IMG-LOGO
Home News blog-list-01.html
ਰਾਜਨੀਤੀ

ਖੇਡ ਤੇ ਸਿਆਸਤ - ਮੋਦੀ ਸਟੇਡੀਅਮ: ਕ੍ਰਿਕਟ ਦਾ ਸਿਆਸੀ ਸੰਸਾਰ

by Admin - 2023-03-12 21:44:28 0 Views 0 Comment
IMG
ਰਾਮਚੰਦਰ ਗੁਹਾ ਨਵੰਬਰ 1989 ਵਿਚ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ਵਿਚ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਕ੍ਰਿਕਟ ਟੈਸਟ ਮੈਚ ਖੇਡਿਆ ਗਿਆ। ਸਚਿਨ ਤੇਂਦੁਲਕਰ ਨੇ ਥੋੜ੍ਹਾ ਪਹਿਲਾਂ ਹੀ ਕੌਮਾਂਤਰੀ ਕ੍ਰਿਕਟ ਵਿਚ ਆਪਣੇ ਵੀਹ ਸਾਲ ਪੂਰੇ ਕੀਤੇ ਸਨ। ਉਸ ਮੈਚ ਤੋਂ ਦੋ ਮਹੀਨੇ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ। ਇਸ ਲਈ ਜਦੋਂ ਤੇਂਦੁਲਕਰ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਤਾਂ ਸ੍ਰੀ ਮੋਦੀ ਨੇ ਇਹ ਸਨਮਾਨ ਕੀਤਾ। ਮੈਂ ਇਹ ਸਾਰਾ ਦ੍ਰਿਸ਼ ਟੈਲੀਵਿਜ਼ਨ ਉੱਤੇ ਦੇਖ ਰਿਹਾ ਸਾਂ। ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਨਮਾਨ ਵਜੋਂ ਤੇਂਦੁਲਕਰ ਨੂੰ ਇਕ ਮੋਮੈਂਟੋ ਭੇਟ ਕੀਤਾ ਅਤੇ ਉਨ੍ਹਾਂ ਇਸ ਖਿਡਾਰੀ ਨਾਲ ਫੋਟੋ ਵੀ ਖਿਚਵਾਈ। ਇਸੇ ਤਰ੍ਹਾਂ 2009 ਵਿਚ ਵੀ ਨਰਿੰਦਰ ਮੋਦੀ ਦੇ ਮੁਕਾਬਲੇ ਸਚਿਨ ਤੇਂਦੁਲਕਰ ਕਿਤੇ ਜ਼ਿਆਦਾ ਮਸ਼ਹੂਰ ਤੇ ਮਕਬੂਲ ਸੀ, ਕਿਸੇ ਬਰਾਂਡ ਨਾਂ ਜਾਂ ਕਿਸੇ ਘਰੇਲੂ ਨਾਂ ਨਾਲੋਂ ਕਿਤੇ ਅਗਾਂਹ। ਉਦੋਂ ਸਚਿਨ ਨਾਲ ਜੁੜਨਾ ਆਪਣੇ ਪ੍ਰਚਾਰ ਲਈ ਵਧੀਆ ਸੀ। ਹੁਣ ਚਾਰ ਸਾਲਾਂ ਨੂੰ ਤੇਜ਼ ਰਫ਼ਤਾਰ ਨਾਲ ਅਗਾਂਹ ਲੰਘਾ ਕੇ ਅਕਤੂਬਰ 2013 ਉੱਤੇ ਆਉਂਦੇ ਹਾਂ। ਮੋਦੀ ਨੇ ਪ੍ਰਧਾਨ ਮੰਤਰੀ ਬਣਨ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਆਪਣੀ ਇਸ ਕੋਸ਼ਿਸ਼ ਵਿਚ ਉਹ ਆਪਣੇ ਆਪ ਨੂੰ ਕਿਸੇ ਮਹਾਨ ਜ਼ਿੰਦਾ ਕ੍ਰਿਕਟਰ ਨਾਲ ਨਹੀਂ ਸਗੋਂ ਕਿਸੇ ਮਹਾਨ ਮ੍ਰਿਤਕ ਆਗੂ ਨਾਲ ਜੋੜਨਾ ਚਾਹੁੰਦੇ ਹਨ। ਇਸ ਲਈ ਸਰਦਾਰ ਵੱਲਭ ਭਾਈ ਪਟੇਲ ਦੀ ਮਹਾਂ ਵਿਸ਼ਾਲ ਮੂਰਤੀ ਬਣਾਉਣ ਦੀ ਯੋਜਨਾ ਉਲੀਕੀ ਜਾਂਦੀ ਹੈ। ਫਿਰ ਚੋਣ ਮੁਹਿੰਮ ਦੌਰਾਨ ਆਪਣੀਆਂ ਤਕਰੀਰਾਂ ਵਿਚ ਸ੍ਰੀ ਮੋਦੀ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਜੇ ਜਵਾਹਰ ਲਾਲ ਨਹਿਰੂ ਦੀ ਥਾਂ ਪਟੇਲ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਤਾਂ ਚੰਗਾ ਹੁੰਦਾ, ਕਿਉਂਕਿ ਪਟੇਲ ਨੂੰ ਇਹ ਜ਼ਿੰਮੇਵਾਰੀ ਸੌਂਪੇ ਜਾਣ ਦੀ ਸੂਰਤ ਵਿਚ ਭਾਰਤ ਨੇ ਸ਼ੁਰੂ ਤੋਂ ਹੀ ਵਧੇਰੇ ਸੁਰੱਖਿਅਤ, ਮਜ਼ਬੂਤ ਅਤੇ ਵਧੇਰੇ ਸਵੈ-ਨਿਰਭਰ ਮੁਲਕ ਬਣ ਜਾਣਾ ਸੀ। ਇਉਂ ਨਰਿੰਦਰ ਮੋਦੀ ਨੂੰ 2009 ਵਿਚ ਥੋੜ੍ਹੇ ਜਿਹੇ ਸਮੇਂ ਲਈ ਸਚਿਨ ਤੇਂਦੁਲਕਰ ਨਾਲ ਆਪਣੀ ਪਛਾਣ ਬਣਾਉਣ ਦੀ ਜ਼ਰੂਰਤ ਪਈ। ਫਿਰ 2013-14 ਵਿਚ ਉਨ੍ਹਾਂ ਨੂੰ ਸੰਖੇਪ ਰੂਪ ਵਿਚ ਆਪਣੀ ਪਛਾਣ ਸਰਦਾਰ ਪਟੇਲ ਨਾਲ ਜੋੜਨੀ ਪਈ। ਇਸ ਤੋਂ ਬਾਅਦ ਮਾਰਚ 2021 ਤੱਕ ਹੋਰ ਸੱਤ ਸਾਲਾਂ ਨੂੰ ਤੇਜ਼ੀ ਨਾਲ ਅੱਗੇ ਲੰਘਾ ਦਿੰਦੇ ਹਾਂ। ਇਸ ਅਰਸੇ ਦੌਰਾਨ ਨਰਿੰਦਰ ਮੋਦੀ ਨੇ ਲਗਾਤਾਰ ਵੱਖ-ਵੱਖ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਅਗਵਾਈ ਹੇਠ ਜਿੱਤਾਂ ਦਿਵਾਈਆਂ। ਹੁਣ ਉਹ ਖ਼ੁਦ ਆਪਣੇ ਤੌਰ ’ਤੇ ਬਣੇ ਹੋਏ ਵਿਅਕਤੀ ਹਨ, ਹੁਣ ਉਨ੍ਹਾਂ ਨੂੰ ਆਪਣੀ ਦਿੱਖ ਚਮਕਾਉਣ ਲਈ ਹੋਰ ਕਿਸੇ ਭਾਰਤੀ ਦੀ ਜ਼ਰੂਰਤ ਨਹੀਂ ਹੈ - ਨਾ ਆਪਣੇ ਸਾਬਕਾ ਗੁਰੂ ਲਾਲ ਕ੍ਰਿਸ਼ਨ ਅਡਵਾਨੀ ਦੀ, ਨਾ ਆਪਣੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ, ਇੱਥੋਂ ਤੱਕ ਕਿ ਆਪਣੇ ਸਾਬਕਾ ਨਾਇਕ ਸਰਦਾਰ ਪਟੇਲ ਦੀ ਵੀ ਨਹੀਂ। ਨਰਿੰਦਰ ਮੋਦੀ ਵੱਲੋਂ ਸਚਿਨ ਤੇਂਦੁਲਕਰ ਨੂੰ ਮੋਮੈਂਟੋ ਭੇਟ ਕਰਦਿਆਂ ਦੇਖਣ ਤੋਂ ਸਾਢੇ ਗਿਆਰਾਂ ਸਾਲਾਂ ਬਾਅਦ ਮੈਂ - ਲੱਖਾਂ ਹੋਰ ਭਾਰਤੀਆਂ ਦੇ ਨਾਲ - ਇਕ ਵਾਰ ਫਿਰ ਸਰਦਾਰ ਪਟੇਲ ਸਟੇਡੀਅਮ ਵਿਚ ਖੇਡੇ ਜਾਣ ਵਾਲੇ ਇਕ ਹੋਰ ਟੈਸਟ ਮੈਚ ਦੀ ਸ਼ੁਰੂਆਤ ਦੇਖਣ ਲਈ ਆਪਣੇ ਟੈਲੀਵਿਜ਼ਨ ਸੈੱਟ ਦੇ ਸਾਹਮਣੇ ਬੈਠਾ ਸਾਂ। ਸਿਵਾਏ ਇਸ ਦੇ, ਜਿਵੇਂ ਅਸੀਂ ਛੇਤੀ ਹੀ ਜਾਣਿਆ ਕਿ ਇਹ ਹੁਣ ਸਰਦਾਰ ਪਟੇਲ ਸਟੇਡੀਅਮ ਨਹੀਂ ਰਿਹਾ। ਜਿਵੇਂ ਉਸ ਟੈਸਟ ਮੈਚ (ਜੋ ਇੰਗਲੈਂਡ ਦੇ ਖ਼ਿਲਾਫ਼ ਖੇਡਿਆ ਗਿਆ) ਦੀ ਸ਼ੁਰੂਆਤ ਤੋਂ ਐਨ ਪਹਿਲਾਂ ਭਾਰਤੀ ਗਣਰਾਜ ਦੇ ਰਾਸ਼ਟਰਪਤੀ ਨੇ, ਜਿਨ੍ਹਾਂ ਨਾਲ ਹੋਰ ਕੋਈ ਨਹੀਂ ਸਗੋਂ ਭਾਰਤ ਦੇ ਗ੍ਰਹਿ ਮੰਤਰੀ ਖੜੋਤੇ ਸਨ, ਇਕ ਤਖ਼ਤੀ ਦੀ ਘੁੰਡ ਚੁਕਾਈ ਕੀਤੀ ਸੀ, ਜਿਸ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਸਟੇਡੀਅਮ ਪਹਿਲਾਂ ਅਜਿਹੇ ਭਾਰਤੀ ਆਗੂ ਦੇ ਨਾਂ ਉੱਤੇ ਸੀ ਜਿਸ ਦੀਆਂ ਖ਼ੁਦ ਨਰਿੰਦਰ ਮੋਦੀ ਤਾਰੀਫ਼ਾਂ ਕਰਦੇ ਸਨ, ਉਸੇ ਸਟੇਡੀਅਮ ਦਾ ਨਾਂ ਹੁਣ ਬਦਲ ਕੇ ਨਰਿੰਦਰ ਮੋਦੀ ਦੇ ਨਾਂ ਉੱਤੇ ਹੀ ਰੱਖ ਦਿੱਤਾ ਗਿਆ ਹੈ। ਸੱਤਾ ਵਿਚ ਹੁੰਦਿਆਂ ਖ਼ੁਦ ਆਪਣੇ ਨਾਂ ਉੱਤੇ ਸਟੇਡੀਅਮ ਦਾ ਨਾਮਕਰਨ ਕਰਵਾ ਕੇ ਉਹ (ਹੋਰਨਾਂ ਤੋਂ ਇਲਾਵਾ) ਸਟਾਲਿਨ, ਹਿਟਲਰ, ਮੁਸੋਲਿਨੀ, ਸੱਦਾਮ ਹੁਸੈਨ ਅਤੇ ਗ਼ੱਦਾਫ਼ੀ ਵਰਗਿਆਂ ਦੀ ਕਤਾਰ ਵਿਚ ਸ਼ਾਮਲ ਹੋ ਗਏ ਹਨ। ਜਾਪਦਾ ਨਹੀਂ ਕਿ ‘ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ’ ਦਾ ਪ੍ਰਧਾਨ ਮੰਤਰੀ ਅਜਿਹੇ ਲੋਕਾਂ ਦੀ ਕਤਾਰ ਵਿਚ ਸ਼ੁਮਾਰ ਹੋਣਾ ਚਾਹੇਗਾ। ਇਸ ਦੇ ਬਾਵਜੂਦ ਸ੍ਰੀ ਮੋਦੀ ਸਾਫ਼ ਤੌਰ ’ਤੇ ਅਜਿਹੇ ‘ਸਨਮਾਨ’ ਤੋਂ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਸਨ। ਇਸ ਤੋਂ ਬਾਅਦ ਪਿਛਲੇ ਦਿਨੀਂ ਤਾਂ ਉਨ੍ਹਾਂ ਨੇ ਆਪਣੇ ਹੀ ਨਾਂ ਵਾਲੇ ਸਟੇਡੀਅਮ ਵਿਚ ਸੱਚਮੁਚ ਮੈਚ ਦੇਖ ਕੇ ਨਵਾਂ ਇਤਿਹਾਸ ਸਿਰਜ ਦਿੱਤਾ, ਜਦੋਂ ਉਨ੍ਹਾਂ ਦੇ ਨਾਲ ਦੇਸ਼ ਦੇ ਦੌਰੇ ਉੱਤੇ ਆਏ ਹੋਏ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਸਨ। ਮੈਂ ਨਹੀਂ ਜਾਣਦਾ ਕਿ ਕਦੇ ਮੁਸੋਲਿਨੀ ਨੇ ਟਿਊਰਿਨ ਵਿਚਲੇ ਉਸ ਸਟੇਡੀਅਮ ਵਿਚ ਕੋਈ ਫੁਟਬਾਲ ਮੈਚ ਦੇਖਿਆ ਹੋਵੇ, ਜਿਹੜਾ ਕਦੇ ਉਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਾਂ ਕਦੇ ਸਟਾਲਿਨ ਨੇ ਮਾਸਕੋ ਵਿਚ ਆਪਣੇ ਨਾਂ ਉੱਤੇ ਬਣੇ ਸਟੇਡੀਅਮ ਵਿਚ ਖਿਡਾਰੀਆਂ ਦਾ ਕੋਈ ਮੁਕਾਬਲਾ ਹੁੰਦਾ ਦੇਖਿਆ ਹੋਵੇ। ਹੋ ਸਕਦਾ ਹੈ ਕਿ ਨਰਿੰਦਰ ਮੋਦੀ ਜਦੋਂ ਸ਼ਾਨ ਨਾਲ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਸਟੇਡੀਅਮ ਵਿਚ ਪੁੱਜੇ ਤਾਂ ਉਹ ਨਾ ਸਿਰਫ਼ ਆਪਣੇ ਲਈ, ਸਗੋਂ ਭਾਰਤ ਅਤੇ ਸਾਰੇ ਸੰਸਾਰ ਲਈ ਇਤਿਹਾਸ ਸਿਰਜ ਰਹੇ ਹੋਣ। ਇਕ ਭਾਰਤੀ ਜਮਹੂਰੀਅਤਪਸੰਦ ਹੋਣ ਨਾਤੇ ਮੈਂ ਸ੍ਰੀ ਮੋਦੀ ਦੀ ਸ਼ਖ਼ਸੀਅਤ ਦੇ ਵਿਕਾਸ ਨੂੰ ਨਿਰਾਸ਼ਾ ਨਾਲ ਦੇਖਿਆ ਹੈ। ਇਸ ਦੇ ਪਸਾਰ ਦੀ ਇਹ ਆਖ਼ਰੀ ਮਿਸਾਲ ਵੀ ਇਕ ਕ੍ਰਿਕਟ ਪ੍ਰੇਮੀ ਹੋਣ ਨਾਤੇ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਸਟੇਡੀਅਮ ਵਿਚ ਉਨ੍ਹਾਂ ਦੇ ਬਹੁਤ ਹੀ ਸਮਰਪਿਤ ਪ੍ਰਸ਼ੰਸਕਾਂ ਵੱਲੋਂ ਜ਼ੋਰਦਾਰ ਸਵਾਗਤ ਦੇ ਸਮਰੱਥ ਬਣਾਉਣ ਲਈ ਜਾਪਦਾ ਹੈ ਕਿ ਸ਼ਾਇਦ ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀਸੀਏ) ਨੇ ਪਹਿਲੇ ਦਿਨ ਦੀ ਖੇਡ ਦੀਆਂ ਵੱਡੀ ਗਿਣਤੀ ਟਿਕਟਾਂ ਖੁੱਲ੍ਹੀ ਮੰਡੀ ਵਿਚੋਂ ਵਾਪਸ ਲੈ ਲਈਆਂ ਹੋਣ ਤਾਂ ਕਿ ਉਨ੍ਹਾਂ ਨੂੰ ਇਸ ਦੀ ਥਾਂ ਸਿਆਸੀ ਸਾਧਨਾਂ ਰਾਹੀਂ ਵੰਡਿਆ ਜਾ ਸਕੇ। ਮੈਨੂੰ ਇਸ ਗੜਬੜ ਬਾਰੇ ਸਭ ਤੋਂ ਪਹਿਲਾਂ ਇਕ ਦੋਸਤ ਨੇ ਜਾਣੂ ਕਰਵਾਇਆ, ਜਿਹੜਾ ਟੈਸਟ ਮੈਚ ਦੇਖਣ ਲਈ ਅਹਿਮਦਾਬਾਦ ਜਾਣ ਦਾ ਚਾਹਵਾਨ ਸੀ, ਪਰ ਉਸ ਨੇ ਪਾਇਆ ਕਿ ਆਮ ਜਨਤਾ ਲਈ ਸਿਰਫ਼ ਦੂਜੇ ਦਿਨ ਦੀਆਂ ਟਿਕਟਾਂ ਹੀ ਵਿਕਰੀ ਲਈ ਲਾਈਆਂ ਗਈਆਂ ਸਨ। ਟਿਕਟ ਵੈੱਬਸਾਈਟਾਂ ਪਹਿਲੇ ਦਿਨ ਦੀ ਖੇਡ ਲਈ ਟਿਕਟਾਂ ਉਪਲਬਧ ਨਾ ਹੋਣ ਦੀ ਗੱਲ ਆਖ ਰਹੀਆਂ ਸਨ। ਇਸ ਦੌਰਾਨ ਮੇਰੇ ਦੋਸਤ ਨੂੰ ਪਤਾ ਲੱਗਾ ਕਿ ਉਸ ਦੇ ਇਕ ਵਾਕਫ਼ ਨੇ ਇਕ ਟਿਕਟ ਇਸ ਢੰਗ ਨਾਲ ਹਾਸਲ ਕਰ ਲਈ ਸੀ ਜਿਸ ਨੂੰ ਇਕ ਤਰ੍ਹਾਂ ‘ਭਗਤ ਕੋਟਾ’ ਆਖਿਆ ਜਾ ਸਕਦਾ ਹੈ। ਅਜਿਹੇ ਹਾਲਤ ਦੌਰਾਨ, ਆਸਟਰੇਲੀਅਨ ਪ੍ਰਸ਼ੰਸਕ ਵੀ ਪਹਿਲੇ ਦਿਨ ਦੀ ਖੇਡ ਲਈ ਟਿਕਟਾਂ ਹਾਸਲ ਨਹੀਂ ਕਰ ਸਕੇ। ਇਸ ਗੱਲ ਦਾ ਪਤਾ ਲੱਗਣ ’ਤੇ ਪੀਟਰ ਲੈਲੋਰ ਨੇ ‘ਦਿ ਆਸਟਰੇਲੀਅਨ’ ਅਖ਼ਬਾਰ ਵਿਚ ਇਕ ਰਿਪੋਰਟ ਛਾਪੀ ਅਤੇ ਟਿਕਟਾਂ ਦੇ ਉਪਲਬਧ ਨਾ ਹੋਣ ਸਬੰਧੀ ਟਿੱਪਣੀ ਕੀਤੀ ਕਿ ‘ਪਹਿਲੇ ਦੋਵੇਂ ਟੈਸਟ ਮੈਚਾਂ ਦੇ ਪੂਰੇ ਤਿੰਨ ਦਿਨ ਵੀ ਨਾ ਚੱਲਣ ਕਾਰਨ ਇਹ ਉਨ੍ਹਾਂ ਸੈਂਕੜੇ ਆਸਟਰੇਲੀਅਨਾਂ ਲਈ ਅੰਤਾਂ ਦੀ ਨਿਰਾਸ਼ਾ ਵਾਲੀ ਗੱਲ ਹੈ ਜਿਹੜੇ ਬਾਰਡਰ-ਗਾਵਸਕਰ ਟਰਾਫੀ ਦੇ ਮੈਚ ਦੇਖਣ ਲਈ ਲੰਬਾ ਸਫ਼ਰ ਕਰ ਕੇ ਭਾਰਤ ਪੁੱਜੇ ਹਨ। ਇਸ ਹਾਲਤ ਵਿਚ ਲੱਖਾਂ ਮੁਕਾਮੀ ਕ੍ਰਿਕਟ ਪ੍ਰੇਮੀਆਂ ਬਾਰੇ ਤਾਂ ਕੀ ਆਖਿਆ ਜਾਵੇ।’ ਲੈਲੋਰ ਨੇ ਇਹ ਵੀ ਆਖਿਆ ਕਿ ‘ਭਾਰਤੀ ਪ੍ਰਧਾਨ ਮੰਤਰੀ ਸਟੇਜ ਪ੍ਰਬੰਧਨ ਸਮਾਗਮਾਂ ਲਈ ਬਦਨਾਮ ਹਨ’ ਅਤੇ ‘ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਚੋਣਵੇਂ ਪ੍ਰਸ਼ੰਸਕਾਂ ਦੀਆਂ ਭੀੜਾਂ ਆਸਟਰੇਲੀਅਨ ਪ੍ਰਧਾਨ ਮੰਤਰੀ ਨਾਲ ਕੌਮੀ ਤਰਾਨੇ ਵਾਸਤੇ ਉਨ੍ਹਾਂ ਦੀ ਮੌਜੂਦਗੀ ਲਈ ਸਟੇਡੀਅਮ ਨੂੰ ਭਰ ਦੇਣਗੀਆਂ।’ ਲੈਲੋਰ ਦੀ ਰਿਪੋਰਟ ਤੋਂ ਬਾਅਦ ਆਸਟਰੇਲੀਅਨ ਸਫ਼ੀਰਾਂ ਨੇ ਮਾਮਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕੋਲ ਉਠਾਇਆ। ਇਸ ਪਿੱਛੋਂ ਆਸਟਰੇਲੀਆ ਤੋਂ ਭਾਰਤ ਮੈਚ ਦੇਖਣ ਆਏ ਸੈਂਕੜੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਟਿਕਟਾਂ ਵੇਚਣ ਲਈ ਵਿਸ਼ੇਸ਼ ਬੂਥ ਖੋਲ੍ਹਿਆ ਗਿਆ ਹੈ। ਇਸ ਦੇ ਬਾਵਜੂਦ, ਜਿਵੇਂ ਕਿ ਆਸਟਰੇਲੀਅਨ ਲੇਖਕ ਨੇ ਦੱਸਿਆ ਹੈ, ਲੱਖਾਂ ਭਾਰਤੀ ਖੇਡ ਪ੍ਰਸ਼ੰਸਕ ਹਾਲੇ ਵੀ ਮੰਝਧਾਰ ਵਿਚ ਫਸੇ ਹੋਏ ਹਨ, ਕਿਉਂਕਿ ਉਨ੍ਹਾਂ ਲਈ ਉਨ੍ਹਾਂ ਵੱਲੋਂ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ। ਭਾਰਤ ਵਿਚ ਕ੍ਰਿਕਟ ਮੀਡੀਆ ਵੀ ਕੁੱਲ ਮਿਲਾ ਕੇ ‘ਗੋਦੀ’ ਮੀਡੀਆ ਵਾਂਗ ਹੀ ਬੀਸੀਸੀਆਈ ਨੂੰ ਨਾਰਾਜ਼ ਕਰਨਾ ਪਸੰਦ ਨਹੀਂ ਕਰਦਾ, ਕਿਉਂਕਿ ਬੋਰਡ ਵੀ ਆਪਣੀ ਮੌਜੂਦਾ ਮੈਨੇਜਮੈਂਟ ਦੇ ਮਾਤਹਿਤ ਹਾਕਮ ਪਾਰਟੀ ਦੇ ਅੰਗ ਵਜੋਂ ਹੀ ਕੰਮ ਕਰ ਰਿਹਾ ਹੈ। ਗੋਦੀ ਕ੍ਰਿਕਟ ਮੀਡੀਆ ਇਸ ’ਤੇ ਖ਼ਾਮੋਸ਼ ਰਿਹਾ; ਹਾਲਾਂਕਿ, ਇਸ ਖ਼ਿਲਾਫ਼ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦਾ ਰੋਹ ਟਵਿੱਟਰ ਉੱਤੇ ਸਾਹਮਣੇ ਆਇਆ। ਇਸ ਤੋਂ ਬਾਅਦ ਕਾਹਲੀ-ਕਾਹਲੀ ਵਿਚ ਕੁਝ ਹੋਰ ਟਿਕਟਾਂ ਵੇਚਣ ਲਈ ਲਾਈਆਂ ਗਈਆਂ। ਇਸ ਦੇ ਬਾਵਜੂਦ ਵੱਡੀ ਗਿਣਤੀ ਟਿਕਟਾਂ ਨੂੰ ਅਣਦੱਸੇ ਮਹਿਮਾਨਾਂ ਲਈ ‘ਰਾਖਵੀਆਂ’ ਰੱਖਿਆ ਗਿਆ। (ਮੈਂ ਜਾਣਦਾ ਹਾਂ ਕਿ ਅਹਿਮਦਾਬਾਦ ਦੇ ਵੱਡੀ ਗਿਣਤੀ ਵਸਨੀਕ ਟਿਕਟਾਂ ਹਾਸਲ ਨਹੀਂ ਕਰ ਸਕੇ - ਜਵਾਬ ਇਹੋ ਦਿੱਤਾ ਗਿਆ ਕਿ ‘ਮੋਦੀ ਜੀ ਆ ਰਹੇ ਹੈਂ’।) ਜੀਸੀਏ ਅਤੇ ਬੀਸੀਸੀਆਈ ਦੇ ਢੰਗ ਤਰੀਕੇ ਵੀ ਪੀਐਮ-ਕੇਅਰਜ਼ ਵਾਂਗ ਹੀ ਭੇਤਾਂ ਨੂੰ ਬਹੁਤ ਜ਼ਿਆਦਾ ਗੁਪਤ ਰੱਖਣ ਵਾਲੇ ਹਨ। ਇਸ ਲਈ ਇਹ ਤੱਥ ਕਦੇ ਵੀ ਜੱਗਜ਼ਾਹਰ ਨਹੀਂ ਹੋਣਗੇ ਕਿ ਇਕ ਤਰ੍ਹਾਂ ਬੰਦੀ ਬਣਾ ਕੇ ਲਿਆਂਦੇ ਗਏ ਦਰਸ਼ਕਾਂ ਨੂੰ ਸਹੂਲਤ ਦੇਣ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਦੇ ਮਨ ਵਿਚ ਆਇਆ ਅਤੇ ਨਿੱਜੀ ਤੌਰ ’ਤੇ ਵੰਡਣ ਲਈ ਆਖ਼ਰ ਕਿੰਨੀਆਂ ਟਿਕਟਾਂ ਰੱਖੀਆਂ ਗਈਆਂ ਸਨ। ਅਹਿਮਦਾਬਾਦ ਦੇ ਸਟੇਡੀਅਮ ਵਿਚ 1.30 ਲੱਖ ਦਰਸ਼ਕ ਬੈਠ ਸਕਦੇ ਹਨ। ਭਾਰਤ ਵਿਚ ਟੈਸਟ ਮੈਚ ਸ਼ਾਇਦ ਹੀ ਕਦੇ ਤੀਹ-ਚਾਲੀ ਹਜ਼ਾਰ ਤੋਂ ਵੱਧ ਦਰਸ਼ਕਾਂ ਨੂੰ ਖਿੱਚਦੇ ਹੋਣ। ਰਿਪੋਰਟਾਂ ਮੁਤਾਬਿਕ ਇਸ ਮੈਚ ਲਈ ਮੋਦੀ ਭਗਤਾਂ ਦੀ ਭਾਰੀ ਭੀੜ ਇਕੱਤਰ ਕਰਨ ਦੇ ਖ਼ਾਹਿਸ਼ਮੰਦ ਹੋਣ ਤੋਂ ਇਲਾਵਾ ਮੈਚ ਦੇ ਪ੍ਰਬੰਧਕ ਕਿਸੇ ਟੈਸਟ ਮੈਚ ਵਿਚ ਸਭ ਤੋਂ ਵੱਧ ਦਰਸ਼ਕਾਂ ਦੀ ਇਕੱਤਰਤਾ ਹੋਣ ਦਾ ‘ਆਲਮੀ ਰਿਕਾਰਡ’ ਵੀ ਬਣਾਉਣਾ ਚਾਹੁੰਦੇ ਸਨ। ਇਸ ਸਬੰਧ ਵਿਚ ਮੌਜੂਦਾ ਰਿਕਾਰਡ ਮੈਲਬਰਨ ਕ੍ਰਿਕਟ ਗਰਾਊਂਡ (ਐਮਸੀਜੀ) ਦੇ ਨਾਂ ਬੋਲਦਾ ਹੈ। ਇਹ ਤੇ ਅਜਿਹੇ ਹੋਰ ‘ਸੰਸਾਰ ਰਿਕਾਰਡ’ ਜਿਨ੍ਹਾਂ ਦੇ ਦਾਅਵੇ ਮੌਜੂਦਾ ਸਰਕਾਰ ਵੱਲੋਂ ਕੀਤੇ ਜਾਂਦੇ ਹਨ, ਨੂੰ ਵੀ ਦਿਖਾਵਟੀ ਤਰੀਕਿਆਂ ਨਾਲ ਹੀ ਸਰ ਕੀਤਾ ਜਾਣਾ ਸੀ। ਬੀਸੀਬੀਆਈ ਦੇ ਉਲਟ ਕ੍ਰਿਕਟ ਆਸਟਰੇਲੀਆ ਸਿਆਸਤਦਾਨਾਂ ਦੇ ਹੱਥਾਂ ਦੀ ਕਠਪੁਤਲੀ ਨਹੀਂ ਹੈ। ਇਸ ਲਈ ਕਦੇ ਵੀ ਐਮਸੀਜੀ ਵਿਚ ਹੋਣ ਵਾਲੇ ਕਿਸੇ ਵੀ ਟੈਸਟ ਮੈਚ ਲਈ ਆਇਆ ਹਰੇਕ ਵਿਅਕਤੀ ਅਸਲੀ ਕ੍ਰਿਕਟ ਪ੍ਰੇਮੀ ਸੀ; ਨਾ ਕਿ ਅਜਿਹਾ ਵਿਅਕਤੀ ਜਿਹੜਾ ਕਿਸੇ ਸਿਆਸੀ ਰੈਲੀ ਵਿਚ ਸ਼ਰੀਕ ਹੋਣ ਆਇਆ ਹੋਵੇ। (ਗ਼ੌਰਤਲਬ ਹੈ ਕਿ ਅਹਿਮਦਾਬਾਦ ਸਟੇਡੀਅਮ ਵਿਚੋਂ ਮੋਦੀ ਦੇ ਜਾਣ ਦੇ ਮਹਿਜ਼ ਇਕ ਘੰਟੇ ਦੌਰਾਨ ਹੀ ਉੱਥੇ ਮੌਜੂਦ ਭੀੜ ਤੇਜ਼ੀ ਨਾਲ ਘਟ ਗਈ।) ਸਟੇਡੀਅਮ ਵਿਚ ਮੈਚ ਤੋਂ ਕਈ ਦਿਨ ਪਹਿਲਾਂ ਹੀ ਭਾਰਤੀ ਪ੍ਰਧਾਨ ਮੰਤਰੀ ਦੇ ਵੱਡੇ-ਵੱਡੇ ਪੋਸਟਰ ਲਾ ਦਿੱਤੇ ਗਏ ਸਨ; ਖਿਡਾਰੀਆਂ ਨੂੰ ਮੈਚ ਦੀ ਪ੍ਰੈਕਟਿਸ ਉਨ੍ਹਾਂ ਦੀਆਂ ਸਭ ’ਤੇ ਨਿਗਾਹ ਰੱਖਣ ਵਾਲੀਆਂ ਨਜ਼ਰਾਂ ਹੇਠ ਕਰਵਾਈ ਗਈ। ਮੈਚ ਤੋਂ ਐਨ ਪਹਿਲਾਂ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਆਸਟਰੇਲੀਅਨ ਹਮਰੁਤਬਾ ਨੇ ਸੋਨੇ ਜੜੀ ਬੱਘੀ ਵਿਚ ਬੈਠ ਕੇ ਪੂਰੇ ਮੈਦਾਨ ਵਿਚ ਦਰਸ਼ਕਾਂ ਨੂੰ ਹੱਥ ਹਿਲਾਉਂਦਿਆਂ ਗੇੜੀ ਲਾਈ। ਪ੍ਰਧਾਨ ਮੰਤਰੀ ਨੂੰ ਇਸ ਮੌਕੇ ਉਨ੍ਹਾਂ ਦੇ ਸਭ ਤੋਂ ਕਰੀਬੀ ਸਿਆਸੀ ਸਹਿਯੋਗੀ ਦੇ ਪੁੱਤਰ ਨੇ ਇਕ ਤੋਹਫ਼ਾ ਭੇਟ ਕੀਤਾ। ਜਿਉਂ ਹੀ ਕੈਮਰਿਆਂ ਨੇ ਜ਼ੂਮ ਇਨ ਕਰ ਕੇ ਨਜ਼ਦੀਕੀ ਦ੍ਰਿਸ਼ ਦਿਖਾਇਆ ਤਾਂ ਪਤਾ ਲੱਗਾ ਕਿ ਨਰਿੰਦਰ ਮੋਦੀ ਸਟੇਡੀਅਮ ਵਿਚ ਨਰਿੰਦਰ ਮੋਦੀ ਨੂੰ ਨਰਿੰਦਰ ਮੋਦੀ ਦੀ ਤਸਵੀਰ ਭੇਟ ਕੀਤੀ ਜਾ ਰਹੀ ਸੀ। ਮੈਚ ਦੌਰਾਨ ਵੀ ਉੱਥੇ ਲਾਏ ਗਏ ਇਕ ਬੋਰਡ ਉੱਤੇ ਦੋਵਾਂ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ ਜਿਸ ਵਿਚ ਮੋਦੀ ਨੂੰ ਅੱਗੇ ਕਰ ਦੇ ਦਿਖਾਇਆ ਗਿਆ ਸੀ ਤਾਂ ਕਿ ਉਹ ਦੇਖਣ ਵਿਚ ਵੱਡੇ ਦਿਖਾਈ ਦੇਣ, ਭਾਵੇਂ ਕਿ ਅਸਲ ਵਿਚ ਉਨ੍ਹਾਂ ਦੀ ਤਸਵੀਰ ਤਿੰਨ ਇੰਚ ਛੋਟੀ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਮੌਕੇ ਐਂਥਨੀ ਅਲਬਨੀਜ਼ ਦੀਆਂ ਆਪਣੀਆਂ ਜ਼ਾਤੀ ਭਾਵਨਾਵਾਂ ਕਿਹੋ ਜਿਹੀਆਂ ਰਹੀਆਂ ਹੋਣਗੀਆਂ; ਕੀ ਉਹ ਆਤਮ-ਮੋਹ ਦੇ ਇਸ ਸ਼ਾਨਦਾਰ ਦਿਖਾਵੇ ਦੌਰਾਨ ਇਕ ਵਾਧੂ ਜਿਹੀ ਚੀਜ਼ ਬਣ ਕੇ ਖ਼ੁਸ਼ ਹੋ ਰਹੇ ਹੋਣਗੇ? ਅਸਲ ਵਿਚ, ਪਹਿਲੀ ਗੱਲ ਤਾਂ ਇਹ ਕਿ ਇਸ ਟੈਸਟ ਮੈਚ ਦੀ ਮੇਜ਼ਬਾਨੀ ਅਹਿਮਦਾਬਾਦ ਵੱਲੋਂ ਕੀਤੇ ਜਾਣ ਦੀ ਹੀ ਕੋਈ ਤੁਕ ਨਹੀਂ ਬਣਦੀ। ਕ੍ਰਿਕਟ ਪਿਆਰ ਪੱਖੋਂ ਕੋਲਕਾਤਾ ਦੇ ਮੁਕਾਬਲੇ ਇਹ ਸ਼ਹਿਰ ਕਾਫ਼ੀ ਪਛੜਿਆ ਹੋਇਆ ਹੈ, ਜਦੋਂਕਿ ਕੋਲਕਾਤਾ ਨੂੰ ਬੀਤੇ ਤਿੰਨ ਸਾਲਾਂ ਦੌਰਾਨ ਇਕ ਵੀ ਕ੍ਰਿਕਟ ਟੈਸਟ ਮੈਚ ਨਹੀਂ ਮਿਲਿਆ। ਭਾਰਤ ਬਨਾਮ ਆਸਟਰੇਲੀਆ ਵਰਗੀਆਂ ਦੇਖਣ ਪੱਖੋਂ ਵਧੀਆ ਕ੍ਰਿਕਟ ਲੜੀਆਂ ਲਈ ਅਹਿਮਦਾਬਾਦ ਦੇ ਮੁਕਾਬਲੇ ਚੇਨੱਈ, ਬੰਗਲੁਰੂ ਅਤੇ ਮੁੰਬਈ ਦੇ ਵੀ ਯਕੀਨਨ ਵਧੇਰੇ ਮਜ਼ਬੂਤ ਦਾਅਵੇ ਹੋ ਸਕਦੇ ਸਨ। ਜੇ ਇਸ ਲੜੀ ਦਾ ਅੰਤਿਮ ਮੈਚ ਤ੍ਰਿਣਮੂਲ ਕਾਂਗਰਸ ਦੀ ਹਕੂਮਤ ਵਾਲੇ ਕੋਲਕਾਤਾ ਜਾਂ ਡੀਐਮਕੇ ਦੀ ਹਕੂਮਤ ਵਾਲੇ ਚੇਨੱਈ ਵਿਚ ਕਰਵਾਇਆ ਜਾਂਦਾ ਤਾਂ ਭਾਜਪਾ ਕਿਸੇ ਤਰ੍ਹਾਂ ਵੀ ਸ੍ਰੀ ਮੋਦੀ ਦਾ ਅਜਿਹਾ ਜ਼ੋਰਦਾਰ ਸਵਾਗਤ ਨਹੀਂ ਸੀ ਕਰਵਾ ਸਕਦੀ, ਜਿਹੋ ਜਿਹਾ ਇਹ ਅਹਿਮਦਾਬਾਦ ਵਿਚ ਕਰਵਾ ਗਈ। ਇੱਥੋਂ ਤੱਕ ਕਿ ਬੰਗਲੌਰ ਜਾਂ ਮੁੰਬਈ, ਜਿਹੜੇ ਇਸ ਵੇਲੇ ਭਾਜਪਾ ਦੀ ਹਕੂਮਤ ਹੇਠ ਹਨ, ਵਿਚ ਵੀ ਮੋਦੀ ਭਗਤਾਂ ਦੀ ਖ਼ਾਤਰ ਅਸਲੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਲਾਂਭੇ ਕਰਨਾ ਮੁਮਕਿਨ ਨਹੀਂ ਸੀ ਹੋਣਾ। ਉਹ ਸਿਰਫ਼ ਗੁਜਰਾਤ ਹੀ ਹੈ ਜਿੱਥੇ ਸ਼ਖ਼ਸੀ ਪੂਜਾ ਦੀਆਂ ਅਜਿਹੀਆਂ ਖ਼ੁਆਹਿਸ਼ਾਂ ਨੂੰ ਵਧੀਆ ਢੰਗ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸ ਵੇਲੇ ਇਸ ਦੇ ਵਾਹਨ ਵਜੋਂ ਕ੍ਰਿਕਟ ਦੀ ਖੇਡ ਨਾਲ, ਜੋ ਕਿਸੇ ਸਮੇਂ ਬਹੁਤ ਹੀ ਮਹਾਨ ਰਹੀ ਖੇਡ ਸੀ ਅਤੇ ਇਸ ਨੂੰ ਹੁਣ ਬਹੁਤ ਭ੍ਰਿਸ਼ਟ ਬਣਾ ਦਿੱਤਾ ਗਿਆ ਹੈ।

Leave a Comment

Your email address will not be published. Required fields are marked *