IMG-LOGO
Home News index.html
ਦੇਸ਼

ਭਾਰਤ ਜੋੜੋ ਯਾਤਰਾ ਸਮਾਪਤ- ਕਸ਼ਮੀਰੀਆਂ ਨੇ ਮੈਨੂੰ ਬਹੁਤ ਮੁਹੱਬਤ ਦਿੱਤੀ: ਰਾਹੁਲ

by Admin - 2023-01-30 23:00:35 0 Views 0 Comment
IMG
ਸ੍ਰੀਨਗਰ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਸ਼ਮੀਰ ਦੇ ਲੋਕਾਂ ਨੇ ਉਨ੍ਹਾਂ ਨੂੰ ਹੱਥਗੋਲੇ ਨਹੀਂ ਸਗੋਂ ਮੁਹੱਬਤ ਭਰਿਆ ਦਿਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਮਕਸਦ ਦੇਸ਼ ਦੀਆਂ ਉਦਾਰ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਬਚਾਉਣਾ ਹੈ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਰੀਬ ਪੰਜ ਮਹੀਨੇ ਚੱਲੀ ਯਾਤਰਾ ਦੀ ਇਥੇ ਸਮਾਪਤੀ ਮੌਕੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਮੈਨੂੰ ਜੰਮੂ ਕਸ਼ਮੀਰ ’ਚ ਪੈਦਲ ਨਾ ਚੱਲਣ ਦੀ ਸਲਾਹ ਦਿੱਤੀ ਗਈ ਸੀ ਕਿਉਂਕਿ ਮੇਰੇ ’ਤੇ ਹਮਲਾ ਹੋ ਸਕਦਾ ਸੀ। ਮੈਂ ਸੋਚ ਵਿਚਾਰ ਕੇ ਫ਼ੈਸਲਾ ਲਿਆ ਕਿ ਮੈਂ ਆਪਣੇ ਘਰ ਅਤੇ ਆਪਣੇ ਲੋਕਾਂ (ਜੰਮੂ ਕਸ਼ਮੀਰ ’ਚ) ਨਾਲ ਹੀ ਚੱਲਾਂਗਾ। ਮੇਰੇ ਦੁਸ਼ਮਣਾਂ ਨੂੰ ਮੇਰੀ ਟੀ-ਸ਼ਰਟ ਦਾ ਰੰਗ ਬਦਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਲਾਲ ਕਰਨ ਦਿਉ।’’ ਭਾਰੀ ਬਰਫ਼ਬਾਰੀ ਦੇ ਬਾਵਜੂਦ ਰੈਲੀ ’ਚ ਵੱਡੀ ਗਿਣਤੀ ’ਚ ਲੋਕ ਜੁੜੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਾਂਠਾ ਚੌਕ ’ਚ ਕੈਂਪ ਵਾਲੀ ਥਾਂ ’ਤੇ ਤਿਰੰਗਾ ਲਹਿਰਾਇਆ। ਬਾਅਦ ’ਚ ਮੌਲਾਨਾ ਆਜ਼ਾਦ ਚੌਕ ’ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ, ਪ੍ਰਿਯੰਕਾ ਅਤੇ ਹੋਰ ਆਗੂਆਂ ਦੀ ਹਾਜ਼ਰੀ ’ਚ ਤਿਰੰਗਾ ਲਹਿਰਾਇਆ। ਕਾਂਗਰਸ ਪ੍ਰਧਾਨ ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਚੋਣਾਂ ਜਿੱਤਣ ਲਈ ਨਹੀਂ ਕੱਢੀ ਗਈ ਹੈ ਸਗੋਂ ਇਹ ਭਾਜਪਾ ਅਤੇ ਆਰਐੱਸਐੱਸ ਵੱਲੋਂ ਦੇਸ਼ ’ਚ ਫੈਲਾਈ ਜਾ ਰਹੀ ਨਫ਼ਰਤ ਦੇ ਟਾਕਰੇ ਲਈ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚਹੇਤੇ 10 ਫ਼ੀਸਦੀ ਲੋਕ ਮੁਲਕ ਦੀ 72 ਫ਼ੀਸਦੀ ਸੰਪਤੀ ਲੁੱਟ ਰਹੇ ਹਨ। ਰਾਹੁਲ ਨੇ ਭਾਜਪਾ ਦੇ ਸਿਖਰਲੇ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਜੰਮੂ ਕਸ਼ਮੀਰ ’ਚ ਪੈਦਲ ਯਾਤਰਾ ਕਰਕੇ ਦਿਖਾਉਣ। ‘ਉਨ੍ਹਾਂ ਨੂੰ ਪੈਦਲ ਮਾਰਚ ਤੋਂ ਕੋਈ ਨਹੀਂ ਰੋਕ ਰਿਹਾ ਹੈ ਸਗੋਂ ਉਹ ਯਾਤਰਾ ਕਰਨ ਤੋਂ ਡਰਦੇ ਹਨ।’ ਰਾਹੁਲ ਨੇ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਹਿੰਸਾ ਭੜਕਾ ਕੇ ਦੇਸ਼ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਢਾਹ ਲਗਾ ਰਹੇ ਹਨ। ਉਨ੍ਹਾਂ ਅਜਿਹੇ ਪਲਾਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਫੋਨ ’ਤੇ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦੀ ਸੂਚਨਾ ਮਿਲੀ ਸੀ। ‘ਹਿੰਸਾ ਭੜਕਾਉਣ ਵਾਲੇ ਜਿਵੇਂ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਭਾਜਪਾ ਅਤੇ ਆਰਐੱਸਐੱਸ ਕਦੇ ਵੀ ਉਸ ਦਰਦ ਨੂੰ ਨਹੀਂ ਸਮਝ ਸਕਣਗੇ। ਫ਼ੌਜ ਦੇ ਕਿਸੇ ਜਵਾਨ ਦਾ ਪਰਿਵਾਰ ਇਹ ਦਰਦ ਸਮਝੇਗਾ, ਪੁਲਵਾਮਾ ’ਚ ਸ਼ਹੀਦ ਹੋਏ ਸੀਆਰਪੀਐੱਫ ਦੇ ਜਵਾਨਾਂ ਦੇ ਪਰਿਵਾਰ ਇਹ ਸਮਝਣਗੇ, ਕਸ਼ਮੀਰ ਦੇ ਲੋਕ ਸਮਝਣਗੇ ਕਿ ਉਹ ਦਰਦ ਕੀ ਹੁੰਦਾ ਹੈ।’ ਰਾਹੁਲ ਨੇ ਜੰਮੂ ਕਸ਼ਮੀਰ ’ਚ ਕਸ਼ਮੀਰੀਅਤ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਇਸ ਦਾ ਮਤਲਬ ਇਕ-ਦੂਜੇ ਨੂੰ ਜੋੜਨਾ ਹੈ ਨਾ ਕਿ ਹਮਲਾ ਕਰਨਾ ਹੈ। ‘ਮੇਰਾ ਪਰਿਵਾਰ ਜਦੋਂ ਕਸ਼ਮੀਰ ਤੋਂ ਗੰਗਾ ਦੇ ਕੰਢੇ ਵਸੇ ਅਲਾਹਾਬਾਦ ’ਚ ਗਿਆ ਤਾਂ ਉਨ੍ਹਾਂ ਯੂਪੀ ’ਚ ਕਸ਼ਮੀਰੀਅਤ ਦੀ ਸੋਚ ਫੈਲਾਈ ਸੀ ਜਿਸ ਨੂੰ ਗੰਗਾ-ਯਮੁਨਾ ਤਹਿਜ਼ੀਬ ਆਖਿਆ ਜਾਂਦਾ ਹੈ।’ ਸ਼ੇਰ-ਏ-ਕਸ਼ਮੀਰ ਸਟੇਡੀਅਮ ’ਚ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਵੰਡੀਆਂ ਪਾਉਣ ਵਾਲੀ ਸਿਆਸਤ ਦੇਸ਼ ਲਈ ਨੁਕਸਾਨਦੇਹ ਹੈ। ਪ੍ਰਿਯੰਕਾ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨੇ ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਪੈਗਾਮ ਦਿੱਤਾ ਹੈ।

Leave a Comment

Your email address will not be published. Required fields are marked *