IMG-LOGO
ਦੇਸ਼

ਭਾਰਤ-ਨਿਊਜ਼ੀਲੈਂਡ ਦਰਮਿਆਨ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ

by Admin - 2026-04-27 22:04:37 0 Views 0 Comment
IMG
ਨਵੀਂ ਦਿੱਲੀ -ਤਕਰੀਬਨ 16 ਸਾਲਾਂ ਦੀ ਗੱਲਬਾਤ ਅਤੇ ਵਿਚਾਰ ਚਰਚਾਵਾਂ ਦੇ ਦੌਰ ਤੋਂ ਬਾਅਦ ਸੋਮਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੁਕਤ ਵਪਾਰ ਸਮਝੌਤਾ ਹੋ ਗਿਆ | ਸਮਝੌਤੇ ਤਹਿਤ ਨਿਊਜ਼ੀਲੈਂਡ ਤੋਂ ਭਾਰਤ ਆਉਣ ਵਾਲੇ 95 ਫ਼ੀਸਦੀ ਸਾਮਾਨ 'ਤੇ ਟੈਰਿਫ 'ਤੇ ਛੋਟ ਦਿੱਤੀ ਗਈ ਜਦਕਿ ਭਾਰਤ ਤੋਂ ਨਿਊਜ਼ੀਲੈਂਡ ਭੇਜੇ ਜਾਣ ਵਾਲੇ ਸਾਮਾਨ 'ਤੇ 100 ਫ਼ੀਸਦੀ ਟੈਰਿਫ ਛੋਟ ਮਿਲੇਗੀ | ਵਣਜ ਮੰਤਰੀ ਪਿਊਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਹਮਅਹੁਦਾ ਟਾਡ ਮੈਕਲੇ ਦੀ ਮੌਜੂਦਗੀ 'ਚ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ | ਮੁਕਤ ਵਪਾਰ ਸਮਝੌਤੇ ਤਹਿਤ ਨਿਊਜ਼ੀਲੈਂਡ ਅਗਲੇ 15 ਸਾਲਾਂ 'ਚ ਭਾਰਤ 'ਚ 20 ਅਰਬ ਡਾਲਰ ਦਾ ਨਿਵੇਸ਼ ਕਰੇਗਾ ਜਿਸ ਨਾਲ ਦੇਸ਼ 'ਚ ਰੁਜ਼ਗਾਰ ਅਤੇ ਵਿਕਾਸ ਨੂੰ ਹੁਲਾਰਾ ਮਿਲੇਗਾ | ਸਮਝੌਤੇ ਮੁਤਾਬਿਕ ਨਿਊਜ਼ੀਲੈਂਡ ਕਾਲੀਨ, ਮੋਟਰ ਵਾਹਨ ਅਤੇ ਉਸ ਦੇ ਕਲਪੁਰਜਿਆਂ ਜਿਹੇ ਭਾਰਤੀ ਉਤਪਾਦਾਂ 'ਤੇ ਪਹਿਲਾਂ ਜਿਹੜਾ 10 ਫ਼ੀਸਦੀ ਤੱਕ ਦਾ ਟੈਰਿਫ ਲਗਾਉਂਦਾ ਸੀ ਉਹ ਹੁਣ ਜ਼ੀਰੋ ਹੋ ਜਾਵੇਗਾ | ਇਸ ਤੋਂ ਇਲਾਵਾ ਉਸਾਰੀ ਖੇਤਰ ਲਈ ਲੱਕੜ ਦੇ ਲੱਠੇ ਅਤੇ ਧਾਤਾਂ ਦੇ ਕਬਾੜ ਜਿਹੇ ਕੱਚੇ ਮਾਲ ਵੀ ਟੈਰਿਫ ਮੁਕਤ ਹੋਣਗੇ ਜਦਕਿ ਭਾਰਤ ਨੇ 70.03 ਫ਼ੀਸਦੀ ਟੈਰਿਫ ਵਰਗਾਂ (ਜਿਸ ਦੀ ਮੁੱਲ ਦੇ ਹਿਸਾਬ ਨਾਲ ਦੁਵੱਲੇ ਵਪਾਰ 'ਚ 95 ਫ਼ੀਸਦੀ ਹਿੱਸੇਦਾਰੀ ਹੈ) 'ਤੇ ਟੈਰਿਫ 'ਚ ਰਿਆਇਤ ਦੀ ਪੇਸ਼ਕਸ਼ ਕੀਤੀ ਹੈ ਜਦਕਿ 29.97 ਫ਼ੀਸਦੀ ਟੈਰਿਫ ਵਰਗਾਂ ਨੂੰ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਲਈ ਬਾਹਰ ਰੱਖਿਆ ਗਿਆ | ਭਾਰਤ ਨੇ ਇਨ੍ਹਾਂ ਉਤਪਾਦਾਂ 'ਤੇ ਨਹੀਂ ਦਿੱਤੀ ਛੋਟ ਇਨ੍ਹਾਂ ਸੰਵੇਦਨਸ਼ੀਲ ਉਤਪਾਦਾਂ 'ਚ ਮੁੱਖ ਤੌਰ 'ਤੇ ਦੁੱਧ ਨਾਲ ਬਣੇ ਉਤਪਾਦ (ਦੁੱਧ, ਕ੍ਰੀਮ, ਪਨੀਰ ਆਦਿ) ਹੋਰ ਡੇਅਰੀ ਉਤਪਾਦ, ਖੇਤੀ ਉਤਪਾਦ (ਪਿਆਜ਼, ਮਟਰ, ਮੱਕੀ, ਬਾਦਾਮ), ਖੰਡ, ਸ਼ਹਿਦ, ਹਥਿਆਰ ਅਤੇ ਗੋਲਾ ਬਾਰੂਦ, ਗਹਿਣੇ, ਤਾਂਬਾ ਅਤੇ ਐਲੂਮੀਨੀਅਮ ਨਾਲ ਜੁੜੇ ਉਤਪਾਦ ਸ਼ਾਮਿਲ ਹਨ | ਭਾਰਤ ਲੱਕੜ, ਉੱਨ, ਭੇਡ ਦਾ ਮਾਸ ਅਤੇ ਕੱਚੇ ਚਮੜੇ ਜਿਹੇ ਉਤਪਾਦਾਂ ਸਮੇਤ ਨਿਊਜ਼ੀਲੈਂਡ ਦੇ ਤਕਰੀਬਨ 30 ਫ਼ੀਸਦੀ ਟੈਰਿਫ ਵਰਗਾਂ ਤੋਂ ਟੈਰਿਫ ਖ਼ਤਮ ਕਰੇਗਾ ਜਦਕਿ 35.60 ਫ਼ੀਸਦੀ ਟੈਰਿਫ ਵਰਗਾਂ 'ਤੇ 3, 5, 7 ਅਤੇ 10 ਸਾਲਾਂ ਦੇ ਪੜਾਅਬੱਧ ਤਰੀਕੇ ਨਾਲ ਟੈਰਿਫ ਖ਼ਤਮ ਕੀਤਾ ਜਾਵੇਗਾ | ਇਸ 'ਚ ਪੈਟਰੋਲੀਅਮ, ਤੇਲ, ਬਨਸਪਤੀ ਤੇਲ ਅਤੇ ਚੁਣੀ ਹੋਈ ਮਸ਼ੀਨਰੀ ਸ਼ਾਮਿਲ ਹੈ | ਨਿਊਜ਼ੀਲੈਂਡ ਦੇ ਜਿਨ੍ਹਾਂ ਉਤਪਾਦਾਂ ਨੂੰ ਟੈਰਿਫ ਤੋਂ ਰਿਆਇਤ ਮਿਲੇਗੀ, ਉਨ੍ਹਾਂ 'ਚ ਵਾਈਨ, ਦਵਾਈਆਂ, ਲੋਹਾ-ਇਸਪਾਤ ਉਤਪਾਦ ਸ਼ਾਮਿਲ ਹਨ ਜਦਕਿ ਸੇਬ, ਕੀਵੀ ਫਲ ਆਦਿ ਕੁਝ ਉਤਪਾਦ ਟੈਰਿਫ ਦਰ ਕੋਟਾ ਤਹਿਤ ਆਉਣਗੇ | ਇਸ ਤੋਂ ਇਲਾਵਾ ਨਿਊਜ਼ੀਲੈਂਡ, ਭਾਰਤ ਦੇ ਇੰਜੀਨੀਅਰਾਂ, ਡਾਕਟਰਾਂ ਅਤੇ ਹੈਲਥਕੇਅਰ ਪੇਸ਼ੇਵਰਾਂ ਲਈ ਹਰ ਸਾਲ 5 ਹਜ਼ਾਰ ਵਿਸ਼ੇਸ਼ ਵੀਜ਼ਾ ਜਾਰੀ ਕਰੇਗਾ | ਇਸ 'ਚ ਪਹਿਲੀ ਵਾਰ ਆਯੁਸ਼ ਡਾਕਟਰਾਂ, ਯੋਗਾ ਸਿਖਾਉਣ ਵਾਲਿਆਂ ਅਤੇ ਭਾਰਤੀ ਸ਼ੈੱਫ ਨੂੰ ਤਰਜੀਹ ਦਿੱਤੀ ਗਈ ਹੈ |

Leave a Comment

Your email address will not be published. Required fields are marked *