IMG-LOGO
Home News index.html
ਰਾਜਨੀਤੀ

ਖੇਤੀ ਵਿਗਿਆਨ ਤੇ ਵਿਸਾਖੀ ਦਾ ਸੁਮੇਲ

by Admin - 2026-04-10 22:58:56 0 Views 0 Comment
IMG
ਡਾ. ਸਤਬੀਰ ਸਿੰਘ ਗੋਸਲ ਵਿਸਾਖੀ ਦੇ ਤਿਉਹਾਰ ਦੇ ਨਾਲ ਹੀ ਮਨ ਵਿੱਚ ਪੰਜਾਬ ਦੇ ਖੇਤਾਂ ’ਚ ਕਣਕ ਦੀ ਸੁਨਹਿਰੀ ਆਭਾ ਉਭਰਦੀ ਹੈ। ਕਿਸਾਨ ਵਾਢੀ ਲਈ ਤਿਆਰ ਹੁੰਦੇ ਹਨ ਅਤੇ ਆਪਣੇ ਕੰਬਾਈਨ ਹਾਰਵੈਸਟਰ ਤਿਆਰ ਕਰਦੇ ਹਨ। ਸਮੁੱਚੇ ਸਮਾਜ ਦੇ ਦਿਲ ਮੇਲੇ ਦੀ ਖੁਸ਼ੀ ਨਾਲ ਭਰ ਜਾਂਦੇ ਹਨ, ਜੋ ਪੀੜ੍ਹੀਆਂ ਤੋਂ ਫ਼ਸਲ ਦੇ ਘਰ ਆਉਣ ਤੋਂ ਬਾਅਦ ਆਉਂਦੀ ਰਹੀ ਹੈ। ਵਿਸਾਖੀ, ਸਿੱਖ ਧਰਮ ਵਿੱਚ ਨਵ ਮਨੁੱਖ ਦੀ ਸਾਜਨਾ ਦਾ ਤਿਉਹਾਰ ਰਵਾਇਤੀ ਤੌਰ ’ਤੇ ਹਾੜ੍ਹੀ ਦੀ ਫ਼ਸਲ ਦੀ ਵਾਢੀ ਦਾ ਸੰਕੇਤ ਦਿੰਦਾ ਹੈ, ਹਾਲਾਂਕਿ ਇਸ ਵਰ੍ਹੇ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਰਾਜ ਦੇ ਕੁਝ ਹਿੱਸਿਆਂ ਵਿੱਚ ਵਾਢੀ ਦੇ ਕਾਰਜ ਵਿੱਚ ਥੋੜ੍ਹੀ ਦੇਰੀ ਹੋ ਗਈ ਹੈ, ਪਰ ਕਿਸਾਨਾਂ ਵਿੱਚ ਫ਼ਸਲ ਨਾਲ ਜੁੜਿਆ ਉਤਸ਼ਾਹ ਅਜੇ ਵੀ ਚੜ੍ਹਦੀ ਕਲਾ ਵਿੱਚ ਹੈ। ਇਸ ਖੁਸ਼ਹਾਲੀ ਦੇ ਕੇਂਦਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੇਤੀ ਵਿਗਿਆਨ ਖਲੋਤਾ ਦਿਸਦਾ ਹੈ। ਪੀ ਏ ਯੂ ਉਹ ਸੰਸਥਾ ਹੈ ਜਿਸਨੇ ਛੇ ਦਹਾਕੇ ਪਹਿਲਾਂ ਭਾਰਤ ਦੀ ਹਰੀ ਕ੍ਰਾਂਤੀ ਦੇ ਬੀਜ ਬੀਜੇ ਸਨ ਅਤੇ ਅੱਜ ਵੀ ਅਤਿ-ਆਧੁਨਿਕ ਵਿਗਿਆਨ, ਖੇਤੀ ਹੁਨਰ-ਵਿਕਾਸ ਅਤੇ ਫ਼ਸਲ ਉਤਪਾਦਾਂ ਦੇ ਮੁੱਲ-ਵਾਧੇ ਦੀਆਂ ਪਹਿਲਕਦਮੀਆਂ ਨਾਲ ਰਾਜ ਦੀ ਕਿਸਾਨੀ ਅਤੇ ਕਿਸਾਨਾਂ ਦੀ ਅਗਵਾਈ ਜਾਰੀ ਰੱਖੀ ਹੋਈ ਹੈ। ਆਪਣੀ ਸਥਾਪਤੀ ਤੋਂ ਹੀ ਪੀ ਏ ਯੂ ਦਾ ਮੰਤਵ ਬੜਾ ਸਾਫ਼ ਅਤੇ ਸਪੱਸ਼ਟ ਰਿਹਾ ਹੈ: ਭਾਰਤ ਨੂੰ ਅਨਾਜ ਦੀ ਘਾਟ ਵਾਲੇ ਦੇਸ਼ ਤੋਂ ਅੰਨ ਪੱਖੋਂ ਸਵੈ-ਨਿਰਭਰ ਦੇਸ਼ ਵਿੱਚ ਬਦਲਣਾ। ਲਾਇਲਪੁਰ (ਹੁਣ ਫ਼ੈਸਲਾਬਾਦ) ਵਿਖੇ ਪੰਜਾਬ ਖੇਤੀਬਾੜੀ ਕਾਲਜ ਵਿੱਚ ਆਪਣੀਆਂ ਜੜ੍ਹਾਂ ਤੋਂ ਪ੍ਰਫੁੱਲਿਤ ਹੋਈ ਯੂਨੀਵਰਸਿਟੀ ਜਲਦੀ ਹੀ ਖੇਤੀਬਾੜੀ ਪੁਨਰ-ਜਾਗਰਣ ਦਾ ਕੇਂਦਰ ਬਣ ਗਈ। ਸੱਠਵਿਆਂ ਦੇ ਦਹਾਕੇ ਵਿੱਚ, ਇਸਦੇ ਵਿਗਿਆਨੀਆਂ ਨੇ ਉੱਚ-ਉਪਜ ਦੇਣ ਵਾਲੀਆਂ ਮੈਕਸੀਕਨ ਕਣਕ ਦੀਆਂ ਕਿਸਮਾਂ ਨੂੰ ਸਥਾਨਕ ਸਥਿਤੀਆਂ ਦੇ ਅਨੁਸਾਰ ਢਾਲਿਆ, ਉਹਨਾਂ ਨੂੰ ਸੁਧਰੇ ਹੋਏ ਖੇਤੀਬਾੜੀ ਅਭਿਆਸਾਂ ਨਾਲ ਭਰਪੂਰ ਕੀਤਾ ਅਤੇ ਉਹਨਾਂ ਦੀ ਅਜ਼ਮਾਇਸ਼ ਕਿਸਾਨਾਂ ਦੇ ਖੇਤਾਂ ਵਿੱਚ ਕੀਤੀ। ਇਸਦਾ ਨਤੀਜਾ ਇੱਕ ਕ੍ਰਾਂਤੀ ਤੋਂ ਘੱਟ ਨਹੀਂ ਸੀ। ਪੰਜਾਬ, ਭਾਰਤ ਦੇ ਭੂਗੋਲਿਕ ਖੇਤਰ ਦੇ ਸਿਰਫ 1.53 ਫ਼ੀਸਦੀ ਦੇ ਨਾਲ ਹੁਣ ਦੇਸ਼ ਦੇ ਕਣਕ ਦਾ ਲਗਪਗ 60 ਫ਼ੀਸਦੀ ਅਤੇ ਝੋਨੇ ਦਾ 45 ਫ਼ੀਸਦੀ ਕੇਂਦਰੀ ਪੂਲ ਵਿੱਚ ਯੋਗਦਾਨ ਪਾਉਂਦਾ ਹੈ। ਅੱਜ ਰਾਜ ਦੇ ਕਣਕ ਖੇਤਰ ਦਾ 95 ਫ਼ੀਸਦੀ ਅਤੇ ਇਸ ਦੇ ਝੋਨੇ ਦੇ ਖੇਤਰ ਦਾ 60 ਫ਼ੀਸਦੀ ਪੀ ਏ ਯੂ ਵਲੋਂ ਵਿਕਸਿਤ ਕੀਤੀਆਂ ਕਿਸਮਾਂ ਦੇ ਅਧੀਨ ਹੈ। ਯੂਨੀਵਰਸਿਟੀ ਨੇ 991 ਸੁਧਰੀਆਂ ਅਤੇ ਹਾਈਬ੍ਰਿਡ ਕਿਸਮਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 250 ਰਾਸ਼ਟਰੀ ਪੱਧਰ ’ਤੇ ਹਨ। ਇਸ ਤਰ੍ਹਾਂ ਇਸ ਨੂੰ ‘ਹਰੀ ਕ੍ਰਾਂਤੀ ਦਾ ਧੁਰਾ’ ਜਿਹਾ ਵਿਸ਼ੇਸ਼ਣ ਪ੍ਰਾਪਤ ਹੋਇਆ ਹੈ। ਸ਼ੁਰੂਆਤੀ ਸਾਲਾਂ ਤੋਂ ਲੈ ਕੇ ਅੱਜ ਦੀ ਤਕਨੀਕੀ ਖੇਤੀਬਾੜੀ ਤੱਕ ਦਾ ਸਫ਼ਰ ਨਿਰੰਤਰ ਵਿਕਾਸ ਦਾ ਜ਼ਾਮਨ ਰਿਹਾ ਹੈ। ਪੀ ਏ ਯੂ ਨੇ 1967 ਵਿੱਚ ਕਿਸਾਨ ਮੇਲਿਆਂ ਦੀ ਸ਼ੁਰੂਆਤ ਕੀਤੀ, ਜੋ ਦੇਸ਼ ਦੇ ਪਹਿਲੇ ਕਿਸਾਨ ਮੇਲੇ ਸਨ। ਖੇਤੀ ਖੋਜ ਨੂੰ ਸਿੱਧੇ ਕਿਸਾਨਾਂ ਦੇ ਖੇਤਾਂ ਤਕ ਲਿਜਾਣ ਦੀ ਸ਼ੁਰੂਆਤ ਇਨ੍ਹਾਂ ਮੇਲਿਆਂ ਨਾਲ ਹੋਈ। ਪੀ ਏ ਯੂ ਨੇ ਖੇਤੀ ਮਸ਼ੀਨੀਕਰਨ ਦੀ ਅਗਵਾਈ ਕੀਤੀ, ਪੰਜਾਬ ਨੂੰ ਭਾਰਤ ਦੇ ‘ਖੇਤੀ ਮਸ਼ੀਨਰੀ ਧੁਰੇ’ ਵਿੱਚ ਬਦਲ ਦਿੱਤਾ। ਪੀ ਏ ਯੂ ਹੈਪੀ ਸੀਡਰ ਦੇ ਵਿਕਾਸ ਨਾਲ ਪਰਾਲੀ ਦੀ ਸੰਭਾਲ ਨੂੰ ਵੱਡਾ ਹੁਲਾਰਾ ਮਿਲਿਆ, ਇਸ ਨਾਲ ਵਾਤਾਵਰਨ ਪੱਖੀ ਖੇਤੀ ਕੇਂਦਰ ਵਿੱਚ ਆਈ, ਪਰਾਲੀ ਸਾੜਨ ਦਾ ਰੁਝਾਨ ਘਟਿਆ ਅਤੇ ਮਿੱਟੀ ਦੀ ਸਿਹਤ ਸੁਰੱਖਿਆ ਯਕੀਨੀ ਬਣੀ ਹੈ। ਯੂਨੀਵਰਸਿਟੀ ਨੇ ਇਤਾਲਵੀ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਮਧੂ-ਮੱਖੀ ਪਾਲਣ ਵਿੱਚ ਮੋਹਰੀ ਬਣ ਗਿਆ ਅਤੇ ਦੁਨੀਆ ਦੇ ਪਹਿਲੇ ਹਾਈਬ੍ਰਿਡ ਅਨਾਜ ਮੋਤੀ ਬਾਜਰੇ ਤੋਂ ਲੈ ਕੇ ਘੱਟ-ਬੀਜ ਵਾਲੇ ਪੀ ਏ ਯੂ ਕਿੰਨੂ-1 ਤੱਕ ਦੀਆਂ ਖੋਜਾਂ ਪੰਜਾਬ ਦੀ ਖੇਤੀਬਾੜੀ ਨੂੰ ਅਗਾਂਹਵਧੂ ਬਣਾਉਣ ਵਿੱਚ ਸਹਾਈ ਹੋਈਆਂ। ਭਵਿੱਖਮੁਖੀ ਲੋੜਾਂ ਦੇ ਅਨੁਸਾਰ ਮਜ਼ਦੂਰਾਂ ਦੀ ਘਾਟ, ਜਲਵਾਯੂ ਪਰਿਵਰਤਨ, ਪਾਣੀ ਦੀ ਘਾਟ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੀਆਂ ਚੁਣੌਤੀਆਂ ਨੂੰ ਪਛਾਣਦੇ ਹੋਏ ਪੀ ਏ ਯੂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕੀਤਾ। ਖੇਤੀਬਾੜੀ ਪ੍ਰੋਸੈਸਿੰਗ, ਖੇਤੀਬਾੜੀ-ਮਾਰਕੀਟਿੰਗ, ਖੇਤੀਬਾੜੀ ਉੱਦਮ ਅਤੇ ਸਮਾਰਟ ਤਕਨਾਲੋਜੀਆਂ ਵੱਲ ਵੀ ਜ਼ੋਰਦਾਰ ਕਦਮ ਵਧਾਏ ਗਏ ਹਨ। ਇਸ ਦੇ ਅਨੁਸਾਰ ਪੀ ਏ ਯੂ ਨੇ 2015 ਵਿੱਚ ਰਾਸ਼ਟਰੀ ਹੁਨਰ ਵਿਕਾਸ ਮਿਸ਼ਨ ਤਹਿਤ ਖੇਤੀਬਾੜੀ ਵਿੱਚ ਪੰਜਾਬ ਦਾ ਪਹਿਲਾ ਹੁਨਰ ਵਿਕਾਸ ਕੇਂਦਰ ਸਥਾਪਤ ਕੀਤਾ। ਭਾਰਤੀ ਖੇਤੀਬਾੜੀ ਹੁਨਰ ਪ੍ਰੀਸ਼ਦ ਅਤੇ ਫੂਡ ਉਦਯੋਗ ਇਨਕਿਊਬੇਸ਼ਨ ਸਮਰੱਥਾ ਅਤੇ ਹੁਨਰ ਪਹਿਲਕਦਮੀ ਦੁਆਰਾ ਸਿਖਿਆਰਥੀਆਂ ਦੀ ਸਿਖਲਾਈ ਪ੍ਰੋਗਰਾਮ ਵਜੋਂ ਮਾਨਤਾ ਪ੍ਰਾਪਤ ਇਹ ਕੇਂਦਰ ਪ੍ਰਯੋਗਸ਼ਾਲਾਵਾਂ ਅਤੇ ਖੇਤਾਂ ਵਿਚਕਾਰ ਪੁਲ ਸਥਾਪਿਤ ਕਰਨ ਦਾ ਕੰਮ ਕਰਦਾ ਹੈ। ਪੀ ਏ ਯੂ ਵਿਖੇ ਸਕਿਲ ਡਿਵੈਲਪਮੈਂਟ ਸੈਂਟਰ ਉਤਪਾਦਨ ਵਧਾਉਣ, ਖੇਤੀ ਆਮਦਨ ਵਧਾਉਣ ਅਤੇ ਖੇਤੀਬਾੜੀ ਤੇ ਸਹਾਇਕ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉੱਦਮੀ ਹੁਨਰ ਬਣਾਉਣ ਵੱਲ ਕੇਂਦਰਿਤ ਹੈ। ਆਪਣੇ ਥੋੜ੍ਹੇ ਸਮੇਂ ਦੇ ਕਿੱਤਾਮੁਖੀ ਸਿਖਲਾਈ ਪ੍ਰੋਗਰਾਮਾਂ ਰਾਹੀਂ, ਇਹ ਮੁੱਲ ਵਾਧੇ ਅਤੇ ਛੋਟੇ-ਪੱਧਰ ਦੇ ਉੱਦਮਾਂ ਵਿੱਚ ਵਿਹਾਰਕ ਹੁਨਰਾਂ ਰਾਹੀਂ ਨੌਜਵਾਨਾਂ ਨੂੰ ਮਾਹਿਰ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ। ਭਾਗੀਦਾਰਾਂ ਨੂੰ ਮੰਡੀ ਅਨੁਸਾਰ ਹੁਨਰਾਂ ਨਾਲ ਭਰਪੂਰ ਕਰਕੇ ਇਹ ਕੇਂਦਰ ਰਵਾਇਤੀ ਕਿਸਾਨਾਂ ਨੂੰ ਭਰੋਸੇਮੰਦ ਖੇਤੀਬਾੜੀ ਉੱਦਮੀਆਂ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਆਮਦਨ ਦੀਆਂ ਨਵੀਆਂ ਧਾਰਾਵਾਂ ਦੀ ਖੋਜ ਕਰਨ ਦੇ ਸਮਰੱਥ ਬਣਾਉਂਦਾ ਹੈ। ਸਕਿਲ ਡਿਵੈਲਪਮੈਂਟ ਸੈਂਟਰ ਦੇ ਨਾਲ ਹੀ ਪੀ ਏ ਯੂ ਦਾ ਫੂਡ ਇੰਡਸਟਰੀ ਬਿਜ਼ਨਸ ਇਨਕਿਊਬੇਸ਼ਨ ਸੈਂਟਰ ਖਾਸ ਤੌਰ ’ਤੇ ਮਹੱਤਵਪੂਰਨ ਹੈ, ਜਿਸਦੀ ਸਥਾਪਨਾ 2015 ਵਿੱਚ ਓਹਾਇਓ ਸਟੇਟ ਯੂਨੀਵਰਸਿਟੀ, ਅਮਰੀਕਾ ਦੇ ਤਕਨੀਕੀ ਮਾਰਗਦਰਸ਼ਨ ਨਾਲ ਕੀਤੀ ਗਈ ਸੀ। ਭੋਜਨ ਵਿਗਿਆਨ ਅਤੇ ਤਕਨਾਲੋਜੀ ਕੰਪਲੈਕਸ ਦੇ ਅੰਦਰ ਸਥਿਤ ਇਹ ਇਨਕਿਊਬੇਸ਼ਨ ਸੈਂਟਰ ਨੌਜਵਾਨ ਉੱਦਮੀਆਂ, ਕਿਸਾਨਾਂ, ਸੂਖਮ ਅਤੇ ਛੋਟੇ ਉੱਦਮਾਂ, ਸਵੈ-ਸਹਾਇਤਾ ਸਮੂਹਾਂ ਅਤੇ ਪੇਂਡੂ ਨੌਜਵਾਨਾਂ ਨੂੰ ਛੋਟੇ ਅਤੇ ਦਰਮਿਆਨੇ ਉੱਦਮਾਂ ਵਾਸਤੇ ਅਤਿ-ਆਧੁਨਿਕ ਇਨਕਿਊਬੇਸ਼ਨ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸਦੇ ਮੁੱਖ ਉਦੇਸ਼ਾਂ ਵਿੱਚ ਖੇਤੀਬਾੜੀ ਉਪਜ ਦੇ ਮੁੱਲ ਵਾਧੇ (ਫਲਾਂ, ਸਬਜ਼ੀਆਂ ਅਤੇ ਅਨਾਜ-ਅਧਾਰਤ ਉਤਪਾਦਾਂ ’ਤੇ ਵਿਸ਼ੇਸ਼ ਜ਼ੋਰ ਦੇ ਨਾਲ) ਲਈ ਹੱਥੀਂ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ, ਪੀ ਏ ਯੂ ਵੱਲੋਂ ਵਿਕਸਤ ਤਕਨਾਲੋਜੀਆਂ ਦਾ ਪਸਾਰ, ਯੂਨੀਵਰਸਿਟੀ, ਕਿਸਾਨਾਂ ਅਤੇ ਭੋਜਨ ਉਦਯੋਗ ਵਿਚਕਾਰ ਸਬੰਧ ਵਿਕਸਤ ਕਰਨਾ ਅਤੇ ਥੋੜ੍ਹੇ ਸਮੇਂ ਦੇ ਸਿਖਲਾਈ ਪ੍ਰੋਗਰਾਮ ਅਤੇ ਉੱਦਮਤਾ ਵਿਕਾਸ ਕੋਰਸ ਕਰਵਾਉਣਾ ਸ਼ਾਮਲ ਹੈ। ਵਪਾਰੀਕਰਨ ਲਈ ਕਈ ਤਕਨਾਲੋਜੀਆਂ ਪਹਿਲਾਂ ਹੀ ਯੋਗ ਭਾਗੀਦਾਰਾਂ ਤਕ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਕੇਂਦਰ ਨੇ ਉਤਪਾਦਨ ਵਧਾਉਣ ਵਿੱਚ ਕਈ ਉਤਪਾਦਕਾਂ ਅਤੇ ਖੇਤੀ ਉਦਮੀਆਂ ਦਾ ਸਮਰਥਨ ਕੀਤਾ ਹੈ। ਇਹ ਸਹੂਲਤ ਭਾਗੀਦਾਰਾਂ ਨੂੰ ਭੋਜਨ ਪ੍ਰੋਸੈਸਿੰਗ, ਸੰਭਾਲ ਅਤੇ ਕਾਰੋਬਾਰੀ ਕਾਰਜਾਂ ਵਿੱਚ ਵਿਹਾਰਕ ਹੁਨਰਾਂ ਦੀ ਸਿਖਲਾਈ ਦੇ ‘ਹੁਨਰ ਵਿਕਾਸ ਕੇਂਦਰ’ ਦੇ ਕਾਰਜਾਂ ਦੀ ਪ੍ਰੋੜਤਾ ਕਰਦੀ ਹੈ। ਅਜੋਕੇ ਸਮੇਂ ਵਿਚ ਪੀ ਏ ਯੂ ਦਾ ਜ਼ੋਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਅਤੇ ਡਿਜੀਟਲ ਔਜ਼ਾਰਾਂ ਨੂੰ ਅਪਣਾਉਣ ਵਿੱਚ ਸਭ ਤੋਂ ਵੱਧ ਦਿਖਾਈ ਦਿੰਦਾ ਹੈ। ਪੀ ਏ ਯੂ ਦਾ ਸਕੂਲ ਆਫ਼ ਡਿਜੀਟਲ ਇਨੋਵੇਸ਼ਨਜ਼ ਫੌਰ ਸਮਾਰਟ ਐਗਰੀਕਲਚਰ, ਏਆਈ-ਸੰਚਾਲਿਤ ਹੱਲ, ਅੰਕੜਾ ਵਿਸ਼ਲੇਸ਼ਣ ਅਤੇ ਆਈ ਓ ਟੀ-ਸੰਚਾਲਿਤ ਸੇਵਾਵਾਂ ਵਿਕਸਤ ਕਰ ਰਿਹਾ ਹੈ। ਪੀ ਏ ਯੂ ਨੇ ਬੀਤੇ ਦਿਨੀਂ ਏ ਆਈ-ਸੰਚਾਲਿਤ ਆਟੋ-ਸਟੀਅਰਿੰਗ ਟਰੈਕਟਰ ਜਾਰੀ ਕੀਤਾ ਹੈ, ਜੋ ਮਨੁੱਖੀ ਸੰਚਾਲਨ ਤੋਂ ਬਿਨਾਂ ਖੇਤਾਂ ਦੀ ਵਹਾਈ ਕਰਦਾ ਹੈ। ਆਈ ਓ ਟੀ-ਆਧਾਰਿਤ ਸੂਖਮ ਸਿੰਜਾਈ ਪ੍ਰਣਾਲੀਆਂ ਅਸਲ ਸਮੇਂ ਵਿੱਚ ਮਿੱਟੀ ਦੀ ਨਮੀ, ਮੌਸਮ ਅਤੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਕੇ ਰਾਜ ਦੇ ਕੀਮਤੀ ਪਾਣੀ ਦੀ ਬੱਚਤ ਦਾ ਕਾਰਜ ਕਰਦੀਆਂ ਹਨ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਰਿਮੋਟ ਪਾਇਲਟ ਸਿਖਲਾਈ ਸੰਗਠਨ ਦੁਆਰਾ ਡਰੋਨ ਤਕਨਾਲੋਜੀ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਰਿਹਾ ਹੈ, ਜੋ ਪੇਂਡੂ ਨੌਜਵਾਨਾਂ ਨੂੰ ਫ਼ਸਲਾਂ ਦੀ ਜਾਂਚ, ਨਿਸ਼ਾਨਾਬੱਧ ਛਿੜਕਾਅ ਅਤੇ ਉਪਜ ਅਨੁਮਾਨ ਲਈ ਮਨੁੱਖ ਰਹਿਤ ਡਰੋਨ ਦੀ ਵਰਤੋਂ ਕਰਨਾ ਸਿਖਾਉਂਦੀ ਹੈ। 2025 ਵਿੱਚ ਪੀ ਏ ਯੂ ਦੇ ਸਾਬਕਾ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ‘ਏ ਆਈ ਸਾਖਰਤਾ ਪ੍ਰਾਜੈਕਟ’ ਪਹਿਲਾਂ ਹੀ 18,000 ਤੋਂ ਵੱਧ ਕਿਸਾਨਾਂ, ਵਿਦਿਆਰਥੀਆਂ ਅਤੇ ਖੇਤੀਬਾੜੀ ਉੱਦਮੀਆਂ ਤੱਕ ਪਹੁੰਚ ਕਰ ਚੁੱਕਾ ਹੈ ਅਤੇ ਉਨ੍ਹਾਂ ਨੂੰ ਡਿਜੀਟਲ ਮਾਰਕੀਟਿੰਗ ਹੁਨਰਾਂ ਅਤੇ ਭਵਿੱਖਮੁਖੀ ਮੁਹਾਰਤ ਨਾਲ ਲੈਸ ਕਰ ਰਿਹਾ ਹੈ। ਅੱਜ ਦੀ ਵਿਸਾਖੀ ਫ਼ਸਲ ਘਰ ਆਉਣ ਦੀ ਖੁਸ਼ੀ ਦਾ ਰਵਾਇਤੀ ਤਰੀਕਾ ਅਤੇ ਸਦੀਆਂ ਤੋਂ ਚੱਲਿਆ ਆਉਂਦਾ ਢੰਗ ਹੀ ਨਹੀਂ ਬਲਕਿ ਇਹ ਵਿਗਿਆਨਿਕ ਖੇਤੀ ਦਾ ਵਿਹਾਰਕ ਮਾਰਗ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਕਿਸਾਨਾਂ ਨੂੰ ਸਿਰਫ ਉਤਪਾਦਨ ਦੀ ਥਾਂ ਮੰਡੀ ਆਧਾਰਿਤ ਪੋਸ਼ਕ ਉਤਪਾਦਾਂ ਦੀ ਮੰਗ ਅਤੇ ਖੇਤੀ ਕਾਰੋਬਾਰ ਨਾਲ ਜੋੜਨ ਦੀ ਪੀ ਏ ਯੂ ਦੀ ਮਨਸ਼ਾ ਦਾ ਪ੍ਰਗਟਾਵਾ ਕਰਦੀ ਹੈ। ਇਹ ਉਹੀ ਭਾਵਨਾ ਹੈ ਜਿਸ ਨੇ ਪੀ ਏ ਯੂ ਨੂੰ ਹਰੀ ਕ੍ਰਾਂਤੀ ਲਿਆਉਣ ਲਈ ਅਗਵਾਈ ਕਰਨ ਵਾਸਤੇ ਪ੍ਰੇਰਿਤ ਕੀਤਾ ਸੀ। ਹੁਣ ਇੱਕ ਨਵੀਂ ਵਿਗਿਆਨ ਆਧਾਰਿਤ ਖੇਤੀ ਕ੍ਰਾਂਤੀ ਦੀ ਮਸ਼ਾਲ ਵੀ ਪੀ ਏ ਯੂ ਦੇ ਹੱਥਾਂ ਵਿੱਚ ਹੈ ਅਤੇ ਪੰਜਾਬ ਦੇ ਕਿਸਾਨ ਆਪਣੀਆਂ ਉਮੀਦਾਂ ਭਰੀਆਂ ਅੱਖਾਂ ਨਾਲ ਇਸ ਸੰਸਥਾ ਵੱਲ ਦੇਖ ਰਹੇ ਹਨ। ਪੀ ਏ ਯੂ ਦੇ ਕਿਸਾਨ ਮੇਲਿਆਂ ਵਿੱਚ ਆਉਣ ਵਾਲੇ ਅਣਗਿਣਤ ਕਿਸਾਨ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਸ਼ਕਤੀ ਹਨ। ਇਸੇ ਸ਼ਕਤੀ ਸਦਕਾ ਪੀ ਏ ਯੂ ਦੇਸ਼ ਭਰ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਹੋਣ ਦਾ ਤਾਜ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੇ ਸਿਰ ਸਜਾ ਰਹੀ ਹੈ। ਭਵਿੱਖ ਵਿੱਚ ਇਹ ਸਾਂਝ ਹੋਰ ਮਜ਼ਬੂਤ ਅਤੇ ਨਵੇਂ ਆਕਾਰ ਲਵੇਗੀ। ਆਓ, ਵਿਸਾਖੀ ਮੌਕੇ ਖੇਤੀ ਨੂੰ ਨਵੀਂ ਅਤੇ ਵਿਗਿਆਨਕ ਦਿਸ਼ਾ ਵੱਲ ਤੋਰਨ ਦਾ ਅਹਿਦ ਕਰੀਏ।

Leave a Comment

Your email address will not be published. Required fields are marked *