IMG-LOGO
Home News index.html
ਦੇਸ਼

ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ, 61 ਹਲਾਕ

by Admin - 2023-01-30 22:40:20 0 Views 0 Comment
IMG
150 ਜ਼ਖ਼ਮੀਆਂ ਵਿੱਚ ਬਹੁਗਿਣਤੀ ਪੁਲੀਸ ਕਰਮੀ ਸ਼ਾਮਲ ਪਿਸ਼ਾਵਰ-ਪਿਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿਚ ਪੈਂਦੀ ਮਸਜਿਦ ਵਿੱਚ ਅੱਜ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ਵਿੱਚ ਘੱਟੋ-ਘੱਟ 61 ਵਿਅਕਤੀਆਂ ਦੀ ਮੌਤ ਅਤੇ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ’ਚ ਬਹੁਗਿਣਤੀ ਪੁਲੀਸ ਮੁਲਾਜ਼ਮਾਂ ਦੀ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਉਧਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਨੇ ਦਾਅਵਾ ਕੀਤਾ ਕਿ ਉਸ ਨੇ ਆਤਮਘਾਤੀ ਹਮਲਾ ਕਰਕੇ ਆਪਣੇ ਮਰਹੂਮ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦੀ ਮੌਤ ਦਾ ਬਦਲਾ ਲਿਆ ਹੈ। ਖੁਰਾਸਾਨੀ ਪਿਛਲੇ ਸਾਲ ਅਗਸਤ ਵਿੱਚ ਅਫ਼ਗ਼ਾਨਿਸਤਾਨ ’ਚ ਮਾਰਿਆ ਗਿਆ ਸੀ। ਉਧਰ ਪਿਸ਼ਾਵਰ ਦੇ ਹਸਪਤਾਲਾਂ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹਸਪਤਾਲ ਨੇ ਸ਼ਹਿਰੀਆਂ ਨੂੰ ਖੂਨ ਦਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਹਤਿਆਤ ਵਜੋਂ ਰਾਜਧਾਨੀ ਇਸਲਾਮਾਬਾਦ ਸਣੇ ਹੋਰਨਾਂ ਪ੍ਰਮੱਖ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਸੂਹੀਆ ਤੰਤਰ ਵਿੱਚ ਸੁਧਾਰ ’ਤੇ ਜ਼ੋਰ ਦਿੱਤਾ ਹੈ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਬਾਅਦ ਦੁਪਹਿਰ 1:40 ਵਜੇ ਦੇ ਕਰੀਬ ਪੁਲੀਸ ਲਾਈਨਜ਼ ਇਲਾਕੇ ਵਿਚਲੀ ਮਸਜਿਦ ਵਿੱਚ ਹੋਇਆ। ਦੁਪਹਿਰ ਦੀ ਨਮਾਜ਼ (ਜ਼ੁਹਰ) ਮੌਕੇ ਪਹਿਲੀ ਕਤਾਰ ਵਿੱਚ ਮੌਜੂਦ ਖ਼ੁਦਕੁਸ਼ ਬੰਬਾਰ ਨੇ ਖੁ਼ਦ ਨੂੰ ਉਡਾ ਲਿਆ। ਪਿਸ਼ਾਵਰ ਦੇ ਕਮਿਸ਼ਨਰ ਰਿਆਜ਼ ਮਹਿਸੂਦ ਨੇ ਕਿਹਾ ਕਿ ਮਸਜਿਦ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਡਿਪਟੀ ਕਮਿਸ਼ਨਰ ਸ਼ਫ਼ੀਉੱਲ੍ਹਾ ਖ਼ਾਨ ਨੇ ਮੀਡੀਆ ਨੂੰ ਦੱਸਿਆ ਕਿ ਆਤਮਘਾਤੀ ਹਮਲੇ ਵਿੱਚ 50 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ 100 ਤੋਂ ਵੱਧ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਲੇਡੀ ਰੀਡਿੰਗ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 46 ਵਿਅਕਤੀਆਂ ਦੀ ਮੌਤ ਹੋਈ ਹੈ ਜਦੋੋਂਕਿ ਪਿਸ਼ਾਵਰ ਪੁਲੀਸ ਨੇ 38 ਪੀੜਤਾਂ ਦੀ ਸੂਚੀ ਜਾਰੀ ਕੀਤੀ ਹੈ। ਇਕ ਚਸ਼ਮਦੀਦ ਨੇ ਕਿਹਾ ਕਿ ਜ਼ਖ਼ਮੀਆਂ ਵਿੱਚ ਜ਼ਿਆਦਾਤਰ ਪੁਲੀਸ ਮੁਲਾਜ਼ਮ ਸ਼ਾਮਲ ਹਨ। ‘ਡਾਅਨ’ ਅਖ਼ਬਾਰ ਨੇ ਕੈਪੀਟਲ ਸਿਟੀ ਦੇ ਪੁਲੀਸ ਅਧਿਕਾਰੀ ਮੁਹੰਮਦ ਇਜਾਜ਼ ਖਾਨ ਦੇ ਹਵਾਲੇ ਨਾਲ ਕਿਹਾ ਕਿ ਅਜੇ ਵੀ ਵੱਡੀ ਗਿਣਤੀ ਪੁਲੀਸ ਦੇ ਜਵਾਨ ਮਲਬੇ ਹੇਠ ਦੱਬੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਖਾਨ ਨੇ ਕਿਹਾ ਕਿ ਧਮਾਕੇ ਮੌਕੇ 300 ਤੋਂ 400 ਪੁਲੀਸ ਮੁਲਾਜ਼ਮ ਉਥੇ ਮੌਜੂਦ ਸਨ। ਪਿਸ਼ਾਵਰ ਦੇ ਐੱਸਪੀ (ਜਾਂਚ) ਸ਼ਜਾਦ ਕੌਕਬ, ਜਿਨ੍ਹਾਂ ਦਾ ਦਫ਼ਤਰ ਮਸਜਿਦ ਦੇ ਨੇੜੇ ਹੈ, ਨੇ ਮੀਡੀਆ ਨੂੰ ਦੱਸਿਆ ਕਿ ਉਹ ਮਸਜਿਦ ਵਿੱਚ ਨਮਾਜ਼ ਲਈ ਦਾਖ਼ਲ ਹੋਇਆ ਹੀ ਸੀ ਕਿ ਧਮਾਕਾ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਕਿਸਮਤ ਨਾਲ ਹਮਲੇ ਤੋਂ ਬਚ ਗਿਆ। ਖ਼ੁਦਕੁਸ਼ ਬੰਬਾਰ ਪੁਲੀਸ ਲਾਈਨਜ਼ ਵਿੱਚ ਬਣੀ ਉੱਚ ਸੁਰੱਖਿਆ ਵਾਲੀ ਮਸਜਿਦ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਰਿਹਾ। ਮਸਜਿਦ ਵਿੱਚ ਦਾਖ਼ਲ ਹੋਣ ਲਈ ਚਾਰ ਪਰਤੀ ਸੁਰੱਖਿਆ ਘੇਰੇ ’ਚੋਂ ਹੋ ਕੇ ਲੰਘਣਾ ਪੈਂਦਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਧਮਾਕੇ ਨਾਲ ਮਸਜਿਦ ਦਾ ਇਕ ਹਿੱਸਾ ਢਹਿ ਗਿਆ ਤੇ ਕਈ ਲੋਕ ਇਸ ਦੇ ਮਲਬੇ ਹੇਠ ਦੱਬੇ ਹੋ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਜ਼ਖਮੀਆਂ ’ਚੋਂ 13 ਦੀ ਹਾਲਤ ਬਹੁਤ ਨਾਜ਼ੁਕ ਹੈ। ਪਿਸ਼ਾਵਰ ਦੇ ਹਸਪਤਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹਸਪਤਾਲ ਨੇ ਨਾਗਰਿਕਾਂ ਨੂੰ ਪੀੜਤਾਂ ਲਈ ਖ਼ੂਨ ਦਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਪਿਸ਼ਾਵਰ ’ਚ ਹੋਏ ਧਮਾਕੇ ਮਗਰੋਂ ਇਸਲਾਮਾਬਾਦ ਸਣੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਖੈਬਰ ਪਖਤੂਨਖਵਾ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖ਼ਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਧਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਮਸਜਿਦ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਿਛਲੇ ਸਾਲ ਪਿਸ਼ਾਵਰ ਸ਼ਹਿਰ ਦੇ ਕੂਚਾ ਰਿਸਾਲਦਾਰ ਇਲਾਕੇ ਵਿੱਚ ਸ਼ੀਆ ਮਸਜਿਦ ਵਿੱਚ ਹੋਏ ਮਿਲਦੇ ਜੁਲਦੇ ਹਮਲੇ ’ਚ 63 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।

Leave a Comment

Your email address will not be published. Required fields are marked *