ਅਮਰੀਕਾ
ਨੋਬਲ ਪੁਰਸਕਾਰ ਨਾ ਮਿਲਿਆ ਤਾਂ ਅਮਰੀਕਾ ਦੀ ਵੱਡੀ ਬੇਇੱਜ਼ਤੀ ਹੋਵੇਗੀ-ਟਰੰਪ
ਨਿਊਯਾਰਕ/ਵਾਸ਼ਿੰਗਟਨ, 1 ਅਕਤੂਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ 7 ਤੋਂ ਵੱਧ ਕੌਮਾਂਤਰੀ ਸੰਘਰਸ਼ਾਂ ਨੂੰ ਖਤਮ ਕਰਨ ਦੇ ਬਾਵਜੂਦ ਜੇਕਰ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ ਜਾਂਦਾ ਹੈ ਤਾਂ ਇਹ ਅਮਰੀਕਾ ਲਈ ਵੱਡੀ ਬੇਇੱਜ਼ਤੀ ਹੋਵੇਗੀ | ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਮੰਗਲਵਾਰ ਨੂੰ ਕੁਆਂਟਿਕੋ 'ਚ ਫ਼ੌਜੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਇਸ ਨਾਲ ਨਜਿੱਠ ਲਿਆ ਹੈ, ਅਸੀਂ ਦੇਖਾਂਗੇ | ਹਮਾਸ ਨੂੰ ਸਹਿਮਤ ਹੋਣਾ ਪਵੇਗਾ ਤੇ ਜੇ ਉਹ ਨਹੀਂ ਕਰਦੇ ਤਾਂ ਇਹ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋਵੇਗਾ, ਪਰ ਸਾਰੇ ਅਰਬ ਤੇ ਮੁਸਲਿਮ ਦੇਸ਼ਾਂ ਨੇ ਸਹਿਮਤੀ ਦੇ ਦਿੱਤੀ ਹੈ | ਇਜ਼ਰਾਈਲ ਸਹਿਮਤ ਹੋ ਗਿਆ ਹੈ | ਇਹ ਇਕ ਸ਼ਾਨਦਾਰ ਗੱਲ ਹੈ | ਟਰੰਪ ਨੇ ਕਿਹਾ ਕਿ ਜੇਕਰ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਉਨ੍ਹਾਂ ਦੀ ਯੋਜਨਾ, ਜਿਸ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ ਸੀ, ਕੰਮ ਕਰਦੀ ਹੈ ਤਾਂ ਉਨ੍ਹਾਂ ਅੱਠ ਮਹੀਨਿਆਂ 'ਚ ਅੱਠ ਸੰਘਰਸ਼ਾਂ ਨੂੰ ਹੱਲ ਕਰ ਲਿਆ ਹੋਵੇਗਾ | ਟਰੰਪ ਨੇ ਕਿਹਾ ਕਿ ਇਹ ਕਾਫ਼ੀ ਚੰਗਾ ਹੈ | ਕਿਸੇ ਨੇ ਕਦੇ ਅਜਿਹਾ ਨਹੀਂ ਕੀਤਾ | ਕੀ ਤੁਹਾਨੂੰ ਨੋਬਲ ਪੁਰਸਕਾਰ ਮਿਲੇਗਾ? ਬਿਲਕੁਲ ਨਹੀਂ | ਉਹ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ, ਜਿਸ ਨੇ ਕੋਈ ਕੰਮ ਨਹੀਂ ਕੀਤਾ | ਉਹ ਇਸ ਨੂੰ ਉਸ ਵਿਅਕਤੀ ਨੂੰ ਦੇਣਗੇ, ਜਿਸ ਨੇ ਡੋਨਾਲਡ ਟਰੰਪ ਦੇ ਦਿਮਾਗ ਬਾਰੇ ਤੇ ਜੰਗ ਨੂੰ ਹੱਲ ਕਰਨ ਲਈ ਟਰੰਪ ਨੂੰ ਕੀ ਕਰਨਾ ਪਿਆ ਬਾਰੇ ਇਕ ਕਿਤਾਬ ਲਿਖੀ ਹੋਵੇ... ਨੋਬਲ ਪੁਰਸਕਾਰ ਇਕ ਲੇਖਕ ਨੂੰ ਜਾਵੇਗਾ, ਹਾਂ, ਪਰ ਅਸੀਂ ਦੇਖਾਂਗੇ ਕੀ ਹੁੰਦਾ ਹੈ |