IMG-LOGO
Home News index.html
ਪੰਜਾਬ

ਕਾਂਗਰਸ ਵੱਲੋਂ ਮੁਹੱਲਾ ਕਲੀਨਿਕ ਦੇ ਉਦਘਾਟਨ ਦਾ ਵਿਰੋਧ

by Admin - 2023-01-27 21:58:48 0 Views 0 Comment
IMG
ਸਪੀਕਰ ਕੁਲਤਾਰ ਸੰਧਵਾਂ ਵੱਲੋਂ ਉਦਘਾਟਨ; ਹਰ ਸਹੂਲਤ ਦੇਣ ਦਾ ਦਾਅਵਾ ਕੋਟਕਪੂਰਾ - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅੱਜ ਇੱਥੇ ਕਾਂਗਰਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਅੱਜ ਪੰਜਾਬ ਸਰਕਾਰ ਵੱਲੋਂ ਸਬ-ਡਿਵੀਜ਼ਨ ਕੋਟਕਪੂਰਾ ਦੇ ਵਾਲਮੀਕ ਚੌਕ ਵਿੱਚ ਖੋਲ੍ਹੇ ਗਏ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸਨ। ਕਾਂਗਰਸੀਆਂ ਨੇ ਬਲਾਕ ਪ੍ਰਧਾਨ ਜੈ ਪ੍ਰਕਾਸ਼ ਸ਼ਰਮਾ ਦੀ ਅਗਵਾਈ ਹੇਠ ਸਿਹਤ ਸਹੂਲਤਾਂ ਦੇਣ ਵਾਲੀਆਂ ਪੁਰਾਣੀਆਂ ਇਮਾਰਤਾਂ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਕੀਤੇ ਜਾਣ ਦੇ ਵਿਰੋਧ ’ਚ ਸੰਕੇਤਕ ਧਰਨਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਪੀਕਰ ਕੁਲਤਾਰ ਸੰਧਵਾਂ ਦੁਪਹਿਰ ਵੇਲੇ ਇੱਥੇ ਪੁੱਜੇ, ਹਾਲਾਂਕਿ ਕੁਝ ਕਾਂਗਰਸੀ ਪਹਿਲਾਂ ਹੀ ਉਦਘਾਟਨ ਵਾਲੀ ਜਗ੍ਹਾ ’ਤੇ ਮੌਜੂਦ ਸਨ। ਉਹ ਸ਼ਾਂਤਮਈ ਧਰਨਾ ਦੇ ਰਹੇ ਸਨ ਕਿ ਸਬ-ਡਿਵੀਜ਼ਨਲ ਮੈਜਿਸਟਰੇਟ ਵੀਰਪਾਲ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਧਰਨਾ ਜਾਰੀ ਰੱਖਿਆ। ਇਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਧਰਨੇ ਨੂੰ ਲੁਕਾਉਣ ਲਈ ਪੰਜਾਬ ਪੁਲੀਸ ਦੀ ਬੱਸ ਸਾਹਮਣੇ ਲਾ ਦਿੱਤੀ ਤਾਂ ਜੋ ਸਪੀਕਰ ਸੰਧਵਾਂ ਨੂੰ ਧਰਨਾਕਾਰੀ ਵਿਖਾਈ ਨਾ ਦੇਣ। ਜੈ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਇਹ ਇਮਾਰਤ 1983 ਵਿੱਚ ਬਣੀ ਸੀ ਜਿਸ ਦੀ ਹਾਲਤ 2016 ਵਿੱਚ ਖਰਾਬ ਹੋਣ ਕਰਕੇ ਅਕਾਲੀ ਸਰਕਾਰ ਨੇ ਇਸ ਨੂੰ ਮੁੜ ਉਸਾਰਿਆ ਸੀ। ਲੰਮੇਂ ਸਮੇਂ ਤੋਂ ਇਹ ਇਮਾਰਤ ਸਿਹਤ ਸਹੂਲਤਾਂ ਦੇ ਰਹੀ ਸੀ ਕਿ ਅਚਾਨਕ ਭਗਵੰਤ ਮਾਨ ਸਰਕਾਰ ਨੇ ਇਸ ’ਤੇ ਰੰਗ ਰੋਗਨ ਕਰਵਾ ਕੇ ਆਪਣੀਆਂ ਤਸਵੀਰਾਂ ਲਾ ਕੇ ਚਮਕਾਉਣ ਤੋਂ ਬਾਅਦ ਇਸ ਨੂੰ ਮੁਹੱਲਾ ਕਲੀਨਿਕ ਦਾ ਨਾਂ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਹੋਰ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਇਹ ਕਲੀਨਿਕ ਖੋਲ੍ਹੇ ਜਾ ਸਕਦੇ ਸਨ। ਸਪੀਕਰ ਸੰਧਵਾਂ ਨੇ ਆਖਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ 80 ਦਵਾਈਆਂ ਮੁਹੱਈਆ ਹੋਣਗੀਆਂ। ਹਲਕਾ ਵਿਧਾਇਕ ਵੱਲੋਂ ਸਰਪੰਚ ਦੇ ਪੁੱਤਰ ਨੂੰ ਧਮਕੀ ਸ਼ਹਿਣਾ : ਇੱਥੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਆਏ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਸ਼ਹਿਣਾ ਦੇ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਥੱਪੜ ਮਾਰ ਕੇ ਅੰਦਰ ਸੁੱਟਣ ਦੀ ਧਮਕੀ ਦਿੱਤੀ। ਇਹ ਘਟਨਾ ਮੁਹੱਲਾ ਕਲੀਨਿਕ ਦੇ ਵਿਰੋਧ ’ਚ ਬੈਠੇ ਲੋਕਾਂ ਦੀ ਹਾਜ਼ਰੀ ਵਿੱਚ ਵਾਪਰੀ। ਇਸ ਦੌਰਾਨ ਧਰਨੇ ’ਤੇ ਬੈਠੇ ਸੈਂਕੜੇ ਲੋਕ ਭੜਕ ਗਏ। ਸਰਪੰਚ ਦੇ ਪੁੱਤਰ ਨੇ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਹੋਰ ਥਾਂ ਬਣਾਉਣ ਲਈ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਵਿਧਾਇਕ ਹਸਪਤਾਲ ਅੰਦਰ ਉਦਘਾਟਨ ਕਰਨ ਚਲੇ ਗਏ। ਦੱਸਣਾ ਬਣਦਾ ਹੈ ਕਿ ਇਹ ਘਟਨਾ ਵੱਡੀ ਗਿਣਤੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਵਾਪਰੀ ਤੇ ਪਿੰਡਾਂ ਵਿਚ ਇਸ ਗੱਲ ਦੀ ਅੱਜ ਚਰਚਾ ਹੁੰਦੀ ਰਹੀ। ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਆਪ ਸਰਕਾਰ ਵਲੋਂ ਮੁਹੱਲਾ ਕਲੀਨਿਕ ਹੋਰ ਥਾਵਾਂ ’ਤੇ ਖੋਲ੍ਹਣੇ ਚਾਹੀਦੇ ਹਨ।

Leave a Comment

Your email address will not be published. Required fields are marked *