ਪੰਜਾਬ
ਮਰਹੂਮ ਕਿਸਾਨ ਆਗੂ ਦੇ ਘਰ ਕਬਜ਼ਾ ਵਾਰੰਟ ਖ਼ਿਲਾਫ਼ ਕਿਸਾਨਾਂ ਦਾ ਧਰਨਾ
ਖੇਤੀ ਵੰਨ-ਸੁਵੰਨਤਾ ’ਚ ਫੇਲ੍ਹ ਹੋਣ ’ਤੇ ਜਗਦੀਪ ਖੁੱਡੀਆਂ ਨੇ ਕੀਤੀ ਸੀ ਖ਼ੁਦਕੁਸ਼ੀ
.
ਲੰਬੀ- ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਅੱਜ ਭਾਕਿਯੂ (ਏਕਤਾ) ਉਗਰਾਹਾਂ ਵੱਲੋਂ ਮਰਹੂਮ ਨੌਜਵਾਨ ਕਿਸਾਨ ਆਗੂ ਜਗਦੀਪ ਖੁੱਡੀਆਂ ਦੇ ਘਰ ਲਈ ਜਾਰੀ ਕਬਜ਼ਾ ਵਾਰੰਟ ਦੇ ਖ਼ਿਲਾਫ਼ ਧਰਨਾ ਲਗਾਇਆ ਗਿਆ। ਹੋਮ ਲੋਨ ਕੰਪਨੀ ਵੱਲੋਂ ਮਕਾਨ ਕਰਜ਼ੇ ਦੇ ਬਦਲੇ ਲਗਪਗ 18.10 ਲੱਖ ਰੁਪਏ ਬਕਾਇਆ ਸਬੰਧੀ ਕਬਜ਼ਾ ਵਾਰੰਟ ਲਿਆਂਦਾ ਗਿਆ ਸੀ।
ਤਿੱਖੜ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨ ਧਰਨੇ ਵਿੱਚ ਸ਼ਾਮਲ ਹੋਏ। ਕਿਸਾਨਾਂ ਦੇ ਤਿੱਖੇ ਵਿਰੋਧ ਕਾਰਨ ਮੌਕੇ ’ਤੇ ਕੋਈ ਵੀ ਅਧਿਕਾਰੀ ਕਬਜ਼ਾ ਕਾਰਵਾਈ ਲਈ ਨਹੀਂ ਪਹੁੰਚਿਆ। ਜਗਦੀਪ ਖੁੱਡੀਆਂ ਨੇ 11 ਮਈ 2024 ਨੂੰ ਖੇਤੀ ਵਿਭਿੰਨਤਾ ਦੇ ਅਸਫਲ ਪ੍ਰਯੋਗਾਂ ਅਤੇ ਵੱਧਦੇ ਕਰਜ਼ੇ ਕਾਰਨ ਜ਼ਹਿਰ ਖਾ ਲਿਆ ਸੀ ਅਤੇ 19 ਮਈ ਨੂੰ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਸਿਰ ਕਰੀਬ 40 ਲੱਖ ਰੁਪਏ ਦਾ ਕੁੱਲ ਕਰਜ਼ਾ ਦੱਸਿਆ ਜਾਂਦਾ ਹੈ। ਪਰਿਵਾਰ ਵਿੱਚ ਹੁਣ ਕੇਵਲ ਮਾਤਾ ਹੀ ਹੈ ਅਤੇ ਕੋਈ ਆਰਥਿਕ ਸਹਾਰਾ ਨਹੀਂ ਹੈ। ਧਰਨੇ ਦੌਰਾਨ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿਖਵਾਲਾ, ਹਰਪਾਲ ਸਿੰਘ ਕਿੱਲਿਆਂਵਾਲੀ, ਗੁਰਤੇਜ ਖੁੱਡੀਆਂ, ਸੁਖਵੀਰ ਵੜਿੰਗ ਖੇੜਾ ਅਤੇ ਨਿਸ਼ਾਨ ਕੱਖਾਂਵਾਲੀ ਨੇ ਕਿਹਾ ਕਿ ਲੋਨ ਲੈਣ ਸਮੇਂ ਕੰਪਨੀ ਵੱਲੋਂ ਵੱਡੀ ਰਕਮ ਬੀਮਾ ਪਾਲਿਸੀ ਦੇ ਨਾਂ ’ਤੇ ਕੱਟੀ ਗਈ ਸੀ, ਇਸ ਲਈ ਉਸ ਰਕਮ ਨਾਲ ਹੀ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਲੰਬੀ ਦੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਨੇ ਦੱਸਿਆ ਕਿ ਲੋਨ ਕੰਪਨੀ ਵੱਲੋਂ ਅਧਿਕਾਰੀ ਨਾ ਪਹੁੰਚਣ ਕਾਰਨ ਅੱਜ ਕਬਜ਼ਾ ਕਾਰਵਾਈ ਨਹੀਂ ਹੋ ਸਕੀ।