ਼ਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਾਲੀਬਾਫ਼ ਕਰ ਰਹੇ ਹਨ। ਚਰਚਾ ਵਿੱਚ ਅਮਰੀਕਾ ਵੱਲੋਂ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਸਲਾਹਕਾਰ ਜੇਅਰੇਡ ਕੁਸ਼ਨਰ ਸ਼ਾਮਲ ਹਨ; ਇਰਾਨ ਵੱਲੋਂ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਅਤੇ ਕੂਟਨੀਤਕ ਇਸਮਾਈਲ ਬਗ਼ਾਈ ਹਿੱਸਾ ਲੈ ਰਹੇ ਹਨ। ਪਾਕਿਸਤਾਨ ਦੇ ਰੱਖਿਆ ਬਲਾਂ ਦੇ ਮੁਖੀ ਆਸਿਮ ਮੁਨੀਰ ਵੀ ਇਸ ਵਿੱਚ ਮੌਜੂਦ ਹਨ। ਇਹ ਕੂਟਨੀਤਕ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵਿਚਾਲੇ 17 ਜੂਨ ਨੂੰ ਹੋਏ ਮੁਢਲੇ ਸਮਝੌਤੇ ਦੇ ਆਧਾਰ ਉੱਤੇ ਹੋ ਰਹੀ ਹੈ। ਇਜ਼ਰਾਈਲ ਵੱਲੋਂ ਲੈਬਨਾਨ ਵਿੱਚ ਫ਼ੌਜੀ ਕਾਰਵਾਈ ਦੀ ਖੁੱਲ੍ਹ ਯੇਰੂਸ਼ਲਮ: ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਉਨ੍ਹਾਂ ਦੇ ਜਵਾਨ ਲੈਬਨਾਨ ਵਿੱਚ ਖ਼ਤਰੇ ਨਾਲ ਨਜਿੱਠਣ ਲਈ ਬਿਨਾਂ ਕਿਸੇ ਰੋਕ ਤੋਂ ਕਾਰਵਾਈ ਕਰਨ ਲਈ ਆਜ਼ਾਦ ਹਨ। ਸ਼ੁੱਕਰਵਾਰ ਨੂੰ ਲਾਗੂ ਹੋਈ ਜੰਗਬੰਦੀ ਦੇ ਬਾਵਜੂਦ ਸ਼ਨਿਚਰਵਾਰ ਨੂੰ ਹੋਏ ਇਜ਼ਰਾਇਲੀ ਹਮਲਿਆਂ ਵਿੱਚ 20 ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਇਨ੍ਹਾਂ ਹਮਲਿਆਂ ਨੂੰ ਹਿਜ਼ਬੁੱਲਾ ਵੱਲੋਂ ਕੀਤੀ ਗੋਲੀਬਾਰੀ ਦਾ ਜਵਾਬ ਦੱਸਿਆ ਹੈ। ਕਾਟਜ਼ ਮੁਤਾਬਕ ਇਜ਼ਰਾਇਲੀ ਫ਼ੌਜ ਲੈਬਨਾਨ ਵਿੱਚ 10 ਕਿਲੋਮੀਟਰ ਤੱਕ ਬਣਾਏ ਸੁਰੱਖਿਆ ਜ਼ੋਨ ਵਿੱਚ ਤਾਇਨਾਤ ਰਹੇਗੀ। ਦੂਜੇ ਪਾਸੇ ਇਰਾਨੀ ਅਧਿਕਾਰੀਆਂ ਅਨੁਸਾਰ ਅਮਰੀਕਾ ਨਾਲ ਸਵਿਟਜ਼ਰਲੈਂਡ ਵਿੱਚ ਚੱਲ ਰਹੀ ਅਮਨ ਵਾਰਤਾ ਵਿੱਚ ਲੈਬਨਾਨ ਮੁੱਖ ਕੇਂਦਰੀ ਨੁਕਤਾ ਹੈ।

Leave a Comment

Your email address will not be published. Required fields are marked *