ਪੰਜਾਬ
ਗਣਤੰਤਰ ਦਿਵਸ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਵਡੇਰੀ ਅਤਿਵਾਦੀ ਸਾਜ਼ਿਸ਼ ਦਾ ਹਿੱਸਾ ਸੀ, ਲਾਲ ਕਿਲ੍ਹੇ ਦੇ ਬਾਹਰ ਧਮਾਕਾ ਕਾਹਲੀ ਵਿਚ ਕੀਤੀ ਕਾਰਵਾਈ
ਮੀਡੀਆ ਰਿਪੋਰਟਾਂ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ
ਚੰਡੀਗੜ੍ਹ
ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਸ਼ਕਤੀਸ਼ਾਲੀ ਧਮਾਕੇ ਤੋਂ ਬਾਅਦ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਤਫ਼ਤੀਸ਼ਕਾਰ ਹੁਣ ਮੰਨਦੇ ਹਨ ਕਿ ਇਹ ਧਮਾਕਾ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਵੱਡੀ ਦਹਿਸ਼ਤੀ ਯੋਜਨਾ ਦਾ ਹਿੱਸਾ ਸੀ। ਜ਼ੀ ਨਿਊਜ਼ ਦੀ ਰਿਪੋਰਟ ਮੁਤਾਬਕ ਦਿੱਲੀ ਧਮਾਕੇ ਪਿਛਲੇ ਮਸ਼ਕੂਕਾਂ ਨੇ ਹਾਲ ਹੀ ਵਿਚ ਲਾਲ ਕਿਲ੍ਹੇ ਦੀ ਰੇਕੀ ਕੀਤੀ ਸੀ ਅਤੇ ਗਣਤੰਤਰ ਦਿਵਸ ’ਤੇ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ।
ਮੀਡੀਆ ਰਿਪੋਰਟਾਂ ਵਿੱਚ ਦੱਸੇ ਗਏ ਸਰਕਾਰੀ ਸੂਤਰਾਂ ਅਨੁਸਾਰ, ਧਮਾਕੇ ਵਿੱਚ ਵਰਤੀ ਗਈ ਸਫ਼ੇਦ ਹੁੰਡਈ ਆਈ20 ਕਾਰ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ-ਫਲਾਹ ਮੈਡੀਕਲ ਕਾਲਜ ਕੈਂਪਸ ਵਿਚ ਪਿਛਲੇ ਕਰੀਬ 11 ਦਿਨਾਂ ਤੋਂ ਖੜ੍ਹੀ ਸੀ। ਸ਼ੱਕੀ ਫ਼ਿਦਾਈਨ ਹਮਲਾਵਰ, ਜਿਸ ਦੀ ਪਛਾਣ ਡਾ. ਉਮਰ ਨਬੀ ਵਜੋਂ ਹੋਈ ਹੈ, ਨੇ 10 ਨਵੰਬਰ ਦੀ ਸਵੇਰ ਨੂੰ ਕਥਿਤ ਤੌਰ 'ਤੇ ਘਬਰਾਹਟ ਵਿੱਚ ਗੱਡੀ ਉਥੋਂ ਕੱਢ ਦਿੱਤਾ ਸੀ, ਕਿਉਂਕਿ ਸੁਰੱਖਿਆ ਏਜੰਸੀਆਂ ਨੇ ਸ਼ੱਕੀ ਅਤਿਵਾਦੀ ਮੌਡਿਊਲਾਂ 'ਤੇ ਆਪਣੀ ਕਾਰਵਾਈ ਨੂੰ ਸਖ਼ਤ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਗ਼ਲਤੀ ਨਾਲ ਅਤੇ ਸਮੇਂ ਤੋਂ ਪਹਿਲਾਂ ਹੋਇਆ ਜਾਪਦਾ ਸੀ, ਕਿਉਂਕਿ ਬੰਬ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਸੀ। ਯੰਤਰ ਇੱਕ ਟੋਆ ਬਣਾਉਣ ਵਿੱਚ ਅਸਫਲ ਰਿਹਾ, ਅਤੇ ਤਫ਼ਤੀਸ਼ਕਾਰਾਂ ਨੂੰ ਧਮਾਕੇ ਵਾਲੀ ਥਾਂ 'ਤੇ ਕੋਈ ਵੀ ਸ਼ਾਰਪਨਲ (ਨੁਕੀਲੀਆਂ) ਜਾਂ ਪ੍ਰੋਜੈਕਟਾਈਲ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਮੇਂ ਤੋਂ ਪਹਿਲਾਂ ਕੀਤਾ ਗਿਆ ਵਿਸਫੋਟ ਸੀ।
ਇਸ ਘਟਨਾ ਤੋਂ ਬਾਅਦ, ਦਿੱਲੀ ਪੁਲੀਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਸ਼ਹਿਰ ਭਰ ਵਿੱਚ ਵਿਆਪਕ ਜਾਂਚ ਮੁਹਿੰਮਾਂ ਚੱਲ ਰਹੀਆਂ ਹਨ। ਗਾਜ਼ੀਪੁਰ, ਸਿੰਘੂ, ਟਿੱਕਰੀ ਅਤੇ ਬਦਰਪੁਰ ਸਰਹੱਦਾਂ ਸਮੇਤ ਸਾਰੇ ਪ੍ਰਮੁੱਖ ਦਾਖਲਾ ਅਤੇ ਨਿਕਾਸੀ ਸਥਾਨਾਂ ’ਤੇ ਪੁਲੀਸ ਤੇ ਨੀਮ ਫੌਜੀ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਸੰਵੇਦਨਸ਼ੀਲ ਥਾਵਾਂ ’ਤੇ ਸੂਹੀਆ ਕੁੱਤੇ, ਮੈਟਲ ਡਿਟੈਕਟਰ ਅਤੇ ਸਾਬੋਤਾਜ ਵਿਰੋਧੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਅਤੇ ਐਮਰਜੈਂਸੀ ਹੈਲਪਲਾਈਨਾਂ ਰਾਹੀਂ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ। ਇਸ ਦੌਰਾਨ ਸੁਰੱਖਿਆ ਹਾਲਾਤ ਦੀ ਸਮੀਖਿਆ ਅਤੇ ਧਮਾਕੇ ਨਾਲ ਸਬੰਧਤ ਜਾਣਕਾਰੀ ਦਾ ਮੁਲਾਂਕਣ ਕਰਨ ਲਈ ਦਿੱਲੀ ਪੁਲੀਸ, ਖੁਫੀਆ ਬਿਊਰੋ ਅਤੇ ਨੀਮ ਫੌਜੀ ਬਲਾਂ ਵਿਚਕਾਰ ਤਾਲਮੇਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।