IMG-LOGO
Home News ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਨਹੀਂ: ਭਾਜਪਾ
ਪੰਜਾਬ

ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਪਾਣੀ ਨਹੀਂ: ਭਾਜਪਾ

by Admin - 2023-01-23 21:19:22 0 Views 0 Comment
IMG
ਸੂਬਾ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਮਤਾ ਕੀਤਾ ਪਾਸ ਅੰਮ੍ਰਿਤਸਰ-ਪੰਜਾਬ ਭਾਜਪਾ ਦੀ ਕਾਰਜਕਾਰਨੀ ਨੇ ਅੱਜ ਇਕ ਮਤਾ ਪਾਸ ਕਰਕੇ ਆਖਿਆ ਕਿ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਵਾਸਤੇ ਵਾਧੂ ਦਰਿਆਈ ਪਾਣੀ ਨਹੀਂ ਹੈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਨੂੰ ਨਸ਼ਾ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਦੋ ਦਿਨਾ ਮੀਟਿੰਗ ਅੱਜ ਇੱਥੇ ਸਮਾਪਤ ਹੋ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੂਬੇ ਦੇ ਦਰਿਆਈ ਪਾਣੀਆਂ ਨੂੰ ਦੂਜੇ ਰਾਜਾਂ ਨਾਲ ਵੰਡਿਆ ਨਹੀਂ ਜਾ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਭਾਜਪਾ ਨੇ ਅਧਿਕਾਰਤ ਤੌਰ ’ਤੇ ਦਰਿਆਈ ਪਾਣੀਆਂ ਬਾਰੇ ਸਪੱਸ਼ਟ ਸਟੈਂਡ ਲਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਵਿਆਪਕ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਯਾਤਰਾ ਵੀ ਕੱਢੀ ਜਾਵੇਗੀ। ਸੂਬਾ ਇਕਾਈ ’ਚ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਨਾਲ ਕੁਝ ਭਾਜਪਾ ਆਗੂਆਂ ਵੱਲੋਂ ਅਣਗੌਲਿਆ ਮਹਿਸੂਸ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਹੁਣ 23 ਤੋਂ 117 ਵਿਧਾਨ ਸਭਾ ਹਲਕਿਆਂ ਵੱਲ ਵਧ ਰਹੀ ਹੈ। ਹਰ ਹਲਕੇ ਵਿੱਚ ਪਾਰਟੀ ਨੇ ਆਪਣੀ ਹੋਂਦ ਬਣਾਉਣੀ ਹੈ। ਇਸ ਲਈ ਭਾਜਪਾ ਨੂੰ ਹੋਰ ਵੀ ਹਮਖ਼ਿਆਲੀ ਆਗੂਆਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। ਇਹ ਭ੍ਰਿਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਪੰਜਾਬ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ‘ਆਪ’ ਸਰਕਾਰ ਤੋਂ ਕੁਝ ਹੀ ਮਹੀਨਿਆਂ ਵਿੱਚ ਤੰਗ ਆ ਚੁੱਕੇ ਹਨ ਅਤੇ ਉਹ ਜਾਣ ਚੁੱਕੇ ਹਨ ਕਿ ਸੂਬੇ ਦਾ ਸਰਬਪੱਖੀ ਵਿਕਾਸ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਭਾਜਪਾ ਵੱਲੋਂ ਪਾਰਟੀ ਵਿਚ ਸ਼ਾਮਲ ਹੋ ਰਹੇ ਕਾਂਗਰਸੀ ਅਤੇ ਹੋਰ ਆਗੂਆਂ ਨੂੰ ਦਿਹਾਤੀ ਖੇਤਰ ਵਿੱਚ ਆਧਾਰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ। ਭਾਜਪਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਸੂਬੇ ਦੇ 13 ਸੰਸਦੀ ਹਲਕਿਆਂ ਤੋਂ ਆਪਣੇ ਉਮੀਦਵਾਰ ਉਤਾਰੇਗੀ ਅਤੇ ਉਹ ਪੂਰੇ ਦਮਖ਼ਮ ਨਾਲ ਚੋਣ ਲੜੇਗੀ। ਇਸ ਸਬੰਧ ਵਿਚ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਆਗੂ ਵੀ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਕਰਨਗੇ। ਮੀਟਿੰਗ ਦੀ ਸ਼ੁਰੂਆਤ ਵਿੱਚ ਪੰਜਾਬ ਦੀਆਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਮੀਟਿੰਗ ਦੇ ਤੀਸਰੇ ਸੈਸ਼ਨ ਵਿੱਚ ਪੁੱਜਣ ’ਤੇ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਵਿਜੈ ਰੂਪਾਨੀ ਨੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਸਥਾਨਕ ਅਤੇ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਨਿੱਤਰਨ ਲਈ ਪ੍ਰੇਰਿਆ।

Leave a Comment

Your email address will not be published. Required fields are marked *