IMG-LOGO
Home News index.html
ਪੰਜਾਬ

ਆਲਮੀ ਗੁੰਝਲਦਾਰ ਚੁਣੌਤੀਆਂ ਨੂੰ ਸਰਹੱਦਾਂ ਰਾਹੀਂ ਪਰਿਭਾਸ਼ਤ ਨਹੀਂ ਕਰ ਸਕਦੇ: ਤੋਮਰ

by Admin - 2023-01-30 22:42:26 0 Views 0 Comment
IMG
ਚੰਡੀਗੜ੍-ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਆਲਮੀ ਭਾਈਚਾਰੇ ਨੂੰ ਗੁੰਝਲਦਾਰ ਚੁਣੌਤੀਆਂ, ਜੋ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਤੇ ਜਿਨ੍ਹਾਂ ਨੂੰ ਮਹਿਜ਼ ਸਰਹੱਦਾਂ ਰਾਹੀਂ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ, ਨਾਲ ਸਿੱਝਣ ਲਈ ਤਾਲਮੇਲ ਵਾਲੀਆਂ ਨੀਤੀਆਂ ਤੇ ਕਾਰਵਾਈਆਂ ’ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ। ਸ੍ਰੀ ਤੋਮਰ ਦੋ ਦਿਨਾ ਜੀ-20 ਇੰਟਰਨੈਸ਼ਨਲ ਫਾਇਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਉਦਘਾਟਨ ਕਰਨ ਮਗਰੋਂ ਬੋਲ ਰਹੇ ਸਨ। ਖੇਤੀ ਮੰਤਰੀ ਤੋਮਰ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਨੇ ਮਿਲ ਕੇ ਮੀਟਿੰਗ ਦਾ ਉਦਘਾਟਨ ਕੀਤਾ। ਸ੍ਰੀ ਤੋਮਰ ਨੇ ਜੀ-20 ਸੰਮੇਲਨ ਦੀ ਪਹਿਲੀ ਮੀਟਿੰਗ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਖੇਤੀ ਸਬਸਿਡੀ ਨੂੰ ਘਟਾਇਆ ਨਹੀਂ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ’ਚ ਖੇਤੀਬਾੜੀ ਖੇਤਰ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੀ ਅਗਵਾਈ ਹੇਠ ਪੂਰਾ ਸਾਲ ਚੱਲਣ ਵਾਲੀ ਜੀ-20 ਦੀਆਂ ਮੀਟਿੰਗਾਂ ਵਿੱਚ ਜਲਵਾਯੂ ਪਰਿਵਰਤਨ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ। ਜਲਵਾਯੂ ਪਰਿਵਰਤਨ ਨਾਲ ਖੇਤੀ ਖੇਤਰ ’ਤੇ ਕਾਫੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ, ਇਹ ਇਕ ਵਿਸ਼ਵਵਿਆਪੀ ਚੁਣੌਤੀ ਬਣ ਚੁੱਕੀ ਹੈ। ਜੀ-20 ਮੀਟਿੰਗ ਵਿੱਚ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਜੋ ਸਾਂਝੇ ਤੌਰ ’ਤੇ ਜਲਵਾਯੂ ਪਰਿਵਰਤਨ ਨਾਲ ਪੇਸ਼ ਆਉਣ ਵਾਲੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ। ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਭਾਰਤ ਵਿਗਿਆਨ ਅਤੇ ਨਵੀਨਤਾ ਦੇ ਕਾਰਨ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਇਹ ਦੋਵੇਂ ਭਾਰਤ ਦੇ ਭਵਿੱਖ ਨਾਲ ਨਜ਼ਦੀਕ ਤੋਂ ਜੁੜੇ ਹੋਏ ਹਨ। ਕੇਂਦਰ ਸਰਕਾਰ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਬਣਾਉਣ ਲਈ ਟੈਕਨਾਲੋਜੀ ਦਾ ਲਾਭ ਉਠਾ ਰਹੀ ਹੈ। ਗਲੋਬਲ ਹੈਲਥ ਕੇਅਰ ’ਚ ਵਿੱਤੀ ਸਮਾਵੇਸ਼, ਟਿਕਾਊ ਊਰਜਾ ਵੱਲ ਵਧਣ ’ਚ ਸਾਡਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਅਤੇ ਵਿਕਾਸ ਦੀ ਜਨ-ਕੇਂਦਰਤ ਸਾਡੀ ਰਾਸ਼ਟਰੀ ਰਣਨੀਤੀ ਦਾ ਅਧਾਰ ਹੈ, ਜੋ ਜੀ-20 ਦੀ ਪ੍ਰਧਾਨਗੀ ਦੇ ਥੀਮ ‘ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ’ ਨੂੰ ਦਰਸਾਉਂਦਾ ਹੈ। ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਨੇ ਕਿਹਾ ਕਿ ਜੀ-20 ਰਾਹੀਂ ਭਾਰਤ ਦੀ ਕੋਸ਼ਿਸ਼ ਉਸਾਰੂ ਗੱਲਬਾਤ ਨੂੰ ਸੁਵਿਧਾਜਨਕ ਬਣਾਉਣਾ, ਗਿਆਨ ਸਾਂਝਾ ਕਰਨਾ ਅਤੇ ਇਕ ਸੁਰੱਖਿਅਤ, ਸ਼ਾਂਤੀਪੂਰਨ ਦਿਸ਼ਾ ਵਿੱਚ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਵਿੱਚ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਮਜ਼ਬੂਤ ਕਰਨ ਲਈ ਪੜਚੋਲ ਕੀਤੀ ਜਾਵੇਗੀ, ਜਿਸ ਨਾਲ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੁਆਰਾ ਦਿੱਤੀ ਜਾਂਦੀ ਸਹਾਇਤਾ ਨੂੰ ਸਮੇਂ ਸਿਰ ਮੁਹੱਈਆ ਕਰਵਾਇਆ ਜਾ ਸਕੇ। ਇਸ ਸੰਮੇਲਨ ਵਿੱਚ ਆਈਐੱਫਏ ਦੇ ਕੋ-ਚੇਅਰ ਵਿਲੀਅਮ ਰੂਸ (ਫਰਾਂਸ), ਬਿਊਂਗਸਿਕ ਜੁੰਗ (ਦੱਖਣੀ ਕੋਰੀਆ), ਕੇਂਦਰੀ ਵਿੱਤ ਮੰਤਰਾਲੇ ਦੀ ਵਧੀਕ ਸਕੱਤਰ ਮਨੀਸ਼ਾ ਸਿਨਹਾ, ਆਰਬੀਆਈ ਦੇ ਸਲਾਹਕਾਰ ਮਹੂਆ ਰਾਏ ਵੀ ਹਾਜ਼ਰ ਸਨ। ਗੌਰਤਲਬ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 30 ਅਤੇ 31 ਜਨਵਰੀ ਨੂੰ ਜੀ-20 ਸੰਮੇਲਨ ਦੀ ਲੜੀ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ 20 ਦੇਸ਼ਾਂ ਤੋਂ 100 ਦੇ ਕਰੀਬ ਡੈਲੀਗੇਟ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਕਰਵਾਏ ਜਾ ਰਹੇ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਇਹ ਡੈਲੀਗੇਟ ਭਾਰਤੀ ਸਭਿਆਚਾਰ ਦਾ ਵੀ ਆਨੰਦ ਮਾਨਣਗੇ। ਸਰਕਾਰ ਦੇਸ਼ ’ਚ ਸੈਰ-ਸਪਾਟਾ ਖੇਤਰ ਨੂੰ ਕਰੇਗੀ ਵਿਕਸਤ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਸੈਰ-ਸਪਾਟਾ ਖੇਤਰ ਵਿੱਚ ਹੋਰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਡੈਲੀਗੇਟਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਘੁਮਾਇਆ ਜਾਵੇਗਾ। ਇਸ ਤਰ੍ਹਾਂ ਭਾਰਤ ਦਾ ਦੌਰਾ ਕਰਨ ਵਾਲੇ ਡੈਲੀਗੇਟ ਇੱਥੋਂ ਦੀਆਂ ਸ਼ਾਨਦਾਰ ਯਾਦਾਂ ਵਾਪਸ ਲੈ ਕੇ ਜਾਣ।

Leave a Comment

Your email address will not be published. Required fields are marked *