IMG-LOGO
Home News ਡੀ-ਆਈ-ਜੀ-ਭੁੱਲਰ-ਨੂੰ-ਜੇਲ੍ਹ-ਭੇਜਿਆ
ਪੰਜਾਬ

ਡੀ ਆਈ ਜੀ ਭੁੱਲਰ ਨੂੰ ਜੇਲ੍ਹ ਭੇਜਿਆ

by Admin - 2025-10-17 22:13:33 0 Views 0 Comment
IMG
ਜਾਂਚ ਏਜੰਸੀ ਨੇ ਅਦਾਲਤ ’ਚ ਪੇਸ਼ੀ ਦੌਰਾਨ ਨਹੀਂ ਮੰਗਿਆ ਰਿਮਾਂਡ ਚੰਡੀਗਡ਼੍ਹ ਚੰਡੀਗੜ੍ਹ ਦੀ ਸੀ ਬੀ ਆਈ ਅਦਾਲਤ ਨੇ ਅੱਜ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਜਾਂਚ ਏਜੰਸੀ ਨੇ ਸਖ਼ਤ ਪੁਲੀਸ ਪਹਿਰੇ ਹੇਠ ਆਈ ਪੀ ਐੱਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਅਤੇ ਸਹਿ ਦੋਸ਼ੀ ਕ੍ਰਿਸ਼ਨੂ ਸ਼ਾਰਦਾ ਨੂੰ ਸੀ ਬੀ ਆਈ ਅਦਾਲਤ ’ਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਭੁੱਲਰ ਦੀ ਸੈਕਟਰ 16 ਦੇ ਹਸਪਤਾਲ ’ਚ ਮੈਡੀਕਲ ਜਾਂਚ ਕਰਵਾਈ ਗਈ। ਏਜੰਸੀ ਨੇ ਅਦਾਲਤ ’ਚ ਭੁੱਲਰ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਅਤੇ ਇਸ ਮਾਮਲੇ ’ਚ ਮੁੱਢਲੀ ਪੁੱਛ-ਗਿੱਛ ਕੀਤੇ ਜਾਣ ਦੀ ਦਲੀਲ ਦਿੱਤੀ। ਭੁੱਲਰ ਤਰਫ਼ੋਂ ਪੇਸ਼ ਹੋਏ ਵਕੀਲ ਐੱਚ ਐੱਚ ਧਨੋਆ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਝੂਠੇ ਮਾਮਲੇ ’ਚ ਫਸਾਇਆ ਗਿਆ ਹੈ। ਧਨੋਆ ਦੀ ਅਪੀਲ ’ਤੇ ਅਦਾਲਤ ਨੇ ਭੁੱਲਰ ਨੂੰ ਲੋੜੀਂਦੀਆਂ ਦਵਾਈਆਂ ਵਗ਼ੈਰਾ ਮੁਹੱਈਆ ਕਰਾਏ ਜਾਣ ਦੇ ਹੁਕਮ ਦਿੱਤੇ। ਅਦਾਲਤ ਨੇ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਨੂੰ ਬੁੜੈਲ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ। ਸੀ ਬੀ ਆਈ ਅਦਾਲਤ ਦੇ ਬਾਹਰ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਉਸ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਇਸ ਦੌਰਾਨ ਸੀ ਬੀ ਆਈ ਨੇ ਕਰੀਬ 21 ਘੰਟਿਆਂ ਤੱਕ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ-40 ਵਿਚਲੀ ਕੋਠੀ ਆਦਿ ਦੀ ਤਲਾਸ਼ੀ ਲਈ। ਮੁੱਢਲੇ ਪੜਾਅ ’ਤੇ ਸਾਹਮਣੇ ਆਈ ਪੰਜ ਕਰੋੜ ਦੀ ਨਕਦੀ ਹੁਣ ਸੱਤ ਕਰੋੜ ਤੱਕ ਪੁੱਜ ਗਈ ਹੈ। ਚੇਤੇ ਰਹੇ ਕਿ 21 ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਤੋਂ ਕਰੋੜਾਂ ਦੀ ਨਕਦ ਰਾਸ਼ੀ ਬਰਾਮਦ ਹੋਈ ਸੀ; ਕਰੋੜਾਂ ਦੀ ਨਕਦੀ ਦੀ ਬਰਾਮਦਗੀ ਵਾਲਾ ਇਹ ਦੂਜਾ ਹਾਈ ਪ੍ਰੋਫਾਈਲ ਮਾਮਲਾ ਹੈ। ਸੀ ਬੀ ਆਈ ਨੇ ਹੁਣ ਤੱਕ ਸੱਤ ਕਰੋੜ ਦੀ ਨਕਦੀ, ਡੇਢ ਕਿੱਲੋ ਸੋਨਾ ਜੋ ਹੁਣ ਢਾਈ ਕਿੱਲੋ ਤੱਕ ਪੁੱਜਣ ਦੇ ਚਰਚੇ, ਬੀ ਐੱਮ ਡਬਲਿਊ, ਔਡੀ ਕਾਰਾਂ ਦੀਆਂ ਚਾਬੀਆਂ, ਅਹਿਮ ਜਾਇਦਾਦਾਂ ਦੇ ਦਸਤਾਵੇਜ਼, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਡਬਲ ਬੈਰਲ ਬੰਦੂਕ, ਰਿਵਾਲਵਰ, ਪਿਸਤੌਲ, ਏਅਰ ਗੰਨ ਤੇ ਗੋਲਾ ਬਾਰੂਦ ਵੀ ਕਬਜ਼ੇ ’ਚ ਲਏ ਹਨ। ਸਮਰਾਲਾ ’ਚ ਇੱਕ ਫਾਰਮ ਹਾਊਸ ਦਾ ਵੀ ਪਤਾ ਲੱਗਾ ਹੈ। ਸੀ ਬੀ ਆਈ ਨੇ ਗੋਬਿੰਦਗੜ੍ਹ ਮੰਡੀ ਦੇ ਸਕਰੈਪ ਡੀਲਰ ਦੀ ਸ਼ਿਕਾਇਤ ’ਤੇ ਡੀ ਆਈ ਜੀ ਭੁੱਲਰ ਅਤੇ ਵਿਚੋਲਗੀ ਕਰਨ ਵਾਲੇ ਕ੍ਰਿਸ਼ਨੂ ਸ਼ਾਰਦਾ ’ਤੇ ਭਾਰਤੀ ਨਿਆਏ ਸੰਹਿਤਾ-2023 ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ-1988 ਦੀ ਧਾਰਾ 7 ਅਤੇ 7 ਏ ਤਹਿਤ ਕੇਸ ਦਰਜ ਕੀਤਾ ਸੀ। ਡੀਲਰ ਖ਼ਿਲਾਫ਼ ਅਕਤੂਬਰ 2023 ਦਾ ਕੋਈ ਪੁਰਾਣਾ ਕੇਸ ਦਰਜ ਸੀ ਜਿਸ ਦੇ ਨਿਬੇੜੇ ਨੂੰ ਲੈ ਕੇ ਅੱਠ ਲੱਖ ਦੀ ਰਿਸ਼ਵਤ ਲਈ ਗਈ; ਨਾਲ ਹੀ ਮਹੀਨਾਵਾਰ ‘ਸੇਵਾ ਪਾਣੀ’ ਦੀ ਮੰਗ ਕੀਤੀ ਗਈ। ਜਾਂਚ ਅਨੁਸਾਰ ਕੁੱਲ 28 ਲੱਖ ਦੀ ਰਿਸ਼ਵਤ ਮੰਗੀ ਗਈ ਸੀ। ਸੀ ਬੀ ਆਈ ਨੇ ਕ੍ਰਿਸ਼ਨੂ ਸ਼ਾਰਦਾ ਤੋਂ ਵੀ 21 ਲੱਖ ਬਰਾਮਦ ਕੀਤੇ ਹਨ। ਰਾਜਪਾਲ ਨੇ ਪ੍ਰਸ਼ਾਸਨਿਕ ਢਾਂਚੇ ’ਤੇ ਸਵਾਲ ਚੁੱਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਹੋਈ ਗ੍ਰਿਫ਼ਤਾਰੀ ਨੂੰ ਲੈ ਕੇ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਬਾਬਤ ਚਿੰਤਾ ਜ਼ਾਹਿਰ ਕਰਦਿਆਂ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੋਣ ਦੇ ਬਾਵਜੂਦ ਕਿਸੇ ਨੂੰ ਅਜਿਹੀਆਂ ਘਟਨਾਵਾਂ ਹੁੰਦੀਆਂ ਨਹੀਂ ਦਿਸ ਰਹੀਆਂ ਤਾਂ ਇਸ ਤੋਂ ਵੱਧ ਮੰਦਭਾਗੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਪੰਜਾਬ ਪਬਲਿਕ ਸਕੂਲ ਨਾਭਾ ਦੇ ਸਾਲਾਨਾ ਸਮਾਗਮ ’ਚ ਪਹੁੰਚੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਜਿਸ ਮਾਤਰਾ ਵਿੱਚ ਪੁਲੀਸ ਅਧਿਕਾਰੀ ਕੋਲੋਂ ਨਕਦੀ ਤੇ ਹੋਰ ਵਸਤਾਂ ਬਰਾਮਦ ਹੋਈਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੋਵੇਗੀ। ਇਸ ਘਟਨਾ ਨੂੰ ਬਾਹਰੋਂ ਆ ਕੇ ਸੀ ਬੀ ਆਈ ਨੇ ਬੇਪਰਦ ਕੀਤਾ ਹੈ ਅਤੇ ਸੂਬੇ ਦੇ ਵੱਡੇ ਪ੍ਰਸ਼ਾਸਨਿਕ ਢਾਂਚੇ ਨੂੰ ਇਹ ਦਿਖਾਈ ਨਾ ਦੇਣਾ ਚਿੰਤਾਜਨਕ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਣਾ ਸੌਖਾ ਹੈ ਪਰ ਉਸ ਨੂੰ ਸਿਖਰਲੇ ਪੱਧਰ ’ਤੇ ਰੋਕਣ ਲਈ ਉਪਰਾਲੇ ਵੀ ਕਰਨੇ ਪੈਣਗੇ।

Leave a Comment

Your email address will not be published. Required fields are marked *