IMG-LOGO
Home News blog-list-01.html
ਦੇਸ਼

ਮੋਦੀ ਵੱਲੋਂ ਮੰਤਰੀਆਂ ਨੂੰ ਮੱਧ ਵਰਗ ਤੱਕ ਪਹੁੰਚ ਕਰਨ ਦੀ ਹਦਾਇਤ

by Admin - 2023-01-29 22:26:05 0 Views 0 Comment
IMG
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਆਂ ਨੂੰ ਮੱਧ ਵਰਗ ਤੱਕ ਪਹੁੰਚ ਕਰਨ ਅਤੇ ਇਸ ਵਰਗ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦੀਆਂ ਗਈਆਂ ਯੋਜਨਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਲਈ ਵੀ ਕਿਹਾ ਹੈ। ਪ੍ਰਧਾਨ ਮੰਤਰੀ ਪਹਿਲੀ ਫਰਵਰੀ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਮੰਤਰੀਆਂ ਦੀ ਕੇਂਦਰੀ ਪਰਿਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਨਾਲ ਗਰੀਬ ਤੇ ਹਾਸ਼ੀਏ ’ਤੇ ਰਹਿੰਦੇ ਵਰਗ ਨੂੰ ਫਾਇਦਾ ਹੋਇਆ ਹੈ। ਇਸ ਤੋਂ ਇਲਾਵਾ ਮੱਧ ਵਰਗ ਲਈ ਵੀ ਕਈ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਆਸਾਨ ਹੋ ਗਈ ਹੈ। ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਕੇਂਦਰੀ ਮੰਤਰੀ ਮੱਧ ਵਰਗ ਤੱਕ ਪਹੁੰਚ ਕਰਨ ਵੇਲੇ ਉਨ੍ਹਾਂ ਸਾਰੇ ਉਪਰਾਲਿਆਂ ਸਬੰਧੀ ਇਸ ਵਰਗ ਨੂੰ ਜਾਣੂ ਕਰਵਾਉਣ ਜਿਨ੍ਹਾਂ ਨਾਲ ਮੱਧ ਵਰਗ ਨੂੰ ਵੱਖ-ਵੱਖ ਤਰੀਕਿਆਂ ਨਾਲ ਕਾਫੀ ਮਦਦ ਮਿਲੀ ਹੈ। ਮੀਟਿੰਗ ਦੌਰਾਨ ਵਿਚਾਰੇ ਗਏ ਵੱਖ-ਵੱਖ ਮੁੱਦਿਆਂ ਨਾਲ ਸਬੰਧਤ ਦਸਤਾਵੇਜ਼ ਵੀ ਮੰਤਰੀਆਂ ਨੂੰ ਦਿੱਤੇ ਗਏ ਤਾਂ ਜੋ ਉਹ ਇਸ ਸਬੰਧੀ ਜਾਣਕਾਰੀ ਅੱਗੇ ਲੋਕਾਂ ਤੱਕ ਪਹੁੰਚਾ ਸਕਣ। ਸੂਤਰਾਂ ਅਨੁਸਾਰ ਇਸ ਵੇਲੇ ਜਦੋਂ ਭਾਰਤ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਰਤਾਨਵੀ ਰਾਜ ਨੂੰ ਯਾਦ ਕਰਨ ਲਈ ਚੱਲ ਰਹੀਆਂ ਚੀਜ਼ਾਂ ਤੇ ਕਾਨੂੰਨ ਖਤਮ ਕੀਤੇ ਜਾਣ। ਇਸ ਦੌਰਾਨ ਮੋਦੀ ਸਰਕਾਰ ਵੱਲੋਂ ਪਿਛਲੇ ਅੱਠ ਸਾਲਾਂ ਵਿੱਚ ਸਮਾਜਿਕ ਤੇ ਆਰਥਿਕ ਖੇਤਰਾਂ ਨਾਲ ਸਬੰਧਤ ਕੀਤੇ ਗਏ ਸਾਰੇ ਕੰਮਾਂ ਬਾਰੇ ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਪੇਸ਼ਕਾਰੀ ਸਣੇ ਤਿੰਨ ਪੇਸ਼ਕਾਰੀਆਂ ਦਿੱਤੀਆਂ ਗਈਆਂ। ਗਾਬਾ ਦੀ ਇਹ ਪੇਸ਼ਕਾਰੀ ਕਾਫੀ ਵਿਸਥਾਰ ਵਿੱਚ ਸੀ, ਜਿਸ ਵਿੱਚ ਸਿੱਖਿਆ ਤੇ ਸਿਹਤ ਖੇਤਰਾਂ ’ਤੇ ਜ਼ੋਰ ਦਿੱਤਾ ਗਿਆ। ਉਪਰੰਤ ਸਨਅਤ ਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਦੇ ਸਕੱਤਰ ਅਨੁਰਾਗ ਜੈਨ ਨੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰਾਜੈਕਟਾਂ ਬਾਰੇ ਇਕ ਪੇਸ਼ਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸ੍ਰੀ ਜੈਨ ਨੇ ਪੂਰੇ ਹੋ ਚੁੱਕੇ ਪ੍ਰਾਜੈਕਟਾਂ ਤੇ ਬਾਕੀ ਰਹਿੰਦੇ ਪ੍ਰਾਜੈਕਟਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵਾ ਚੰਦਰਾ ਨੇ ਮੀਟਿੰਗ ਵਿੱਚ ਦੱਸਿਆ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਮੋਦੀ ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੇ ਸੁਨੇਹੇ ਨੂੰ ਫੈਲਾਉਣ ਲਈ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *