IMG-LOGO
Home News index.html
ਪੰਜਾਬ

ਦਰਿਆ ਦੀ ਥਾਂ ਲੋਕਾਂ ਦੇ ਖੇਤਾਂ ਵਿੱਚ ਵਹਿਣ ਲੱਗਾ ਸਤਲੁਜ ਦਾ ਪਾਣੀ

by Admin - 2025-09-23 22:07:07 0 Views 0 Comment
IMG
ਪਿੰਡ ਸਸਰਾਲੀ ’ਚ ਦਰਿਆ ਬੁਰਦ ਹੋਣ ਲੱਗੀ ਕਿਸਾਨਾਂ ਦੀ ਜ਼ਮੀਨ; ਪ੍ਰਸ਼ਾਸਨ ਨੇ ਫੌਜ ਦੇ ਇੰਜਨੀਅਰਿੰਗ ਵਿਭਾਗ ਕੋਲੋਂ ਮੰਗੀ ਮਦਦ ਲੁਧਿਆਣਾ ਸੂਬੇ ਵਿੱਚ ਹੜ੍ਹਾਂ ਦਾ ਖ਼ਤਰਾ ਭਾਵੇਂ ਖਤਮ ਹੋ ਗਿਆ ਹੈ, ਪਰ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਲੋਕ ਅਜੇ ਵੀ ਚੈਨ ਦੀ ਨੀਂਦ ਨਹੀਂ ਸੌਂ ਪਾ ਰਹੇ ਹਨ। ਹਾਲਾਤ ਇਹ ਹਨ ਕਿ ਸਤਲੁਜ ਦਰਿਆ ਦਾ ਪਾਣੀ ਹੁਣ ਉਨ੍ਹਾਂ ਦੇ ਖੇਤਾਂ ਵਿੱਚੋਂ ਵਹਿ ਰਿਹਾ ਹੈ। ਦਰਿਆ ਨੇ ਆਪਣਾ ਰੁਖ਼ ਬਦਲ ਕੇ ਕਿਸਾਨਾਂ ਦੇ ਖੇਤਾਂ ਵੱਲ ਨੂੰ ਮੂੰਹ ਕਰ ਲਿਆ ਹੈ। ਪਿੰਡ ਵਾਸੀਆਂ ਦੀ ਪਰੇਸ਼ਾਨੀ ਲਗਾਤਾਰ ਵੱਧਦੀ ਜਾ ਰਹੀ ਹੈ। ਕਿਸਾਨਾਂ ਦੀ ਰੋਜ਼ਾਨਾ 5 ਤੋਂ 7 ਏਕੜ ਜ਼ਮੀਨ ਦਰਿਆ ਬੁਰਦ ਹੋ ਰਹੀ ਹੈ। ਕਿਸਾਨ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾ ਰਹੇ। ਕਿਸਾਨਾਂ ਦੀ ਮੰਗ ’ਤੇ ਹੁਣ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਫੌਜ ਕੋਲੋਂ ਮਦਦ ਮੰਗੀ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਕਹਿਣ ’ਤੇ ਐਸਡੀਐਮ ਜਸਲੀਨ ਕੌਰ ਨੇ ਫੌਜ ਨੂੰ ਪੱਤਰ ਲਿਖਿਆ ਹੈ ਤੇ ਇੰਜਨੀਅਰਿੰਗ ਵਿਭਾਗ ਦੀ ਟੀਮ ਨੂੰ ਮਦਦ ਕਰਨ ਲਈ ਕਿਹਾ ਹੈ। ਦਰਅਸਲ ਸਸਰਾਲੀ ਇਲਾਕੇ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਤਾਂ ਬਹੁਤ ਘੱਟ ਹੈ, ਪਰ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਪਾਣੀ ਨੇ ਆਪਣਾ ਰਸਤਾ ਬਦਲ ਲਿਆ ਹੈ। ਜਿਸ ਥਾਂ ’ਤੇ ਇੱਕ ਦੋ ਮਹੀਨੇ ਪਹਿਲਾਂ ਫਸਲਾਂ ਹੁੰਦੀਆਂ ਹਨ, ਉਥੇ ਹੁਣ ਤੇਜ਼ ਰਫ਼ਤਾਰ ਪਾਣੀ ਚੱਲ ਰਿਹਾ ਹੈ। ਪਾਣੀ ਦੀ ਰਫ਼ਤਾਰ ਕਾਫ਼ੀ ਤੇਜ਼ ਹੋਣ ਕਾਰਨ, ਉਹ ਰੋਜ਼ਾਨਾਂ ਜ਼ਮੀਨ ਦੇ ਥੱਲੋਂ ਮਾਰ ਕਰ ਰਿਹਾ ਹੈ। ਜਿਸ ਥਾਂ ਨੂੰ ਪਿੰਡ ਵਾਸੀ ਇੱਕ ਦਿਨ ਪਹਿਲਾਂ ਦੇਖ ਕੇ ਜਾਂਦੇ ਹਨ, ਉਥੋਂ ਰਾਤੋ ਰਾਤ ਹੀ ਕੁਝ ਹਿੱਸਾ ਦਰਿਆ ਬੁਰਦ ਹੋ ਜਾਂਦਾ ਹੈ। ਇਸ ਕਰਕੇ ਸਸਰਾਲੀ ਦੇ ਪਿੰਡ ਵਾਸੀ ਪਰੇਸ਼ਾਨ ਹਨ। ਪਿੰਡ ਵਾਸੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਠੀ ਨੂੰ ਸਿਰਫ਼ ਇੱਕ ਰਾਹ ਹੀ ਜਾਂਦਾ ਸੀ, ਜੋ ਕਿ ਹੁਣ ਪਾਣੀ ਵਿੱਚ ਵਹਿ ਗਿਆ ਹੈ। ਹਾਲਾਤ ਇਹ ਹਨ ਕਿ ਕੋਠੀ ਦੇ ਉਪਰੋਂ ਖੜ੍ਹ ਕੇ ਪਾਣੀ ਨਜ਼ਰ ਆਉਂਦਾ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਪਾਣੀ ਦੀ ਮਾਰ ਇੰਝ ਹੀ ਜਾਰੀ ਰਹੀ ਤਾਂ ਉਨ੍ਹਾਂ ਦੀ ਕੋਠੀ ’ਤੇ ਖ਼ਤਰਾ ਆ ਜਾਏਗਾ। ਪਿੰਡ ਵਾਸੀ ਬਾਬੂ ਸਿੰਘ ਦਾ ਕਹਿਣਾ ਹੈ ਕਿ ਰੋਜ਼ਾਨਾ ਕਿਸਾਨਾਂ ਦੀ 5 ਤੋਂ 7 ਏਕੜ ਜ਼ਮੀਨ ਦਰਿਆ ਬੁਰਦ ਹੋ ਰਹੀ ਹੈ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਕਰੀਬ 200 ਤੋਂ 300 ਏਕੜ ਜ਼ਮੀਨ ਹੁਣ ਤੱਕ ਪਾਣੀ ਵਿੱਚ ਜਾ ਚੁੱਕੀ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਜਲਦ ਹੀ ਇਸ ਮਾਮਲੇ ਵਿੱਚ ਫੈਸਲਾ ਲੈਣਾ ਪਵੇਗਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਿਵੇਂ ਬਚਾਉਣਾ ਹੈ, ਕਿਉਂਕਿ ਅਗਰ ਦੇਰ ਹੋਈ ਤਾਂ ਸਸਰਾਲੀ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਏਗਾ।

Leave a Comment

Your email address will not be published. Required fields are marked *