IMG-LOGO
Home News blog-detail-01.html
ਪੰਜਾਬ

ਜੀ-20 ਸੰਮੇਲਨ- ਸਿੱਖਿਆ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਆਪਸੀ ਸਹਿਯੋਗ ਜ਼ਰੂਰੀ ਕਰਾਰ

by Admin - 2023-03-18 00:37:40 0 Views 0 Comment
IMG
ਤਿੰਨ ਰੋਜ਼ਾ ਸੰਮੇਲਨ ਬੁਨਿਆਦੀ ਸਿੱਖਿਆ ਤੇ ਜੀਵਨ ਭਰ ਸਿੱਖਣ ਦੇ ਉਦੇਸ਼ ਨਾਲ ਸਮਾਪਤ ਅੰਮ੍ਰਿਤਸਰ- ਇੱਥੇ ਤਿੰਨ ਦਿਨਾ ਜੀ-20 ਸੰਮੇਲਨ ਅੱਜ ਖੋਜ ਅਤੇ ਨਵੀਨਤਾਵਾਂ, ਬੁਨਿਆਦੀ ਸਿੱਖਿਆ ਅਤੇ ਜੀਵਨ ਭਰ ਸਿੱਖਣ ਦੇ ਮੌਕੇ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦੇਣ ਦੀ ਸਹਿਮਤੀ ਨਾਲ ਸਮਾਪਤ ਹੋ ਗਿਆ। ਇਸ ਅੰਤਰਰਾਸ਼ਟਰੀ ਸੰਮੇਲਨ ਵਿਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ ਜੀ-20 ਨਾਲ ਸਬੰਧਤ ਲਗਪਗ 28 ਮੁਲਕਾਂ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ 58 ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧ ’ਚ ਮੁੱਖ ਸਮਾਗਮ ਖਾਲਸਾ ਕਾਲਜ ਵਿਚ ਅਤੇ ਮੀਟਿੰਗ ਸਥਾਨਕ ਰੇਸਤਰਾਂ ਵਿਚ ਕੀਤੀ ਗਈ। ਇਸ ਤੋਂ ਬਾਅਦ ਵਿਦੇਸ਼ੀ ਡੈਲੀਗੇਟ ਦਰਬਾਰ ਸਾਹਿਬ ਨਤਮਸਤਕ ਹੋਏ ਜਿੱਥੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸੰਮੇਲਨ ਦੀ ਸਮਾਪਤੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕੇਂਦਰੀ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕੇ ਸੰਜੇ ਮੂਰਤੀ ਨੇ ਦੱਸਿਆ ਕਿ ਤਿੰਨ ਦਿਨਾ ਮੀਟਿੰਗ ਦੌਰਾਨ ਖੋਜ ਕਾਰਜਾਂ ਅਤੇ ਨਵੀਨਤਾਵਾਂ ਨੂੰ ਉਤਸ਼ਾਹਤ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ। ਇਸ ਤੋਂ ਇਲਾਵਾ ਤਕਨੀਕੀ ਸਿਖਲਾਈ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਵਾਸਤੇ ਆਪਸੀ ਸਹਿਯੋਗ ਦੀ ਲੋੜ ਹੈ। ਜੀ-20 ਸੰਮੇਲਨ ਨੇ ਇਸ ਲਈ ਇੱਕ ਨਵਾਂ ਮੰਚ ਮੁਹੱਈਆ ਕੀਤਾ ਹੈ ਜਿੱਥੇ ਆਪਸੀ ਸੰਵਾਦ ਰਾਹੀਂ ਅਜਿਹੇ ਮਸਲੇ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਵਿਚਾਰੇ ਗਏ ਮੁੱਦੇ ਅਤੇ ਸੁਝਾਏ ਗਏ ਹੱਲ ਬਾਰੇ ਇਕ ਦਸਤਾਵੇਜ਼ ਤਿਆਰ ਕੀਤਾ ਜਾਵੇਗਾ। ਉਚੇਰੀ ਸਿੱਖਿਆ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਵਿੱਚ ਇਸ ਦਸਤਾਵੇਜ਼ ਨੂੰ ਲਾਗੂ ਕਰਨ ਲਈ ਕਿਹਾ ਜਾਵੇਗਾ ਤਾਂ ਕਿ ਇਸ ਦੇ ਚੰਗੇ ਨਤੀਜੇ ਮਿਲ ਸਕਣ। ਇੱਥੇ ਪੰਜਾਬ ਦੀ ਦਸਤਕਾਰੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਵਿੱਚ ਵਿਦੇਸ਼ੀ ਮਹਿਮਾਨਾਂ ਨੂੰ ਤੋਹਫ਼ੇ ਵਜੋਂ ਫੁਲਕਾਰੀ ਅਤੇ ਦਸਤਕਾਰੀ ਦੀਆਂ ਕਲਾਕ੍ਰਿਤਾਂ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਵਿਦੇਸ਼ੀ ਮਹਿਮਾਨਾਂ ਨੇ ਲੰਘੀ ਸ਼ਾਮ ‘ਸਾਡਾ ਪਿੰਡ’ ਵਿੱਚ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਜੀਵਨ ਜਾਚ ਨੂੰ ਨੇੜਿਉਂ ਦੇਖਿਆ ਤੇ ਪੰਜਾਬੀ ਖਾਣਿਆਂ ਦਾ ਆਨੰਦ ਮਾਣਿਆ। ਮੁੱਖ ਮੰਤਰੀ ਵਲੋਂ ਡੈਲੀਗੇਟਾਂ ਨੂੰ ਰਾਤਰੀ ਭੋਜ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ-20 ਸੰਮੇਲਨ ਲਈ ਆਏ ਡੈਲੀਗੇਟਾਂ ਨੂੰ ਵਿਸ਼ਵ ਭਰ ਵਿੱਚ ਸੂਬੇ ਦੇ ਸ਼ਾਨਦਾਰ ਵਿਰਸੇ, ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੇ ਸਫ਼ੀਰ ਬਣਨ ਦਾ ਸੱਦਾ ਦਿੱਤਾ। ਗੋਬਿੰਦਗੜ੍ਹ ਕਿਲ੍ਹੇ ਵਿੱਚ ਡੈਲੀਗੇਟਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖ਼ੁਸ਼ਕਿਸਮਤ ਹੈ ਕਿ ਜੀ-20 ਸੰਮੇਲਨ ਦੌਰਾਨ ਸੂਬੇ ਵਿੱਚ ਇਨ੍ਹਾਂ ਪਤਵੰਤਿਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆਏ ਹਨ ਅਤੇ ਡੈਲੀਗੇਟਾਂ ਨੇ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ ਹੈ।

Leave a Comment

Your email address will not be published. Required fields are marked *