ਪੰਜਾਬ
ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ 'ਚ ਹੋਏ ਸ਼ਾਮਿਲ
ਚੰਡੀਗੜ੍ਹ
ਪੰਜਾਬ ਕਾਂਗਰਸ ਨੇ ਅੱਜ ਦੇਸ਼ ਵਿਆਪੀ ਮੁਹਿੰਮ ਦੇ ਹਿੱਸੇ ਵਜੋਂ 'ਵੋਟ ਚੋਰੀ' ਵਿਰੁੱਧ ਦਸਤਖ਼ਤ ਮੁਹਿੰਮ ਦੀ ਪੰਜਾਬ 'ਚ ਸ਼ੁਰੂਆਤ ਕੀਤੀ ਹੈ | ਇਕ ਮੀਟਿੰਗ ਮਗਰੋਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 15 ਅਕਤੂਬਰ ਨੂੰ ਭਾਰਤੀ ਚੋਣ ਕਮਿਸ਼ਨ ਨੂੰ 5 ਕਰੋੜ ਦਸਤਖ਼ਤ ਜਮ੍ਹਾਂ ਕਰਵਾਏ ਜਾਣਗੇ, ਜਿਨ੍ਹਾਂ 'ਚੋਂ ਪੰਜਾਬ ਤੋਂ 10 ਅਕਤੂਬਰ ਤੱਕ 15 ਲੱਖ ਦਸਤਖ਼ਤ ਲੈ ਕੇ ਜਮ੍ਹਾਂ ਕਰਵਾਏ ਜਾਣਗੇ | ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਕਾਂਗਰਸ ਵੋਟ ਚੋਰੀ ਵਿਰੁੱਧ ਇਕ ਸੂਬਾ ਪੱਧਰੀ 'ਯਾਤਰਾ' ਦਾ ਪ੍ਰਬੰਧ ਕਰੇਗੀ, ਜਿਹੜੀ ਸਾਰੇ ਜ਼ਿਲਿ੍ਹਆਂ 'ਚੋਂ ਲੰਘਦਿਆਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰੇਗੀ | ਇਸ ਤੋਂ ਇਲਾਵਾ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਸਮਾਜ ਸੇਵੀ ਦੀਪਕ ਲਾਂਬਾ ਨਾਲ ਅੱਜ ਕਾਂਗਰਸ 'ਚ ਸ਼ਾਮਿਲ ਹੋ ਗਏ | ਭੁਪੇਸ਼ ਬਘੇਲ ਸਮੇਤ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂਆਂ ਨੇ ਜੋਸ਼ੀ ਅਤੇ ਲਾਂਬਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਸ਼ਾਮਿਲ ਹੋਣ ਨਾਲ ਕਾਂਗਰਸ ਪੰਜਾਬ 'ਚ ਹੋਰ ਮਜ਼ਬੂਤ ਹੋਵੇਗੀ | ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਬੇਸਬਰੀ ਨਾਲ ਚੋਣਾਂ ਦੀ ਉਡੀਕ ਕਰ ਰਹੇ ਹਨ, ਕਿਉਂਕਿ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ 'ਆਪ' ਨੇ ਪੰਜਾਬ ਨੂੰ ਹਰ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਇਕ ਆਮ ਭਾਵਨਾ ਹੈ ਕਿ ਸਿਰਫ਼ ਕਾਂਗਰਸ ਹੀ ਸੂਬੇ ਨੂੰ ਅਜਿਹੇ ਮਾੜੇ ਹਾਲਾਤਾਂ ਤੋਂ ਮੁਕਤ ਕਰ ਸਕਦੀ ਹੈ, ਜਿਸ ਵਿਚ 'ਆਪ' ਨੇ ਇਸ ਨੂੰ ਧੱਕਿਆ ਹੈ | ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਰਾਣਾ ਕੇ.ਪੀ. ਸਿੰਘ, ਡਾ. ਅਮਰ ਸਿੰਘ, ਵਿਜੇ ਇੰਦਰ ਸਿੰਗਲਾ, ਡਾ. ਧਰਮਵੀਰ ਗਾਂਧੀ, ਗੁਰਜੀਤ ਸਿੰਘ ਅÏਜਲਾ, ਸ਼ੇਰ ਸਿੰਘ ਘੁਬਾਇਆ, ਸੁਖਵਿੰਦਰ ਸਿੰਘ ਡੈਨੀ, ਵਿਕਰਮਜੀਤ ਸਿੰਘ ਚੌਧਰੀ, ਬਲਬੀਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜੀਆ ਸੁਲਤਾਨਾ ਅਤੇ ਹੋਰ ਆਗੂ ਵੀ ਸ਼ਾਮਿਲ ਹੋਏ | ਇਸ ਤੋਂ ਇਲਾਵਾ ਅੱਜ ਕਾਂਗਰਸ ਵਿਧਾਇਕਾਂ ਵਲੋਂ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਪੰਜਾਬ ਟਾਊਨ ਇੰਪਰੂਵਮੈਂਟ (ਸੋਧ) ਬਿੱਲ, 2025 ਦੀ ਮਨਜ਼ੂਰੀ ਰੋਕਣ ਤੇ ਇਸ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖਣ ਦੀ ਬੇਨਤੀ ਵੀ ਕੀਤੀ ਗਈ |