IMG-LOGO
Home News blog-detail-01.html
ਰਾਜਨੀਤੀ

ਜੰਗ ਅਤੇ ਮਾਨਸਿਕ ਸਿਹਤ

by Admin - 2026-04-10 23:02:44 0 Views 0 Comment
IMG
ਡਾ. ਅਰੁਣ ਮਿੱਤਰਾ ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ ਨੇ ਸਮੂਹ ਖਿੱਤਿਆਂ ਨੂੰ ਮੌਤ ਅਤੇ ਤਬਾਹੀ ਦੇ ਦ੍ਰਿਸ਼ਾਂ ਵਿੱਚ ਬਦਲ ਦਿੱਤਾ ਹੈ। ਪਹਿਲਾਂ ਜੰਗ ਦਾ ਮੁੱਖ ਸ਼ਿਕਾਰ ਸੈਨਿਕ ਹੁੰਦੇ ਸਨ, ਪਰ ਅੱਜ ਹਕੀਕਤ ਬਹੁਤ ਬਦਲ ਗਈ ਹੈ। ਆਧੁਨਿਕ ਜੰਗ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਵਿੱਚ ਆਸਮਾਨ ਰਾਹੀਂ ਆਮ ਨਾਗਰਿਕਾਂ ਨੂੰ ਪ੍ਰਭਾਵਿਤ ਕਰਦੀ ਹੈ। ਕਈ ਥਾਈਂ ਟਕਰਾਵਾਂ ਵਿੱਚ ਹੋਈਆਂ ਕੁੱਲ ਮੌਤਾਂ ਵਿੱਚ ਨਾਗਰਿਕਾਂ ਦੀ ਗਿਣਤੀ 50-90 ਫ਼ੀਸਦੀ ਤੱਕ ਹੁੰਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਨਾਗਰਿਕਾਂ ਤੇ ਸੈਨਿਕਾਂ ਦੀ ਮੌਤ ਦਾ ਅਨੁਪਾਤ 9:1 ਤੱਕ ਪਹੁੰਚ ਗਿਆ ਹੈ। ਇਹ ਬਦਲਾਅ ਆਧੁਨਿਕ ਜੰਗ ਦੀ ਕਠੋਰ ਹਕੀਕਤ ਨੂੰ ਦਰਸਾਉਂਦਾ ਹੈ, ਜਿੱਥੇ ਆਮ ਲੋਕ- ਔਰਤਾਂ, ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਯੂਕਰੇਨ ਵਿੱਚ ਵੱਡੇ ਪੱਧਰ ’ਤੇ ਨਾਗਰਿਕਾਂ ਦੀ ਮੌਤ ਨੇ ਇੱਕ ਵਾਰ ਫਿਰ ਆਧੁਨਿਕ ਜੰਗ ਦੇ ਦੂਰਗਾਮੀ ਪ੍ਰਭਾਵਾਂ ਨੂੰ ਸਾਹਮਣੇ ਲਿਆਂਦਾ ਹੈ। ਟਫਟਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵਿੱਚ ਪਬਲਿਕ ਹੈਲਥ ਦੇ ਐਡਜੰਕਟ ਪ੍ਰੋਫੈਸਰ ਬੈਰੀ ਐੱਸ ਲੇਵੀ ਨੇ ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫੌਰ ਦਿ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ (IPPNW) ਦੁਆਰਾ ਕਰਵਾਏ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ’ਚ ਰਵਾਇਤੀ ਜੰਗਾਂ ਦੇ ਗੰਭੀਰ ਸਿਹਤ ਪ੍ਰਭਾਵਾਂ ਬਾਰੇ ਚਿਤਾਵਨੀ ਦਿੱਤੀ। ਉਨ੍ਹਾਂ ਅਨੁਸਾਰ ਜੰਗ ਕਾਰਨ ਵਿਆਪਕ ਕੁਪੋਸ਼ਣ ਪੈਦਾ ਹੁੰਦਾ ਹੈ, ਖ਼ਾਸਕਰ ਔਰਤਾਂ ਅਤੇ ਬੱਚਿਆਂ ਵਿੱਚ ਦਸਤ, ਹੈਜ਼ਾ ਤੇ ਸਾਹ ਨਾਲ ਸਬੰਧਿਤ ਇਨਫੈਕਸ਼ਨ ਅਤੇ ਟੀ ਬੀ ਵਰਗੀਆਂ ਲਾਗ ਦੀਆਂ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ- ਜਿਵੇਂ ਡਿਪਰੈਸ਼ਨ, ਪੋਸਟ-ਟ੍ਰੌਮੈਟਿਕ ਸਟਰੈੱਸ ਡਿਸਆਰਡਰ (PTSD) ਅਤੇ ਖ਼ੁਦਕੁਸ਼ੀਆਂ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਪ੍ਰਜਣਨ ਸਿਹਤ ਖ਼ਰਾਬ ਹੁੰਦੀ ਹੈ ਅਤੇ ਸਿਹਤ ਕਮਜ਼ੋਰ ਪੈਣ ਕਾਰਨ ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਗੁਰਦਿਆਂ ਦੇ ਰੋਗ ਵਰਗੀਆਂ ਗ਼ੈਰ-ਲਾਗ ਵਾਲੀਆਂ ਬਿਮਾਰੀਆਂ ਹੋਰ ਵੀ ਗੰਭੀਰ ਹੋ ਜਾਂਦੀਆਂ ਹਨ। ਯੂਕਰੇਨ ਵਰਗੇ ਦੇਸ਼ਾਂ ਵਿੱਚ, ਜਿੱਥੇ ਵੱਡੀ ਆਬਾਦੀ ਬਜ਼ੁਰਗਾਂ ਦੀ ਹੈ, ਇਨ੍ਹਾਂ ਕਾਰਨਾਂ ਨਾਲ ਹੋਣ ਵਾਲੀਆਂ ਉਪਰੋਕਤ ਮੌਤਾਂ ਸਿੱਧੀ ਹਿੰਸਾ ਨਾਲ ਹੋਣ ਵਾਲੀਆਂ ਮੌਤਾਂ ਨਾਲੋਂ ਕਈ ਗੁਣਾ ਵੱਧ ਹੋ ਸਕਦੀਆਂ ਹਨ। ਪੱਛਮੀ ਏਸ਼ੀਆ ਵਿੱਚ ਹਾਲੀਆ ਟਕਰਾਅ ਮਨੁੱਖੀ ਮੌਤਾਂ ਬਾਰੇ ਹੋਰ ਵੀ ਸਪੱਸ਼ਟ ਕਰਦੇ ਹਨ। ਰਿਪੋਰਟਾਂ ਮੁਤਾਬਿਕ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਦੇ ਨਤੀਜੇ ਵਜੋਂ 70,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 20,000 ਤੋਂ ਵੱਧ ਬੱਚੇ ਸ਼ਾਮਿਲ ਹਨ। ਨਿਰਦੋਸ਼ ਜਾਨਾਂ ਦਾ ਇਸ ਤਰ੍ਹਾਂ ਹੁੰਦਾ ਘਾਣ ਜਾਇਜ਼ ਨਹੀਂ ਹੈ। ਜ਼ਖ਼ਮੀ ਅਤੇ ਸਦਮੇ ਵਾਲੇ ਬੱਚਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼, ਜਿਨ੍ਹਾਂ ਵਿੱਚੋਂ ਕਈ ਆਪਣੇ ਪਰਿਵਾਰ ਗੁਆ ਚੁੱਕੇ ਹਨ, ਬਹੁਤ ਹੀ ਦੁਖਦਾਈ ਹਨ। ਇਹ ਸਿਰਫ਼ ਇਮਾਰਤਾਂ ਅਤੇ ਹੋਰ ਜਾਨੀ-ਮਾਲੀ ਨੁਕਸਾਨ ਦਾ ਸਬੂਤ ਨਹੀਂ, ਸਗੋਂ ਇੱਕ ਗੰਭੀਰ ਮਾਨਸਿਕ ਸਿਹਤ ਸੰਕਟ ਦਾ ਸੰਕੇਤ ਹਨ। ਜੰਗ ਸਿਰਫ਼ ਧਮਾਕਿਆਂ ਨਾਲ ਖ਼ਤਮ ਨਹੀਂ ਹੁੰਦੀ। ਇਸ ਦੇ ਪ੍ਰਭਾਵ ਲੜਾਈ ਖ਼ਤਮ ਹੋਣ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਜਾਰੀ ਰਹਿੰਦੇ ਹਨ, ਜਿਵੇਂ ਖੁਰਾਕ ਦੀ ਸਪਲਾਈ ਵਿੱਚ ਵਿਘਨ, ਜ਼ਰੂਰੀ ਵਸਤਾਂ ਦੀ ਘਾਟ, ਸੰਚਾਰ ਅਤੇ ਆਵਾਜਾਈ ਪ੍ਰਣਾਲੀਆਂ ਦਾ ਟੁੱਟਣਾ। ਇਹ ਪ੍ਰਭਾਵ ਸਰਹੱਦਾਂ ਤੋਂ ਪਰ੍ਹੇ ਵੀ ਪੈਂਦੇ ਹਨ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਨੇ ਵਿਸ਼ਵ ਪੱਧਰੀ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਨਾਲ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਦੇਸ਼ ਵੀ ਪ੍ਰਭਾਵਿਤ ਹੋ ਰਹੇ ਹਨ। ਭਾਰਤ ਵਿੱਚ ਵੀ ਈਂਧਣ ਦੀ ਘਾਟ ਅਤੇ ਐੱਲ ਪੀ ਜੀ ਲਈ ਲੰਮੀਆਂ ਕਤਾਰਾਂ ਨੇ ਆਮ ਲੋਕਾਂ ਵਿੱਚ ਤਣਾਅ ਅਤੇ ਚਿੰਤਾ ਵਧਾ ਦਿੱਤੀ ਹੈ, ਜੋ ਦੱਸਦਾ ਹੈ ਕਿ ਜੰਗ ਦਾ ਮਾਨਸਿਕ ਸਿਹਤ ’ਤੇ ਅਸਰ ਕਿੰਨਾ ਵਿਆਪਕ ਹੁੰਦਾ ਹੈ। ਉਜਾੜਾ ਵੀ ਜੰਗ ਦਾ ਵੱਡਾ ਨਤੀਜਾ ਹੈ। ਅਨੁਮਾਨਾਂ ਅਨੁਸਾਰ, ਇਰਾਨ ਵਿੱਚ ਲੱਖਾਂ ਲੋਕ ਅੰਦਰੂਨੀ ਤੌਰ ’ਤੇ ਉੱਜੜੇ ਹਨ ਅਤੇ ਲੈਬਨਾਨ ਵਿੱਚ ਦਸ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਹ ਲੋਕ ਬੁਨਿਆਦੀ ਲੋੜਾਂ ਜਿਵੇਂ ਰਿਹਾਇਸ਼, ਪੋਸ਼ਣ, ਸਿੱਖਿਆ ਅਤੇ ਸਿਹਤ ਸੇਵਾਵਾਂ ਤੋਂ ਵਾਂਝੇ ਹੋ ਜਾਂਦੇ ਹਨ। ਸ਼ਰਨਾਰਥੀ ਕੈਂਪਾਂ ਵਿਚਲਾ ਜੀਵਨ ਉਨ੍ਹਾਂ ’ਚ ਗੰਭੀਰ ਸਿਹਤ ਸਮੱਸਿਆਵਾਂ ਸਾਹਮਣੇ ਲਿਆਉਂਦਾ ਹੈ, ਜਿਵੇਂ ਭੁੱਖ ਨਾਲ ਸਬੰਧਿਤ ਬਿਮਾਰੀਆਂ, ਦਸਤ, ਸਾਹ ਨਾਲ ਸਬੰਧਿਤ ਲਾਗ ਅਤੇ ਵਾਇਰਲ ਫੈਲਾਅ ਆਦਿ। ਅਕਸਰ ਸ਼ੂਗਰ ਅਤੇ ਦਿਲ ਨਾਲ ਸਬੰਧਿਤ ਬਿਮਾਰੀਆਂ ਦਾ ਇਲਾਜ ਨਹੀਂ ਹੋ ਸਕਦਾ, ਜਿਸ ਕਾਰਨ ਮੌਤਾਂ ਹੁੰਦੀਆਂ ਹਨ। ਹਾਲਾਂਕਿ, ਸਰੀਰਕ ਬਿਮਾਰੀਆਂ ਤੋਂ ਇਲਾਵਾ ਜੰਗ ਦਾ ਮਾਨਸਿਕ ਪ੍ਰਭਾਵ ਹੋਰ ਵੀ ਵਧੇਰੇ ਵਿਨਾਸ਼ਕਾਰੀ ਹੁੰਦਾ ਹੈ। ਹਿੰਸਾ ਨਾਲ ਲਗਾਤਾਰ ਡੂੰਘਾ ਅਤੇ ਲੰਮੇ ਸਮੇਂ ਤੱਕ ਰਹਿਣ ਵਾਲਾ ਸਦਮਾ ਲੱਗਦਾ ਹੈ। ਜਿਹੜੇ ਬੱਚੇ ਮੌਤ ਅਤੇ ਤਬਾਹੀ ਨੂੰ ਦੇਖਦੇ ਹਨ ਜਾਂ ਆਪਣੇ ਪਰਿਵਾਰ ਗੁਆ ਬੈਠਦੇ ਹਨ, ਉਨ੍ਹਾਂ ਵਿੱਚ ਲੰਮੇ ਸਮੇਂ ਵਾਲੀਆਂ ਜਜ਼ਬਾਤੀ ਸਮੱਸਿਆਵਾਂ ਵਿਕਸਿਤ ਹੋ ਜਾਂਦੀਆਂ ਹਨ। ਡਰ, ਬੇਵੱਸੀ ਅਤੇ ਅਸੁਰੱਖਿਆ ਦੀਆਂ ਭਾਵਨਾਵਾਂ ਵਿਆਪਕ ਹੋ ਜਾਂਦੀਆਂ ਹਨ। ਕਈ ਲੋਕ ਪੀ ਟੀ ਐੱਸ ਡੀ, ਚਿੰਤਾ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਡਰ ਲਗਾਤਾਰ ਬਣਿਆ ਰਹਿੰਦਾ ਹੈ ਕਿ ਉਹ ਜਾਂ ਉਨ੍ਹਾਂ ਦੇ ਪਿਆਰੇ ਅਗਲੇ ਹਮਲੇ ਵਿੱਚ ਬਚਣਗੇ ਜਾਂ ਨਹੀਂ। ਅਜਿਹੇ ਹਾਲਾਤ ਵਿੱਚ ਨਸ਼ੇ ਦੀ ਆਦਤ ਅਤੇ ਆਤਮਹੱਤਿਆ ਵਾਲੀਆਂ ਪ੍ਰਵਿਰਤੀਆਂ ਵਰਗੇ ਮਾਨਸਿਕ ਅਤੇ ਵਿਹਾਰਕ ਰੋਗ ਤੇਜ਼ੀ ਨਾਲ ਵਧਦੇ ਹਨ। ਹਿੰਸਾ ਦਾ ਪ੍ਰਭਾਵ ਹਰ ਉਮਰ ਦੇ ਲੋਕਾਂ ’ਤੇ ਲੰਮੇ ਸਮੇਂ ਤੱਕ ਰਹਿੰਦਾ ਹੈ। ਹਿੰਸਾ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਨੂੰ ਸਰੀਰਕ ਜ਼ਖ਼ਮਾਂ ਦੇ ਨਾਲ-ਨਾਲ ਡਿਪਰੈਸ਼ਨ ਅਤੇ ਆਤਮਘਾਤੀ ਵਿਚਾਰਾਂ ਵਰਗੀਆਂ ਮਾਨਸਿਕ ਸਮੱਸਿਆਵਾਂ ਦਾ ਵਧੇਰੇ ਖ਼ਤਰਾ ਹੁੰਦਾ ਹੈ। ਬਜ਼ੁਰਗ, ਜਿਨ੍ਹਾਂ ਨੂੰ ਅਕਸਰ ਸੰਕਟ ਦੇ ਦੌਰ ਵਿੱਚ ਅਣਗੌਲਿਆ ਕਰ ਦਿੱਤਾ ਜਾਂਦਾ ਹੈ, ਸ਼ੋਸ਼ਣ, ਤਣਾਅ ਅਤੇ ਚਿੰਤਾ ਦੇ ਵਧੇਰੇ ਖ਼ਤਰੇ ਦਾ ਸਾਹਮਣਾ ਕਰਦੇ ਹਨ। ਅਜਿਹੇ ਭਿਆਨਕ ਹਾਲਾਤ ਦੇ ਬਾਵਜੂਦ ਮਨੁੱਖੀ ਹੌਸਲਾ ਕਾਇਮ ਰਹਿੰਦਾ ਹੈ। ਬਚੇ ਰਹਿਣ ਦੀ ਇੱਛਾ ਸ਼ਕਤੀ ਮਨੁੱਖਤਾ ਦੀਆਂ ਸਭ ਤੋਂ ਮਜ਼ਬੂਤ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਹਿਟਲਰ ਦੇ ਤਸੀਹਾ ਕੇਂਦਰਾਂ ਵਿੱਚੋਂ ਬਚ ਨਿਕਲੇ ਮਨੋਵਿਗਿਆਨੀ ਵਿਕਟਰ ਫਰੈਂਕਲ ਨੇ ਦਿਖਾਇਆ ਸੀ ਕਿ ਆਸ ਸਭ ਤੋਂ ਮੁਸ਼ਕਿਲ ਹਾਲਾਤ ਵਿੱਚ ਵੀ ਜੀਵਨ ਨੂੰ ਕਾਇਮ ਰੱਖ ਸਕਦੀ ਹੈ। ਉਨ੍ਹਾਂ ਦੇ ਕੰਮ ਨੇ ਦਰਸਾਇਆ ਕਿ ਹੌਸਲਾ ਵਿਅਕਤੀ ਨੂੰ ਔਖੀ ਤੋਂ ਔਖੀ ਘੜੀ ਵਿੱਚ ਵੀ ਬਚਾ ਸਕਦਾ ਹੈ। ਅੱਜ ਜੰਗ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੇ ਸਿਹਤ ਕਰਮਚਾਰੀ, ਖ਼ਾਸਕਰ ਗਾਜ਼ਾ ਵਰਗੀਆਂ ਥਾਵਾਂ ਵਿੱਚ, ਹੌਸਲੇ ਦੀ ਮਿਸਾਲ ਹਨ। ਅਸੰਭਵ ਹਾਲਾਤ ਵਿੱਚ ਕੰਮ ਕਰਦੇ ਹੋਏ ਉਹ ਜਾਨਾਂ ਬਚਾਉਂਦੇ ਅਤੇ ਲੋਕਾਂ ਨੂੰ ਆਸ ਦੀ ਕਿਰਨ ਦਿਖਾਉਂਦੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਤਬਾਹੀ ਦੇ ਵਿਚਕਾਰ ਵੀ ਮਨੁੱਖਤਾ ਜ਼ਿੰਦਾ ਰਹਿੰਦੀ ਹੈ। ਜੰਗ ਸਿਰਫ਼ ਇੱਕ ਭੂ-ਸਿਆਸੀ ਘਟਨਾ ਨਹੀਂ ਹੈ ਸਗੋਂ ਇਹ ਇੱਕ ਗੰਭੀਰ ਜਨ ਸਿਹਤ ਸੰਕਟ ਹੈ, ਖ਼ਾਸ ਕਰ ਕੇ ਮਾਨਸਿਕ ਸਿਹਤ ਦੇ ਸੰਦਰਭ ਵਿੱਚ। ਇਸ ਦੇ ਨਿਸ਼ਾਨ ਸਿਰਫ਼ ਧਰਤੀ ’ਤੇ ਹੀ ਨਹੀਂ, ਸਗੋਂ ਲੋਕਾਂ ਦੇ ਮਨਾਂ ਵਿੱਚ ਵੀ ਡੂੰਘੇ ਉੱਕਰੇ ਜਾਂਦੇ ਹਨ। ਇਨ੍ਹਾਂ ਅਦਿੱਖ ਜ਼ਖ਼ਮਾਂ ਦਾ ਇਲਾਜ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਭੌਤਿਕ ਢਾਂਚੇ ਦਾ ਮੁੜ ਨਿਰਮਾਣ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਪਰਮਾਣੂ ਸੰਘਰਸ਼ ਵਿੱਚ ਬਦਲਣ ਦਾ ਗੰਭੀਰ ਖ਼ਤਰਾ ਹੈ। ਸੰਯੁਕਤ ਰਾਜ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਲਈ ਹਾਰ ਨੂੰ ਸਵੀਕਾਰ ਕਰਨਾ ਮੁਸ਼ਕਿਲ ਹੈ, ਜਿਸ ਨਾਲ ਤਣਾਅ ਹੋਰ ਵਧ ਸਕਦਾ ਹੈ। ਜੇ ਸਥਿਤੀ ਹੋਰ ਵਿਗੜਦੀ ਹੈ ਤਾਂ ਕਿਸੇ ਵੀ ਪਾਸੇ ਵੱਲੋਂ ਪ੍ਰਮਾਣੂ ਹਥਿਆਰਾਂ ਦੇ ਇਸਤੇਮਾਲ ਨਾਲ ਵਿਸ਼ਵ ਪੱਧਰੀ ਤਬਾਹੀ ਹੋ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਇਸ ਸਮੇਂ ਸੰਯੁਕਤ ਰਾਸ਼ਟਰ ਹੀ ਇਕਮਾਤਰ ਵਿਸ਼ਵ ਪੱਧਰੀ ਸੰਸਥਾ ਹੈ, ਜੋ ਤਣਾਅ ਘਟਾਉਣ ਵਿੱਚ ਭੂਮਿਕਾ ਨਿਭਾਅ ਸਕਦੀ ਹੈ। ਇਸ ਨੂੰ ਪਹਿਲ ਕਰਦੇ ਹੋਏ ਜੰਗ ਕਰਨ ਵਾਲੀਆਂ ਧਿਰਾਂ ਨੂੰ ਗੱਲਬਾਤ ਲਈ ਇਕੱਠੇ ਬਿਠਾਉਣਾ ਚਾਹੀਦਾ ਹੈ ਅਤੇ ਟਕਰਾਅ ਦਾ ਸ਼ਾਂਤਮਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹੜੇ ਦੇਸ਼ ਇਸ ਜੰਗ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹਨ, ਪਰ ਇਸ ਦੇ ਪ੍ਰਭਾਵਾਂ ਨਾਲ ਪੀੜਤ ਹਨ, ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਅਤੇ ਇਸ ਜੰਗ ਨੂੰ ਖ਼ਤਮ ਕਰਨ ਲਈ ਅਗਵਾਈ ਕਰਨੀ ਚਾਹੀਦੀ ਹੈ। ਅੰਤ ਵਿੱਚ ਸਬਕ ਸਪੱਸ਼ਟ ਹੈ: ਕੋਈ ਵੀ ਸਮਾਜ ਜੰਗ ਦੀ ਮਨੁੱਖੀ ਅਤੇ ਮਾਨਸਿਕ ਕੀਮਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅਮਨ ਸਿਰਫ਼ ਰਾਜਨੀਤਕ ਇੱਛਾ ਨਹੀਂ, ਇਹ ਜਨ ਸਿਹਤ ਦੀ ਅਹਿਮ ਲੋੜ ਹੈ।

Leave a Comment

Your email address will not be published. Required fields are marked *